Proverbs 12 in Panjabi

1 ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ, ਪਰ ਜੋ ਤਾੜਨਾ ਨੂੰ ਬੁਰਾ ਜਾਣਦਾ ਹੈ ਉਹ ਪਸ਼ੂ ਵਰਗਾ ਹੈ ।

2 ਭਲੇ ਮਨੁੱਖ ਤੋਂ ਯਹੋਵਾਹ ਪਰਸੰਨ ਹੁੰਦਾ ਹੈ, ਪਰ ਬੁਰੀਆਂ ਜੁਗਤਾਂ ਬਣਾਉਣ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ ।

3 ਦੁਸ਼ਟਤਾ ਨਾਲ ਕੋਈ ਮਨੁੱਖ ਸਥਿਰ ਨਹੀਂ ਹੁੰਦਾ, ਪਰ ਧਰਮੀਆਂ ਦੀ ਜੜ੍ਹ ਕਦੀ ਪੁੱਟੀ ਨਾ ਜਾਵੇਗੀ ।

4 ਨੇਕ ਇਸਤਰੀ ਆਪਣੇ ਪਤੀ ਦਾ ਮੁਕਟ ਹੈ, ਪਰ ਖੱਜਲ ਕਰਨ ਵਾਲੀ ਉਹ ਦੀ ਹੱਡੀਆਂ ਦਾ ਸਾੜਾ ਹੈ ।

5 ਧਰਮੀਆਂ ਦੀਆਂ ਯੋਜਨਾਵਾਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ, ਪਰ ਦੁਸ਼ਟਾਂ ਦੀਆਂ ਜੁਗਤਾਂ ਛਲ ਦੀਆਂ ਹੁੰਦੀਆਂ ਹਨ ।

6 ਦੁਸ਼ਟਾਂ ਦੀਆਂ ਗੱਲਾਂ ਖ਼ੂਨ ਕਰਨ ਲਈ ਘਾਤ ਲਾਉਣ ਦੇ ਵਿਖੇ ਹੁੰਦੀਆਂ ਹਨ, ਪਰ ਸਚਿਆਰਾਂ ਦੇ ਬੋਲ ਉਹਨਾਂ ਨੂੰ ਛੁਡਾ ਲੈਂਦੇ ਹਨ ।

7 ਦੁਸ਼ਟ ਪਟਕੇ ਜਾਂਦੇ ਹਨ ਅਤੇ ਉਹ ਰਹਿੰਦੇ ਹੀ ਨਹੀਂ, ਪਰ ਧਰਮੀਆਂ ਦਾ ਘਰ ਸਥਿਰ ਰਹੇਗਾ ।

8 ਮਨੁੱਖ ਦੀ ਪ੍ਰਸੰਸਾ ਉਸ ਦੀ ਬੁੱਧ ਦੇ ਅਨੁਸਾਰ ਹੁੰਦੀ ਹੈ, ਪਰ ਪੁੱਠੀ ਸੋਚ ਵਾਲਾ ਮਨੁੱਖ ਤੁੱਛ ਸਮਝਿਆ ਜਾਂਦਾ ਹੈ ।

9 ਜੋ ਰੋਟੀਓਂ ਵੀ ਤੰਗ ਹੈ ਅਤੇ ਵਡਿਆਈ ਮਾਰਦਾ ਹੈ, ਉਸ ਨਾਲੋਂ ਉਹ ਛੋਟਾ ਮਨੁੱਖ ਚੰਗਾ ਹੈ, ਜਿਸ ਦੇ ਕੋਲ ਦਾਸ ਹੈ ।

10 ਧਰਮੀ ਆਪਣੇ ਪਸ਼ੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ, ਪਰ ਦੁਸ਼ਟ ਦੀ ਦਯਾ ਵੀ ਨਿਰਦਈ ਹੀ ਹੁੰਦੀ ਹੈ ।

11 ਜਿਹੜਾ ਆਪਣੇ ਖੇਤ ਨੂੰ ਦੱਬ ਕੇ ਵਾਹੁੰਦਾ ਹੈ, ਉਹ ਰੱਜ ਕੇ ਖਾਵੇਗਾ, ਪਰ ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ ।

12 ਦੁਸ਼ਟ ਬੁਰਿਆਰਾਂ ਦੇ ਮਾਲ ਲਈ ਲੋਚਦਾ ਹੈ, ਪਰ ਧਰਮੀਆਂ ਦੀ ਜੜ੍ਹ ਫਲਦੀ ਹੈ ।

13 ਬੁਰਿਆਰ ਆਪਣੀਆਂ ਗੱਲਾਂ ਦੇ ਅਪਰਾਧ ਨਾਲ ਫਸ ਜਾਂਦਾ ਹੈ, ਪਰ ਧਰਮੀ ਦੁੱਖ ਤੋਂ ਬਚ ਨਿੱਕਲਦਾ ਹੈ ।

14 ਆਦਮੀ ਆਪਣੇ ਬਚਨਾਂ ਦੇ ਫਲ ਦੇ ਕਾਰਨ ਭਲਿਆਈ ਨਾਲ ਤ੍ਰਿਪਤ ਹੁੰਦਾ ਹੈ ਅਤੇ ਜੇਹੀ ਕਿਸੇ ਦੀ ਕਰਨੀ ਤੇਹੀ ਉਸੇ ਦੀ ਭਰਨੀ ਹੁੰਦੀ ਹੈ ।

15 ਮੂਰਖ ਦੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਚੰਗੀ ਹੁੰਦੀ ਹੈ, ਪਰ ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ ।

16 ਮੂਰਖ ਦਾ ਗੁੱਸਾ ਝੱਟ ਪ੍ਰਗਟ ਹੋ ਜਾਂਦਾ ਹੈ, ਪਰ ਸਿਆਣਾ ਨਿਰਾਦਰ ਨੂੰ ਅਣਦੇਖਿਆ ਕਰ ਦਿੰਦਾ ਹੈ ।

17 ਜਿਹੜਾ ਸੱਚ ਬੋਲਦਾ ਹੈ ਉਹ ਧਰਮ ਨੂੰ ਪ੍ਰਗਟ ਕਰਦਾ ਹੈ, ਪਰ ਝੂਠਾ ਗਵਾਹ ਛਲ ਨੂੰ ਪ੍ਰਗਟ ਕਰਦਾ ਹੈ ।

18 ਬਿਨ੍ਹਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗੂੰ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੇ ਬਚਨ ਚੰਗਾ ਕਰ ਦਿੰਦੇ ਹਨ ।

19 ਸਚਿਆਈ ਸਦਾ ਬਣੀ ਰਹੇਗੀ, ਪਰ ਝੂਠ ਪਲ ਭਰ ਦਾ ਹੁੰਦਾ ਹੈ ।

20 ਬੁਰੀਆਂ ਜੁਗਤਾਂ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੁੰਦਾ ਹੈ, ਪਰ ਸ਼ਾਂਤੀ ਦੇ ਸਲਾਹਕਾਰਾਂ ਲਈ ਅਨੰਦ ਹੁੰਦਾ ਹੈ ।

21 ਧਰਮੀ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਪਰ ਦੁਸ਼ਟ ਬਿਪਤਾ ਨਾਲ ਭਰੇ ਰਹਿੰਦੇ ਹਨ ।

22 ਝੂਠੇ ਬੁੱਲ੍ਹ ਯਹੋਵਾਹ ਲਈ ਘਿਣਾਉਣੇ ਹਨ, ਪਰ ਜੋ ਵਫ਼ਾਦਾਰ ਹਨ, ਉਹ ਉਹਨਾਂ ਨੂੰ ਪਸੰਦ ਕਰਦਾ ਹੈ ।

23 ਸਿਆਣਾ ਮਨੁੱਖ ਗਿਆਨ ਨੂੰ ਲੁਕਾਈ ਰੱਖਦਾ ਹੈ, ਪਰ ਮੂਰਖ ਦਾ ਦਿਲ ਮੂਰਖਤਾਈ ਦਾ ਪ੍ਰਚਾਰ ਕਰਦਾ ਹੈ ।

24 ਉੱਦਮੀ ਲੋਕ ਉੱਚੇ ਕੀਤੇ ਜਾਣਗੇ, ਪਰ ਆਲਸੀ ਬੇਗਾਰੀ ਕਰਨ ਵਾਲਾ ਬਣੇਗਾ ।

25 ਮਨੁੱਖ ਦੇ ਦਿਲ ਦੀ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ ।

26 ਧਰਮੀ ਆਪਣੇ ਗੁਆਂਢੀ ਨੂੰ ਸਹੀ ਰਾਹ ਦੱਸਦਾ ਹੈ, ਪਰ ਦੁਸ਼ਟ ਦੀ ਚਾਲ ਉਹ ਨੂੰ ਭਟਕਾ ਦਿੰਦੀ ਹੈ ।

27 ਆਲਸੀ ਮਨੁੱਖ ਸ਼ਿਕਾਰ ਕਰਕੇ ਉਹ ਨੂੰ ਭੁੰਨਦਾ ਵੀ ਨਹੀਂ, ਪਰ ਉੱਦਮੀ ਮਨੁੱਖ ਨੂੰ ਅਨਮੋਲ ਪਦਾਰਥ ਮਿਲਦੇ ਹਨ ।

28 ਧਰਮ ਦੇ ਰਾਹ ਵਿੱਚ ਜੀਵਨ ਮਿਲਦਾ ਹੈ, ਅਤੇ ਉਹ ਦੇ ਮਾਰਗਾਂ ਵਿੱਚ ਮੌਤ ਦਾ ਪਤਾ ਵੀ ਨਹੀਂ ।