Proverbs 11 in Panjabi

1 ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ ।

2 ਹੰਕਾਰ ਦੇ ਨਾਲ ਨਿਰਾਦਰ ਆਉਂਦਾ ਹੈ, ਪਰ ਨਿਮਰਤਾ ਦੇ ਨਾਲ ਬੁੱਧ ਆਉਂਦੀ ਹੈ ।

3 ਸਿੱਧਿਆਂ ਦੀ ਖ਼ਰਾਈ ਉਹਨਾਂ ਦੀ ਅਗਵਾਈ ਕਰੇਗੀ, ਪਰ ਕਪਟੀਆਂ ਦੀ ਟੇਢੀ ਚਾਲ ਉਨ੍ਹਾਂ ਦਾ ਨਾਸ਼ ਕਰੇਗੀ ।

4 ਕਹਿਰ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ ।

5 ਖਰੇ ਮਨੁੱਖ ਦਾ ਰਾਹ ਧਾਰਮਿਕਤਾ ਦੇ ਕਾਰਨ ਸਿੱਧਾ ਰਹਿੰਦਾ ਹੈ, ਪਰ ਦੁਸ਼ਟ ਮਨੁੱਖ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪੈਂਦਾ ਹੈ ।

6 ਸਿੱਧਿਆਂ ਦੀ ਸਿਧਿਆਈ ਉਹਨਾਂ ਨੂੰ ਛੁਡਾਉਂਦੀ ਹੈ, ਪਰ ਛਲੀਏ ਆਪਣੀ ਹੀ ਲੋਚ ਵਿੱਚ ਫਸ ਜਾਂਦੇ ਹਨ ।

7 ਜਦ ਦੁਸ਼ਟ ਮਰਦਾ ਹੈ, ਤਦ ਉਹ ਦੀ ਆਸ ਵੀ ਮਿਟ ਜਾਂਦੀ ਹੈ, ਅਤੇ ਬੁਰਿਆਰਾਂ ਦੀ ਆਸ ਦਾ ਨਾਸ਼ ਹੋ ਜਾਂਦਾ ਹੈ ।

8 ਧਰਮੀ ਬਿਪਤਾ ਤੋਂ ਛੁਡਾਇਆ ਜਾਂਦਾ ਹੈ, ਪਰ ਦੁਸ਼ਟ ਉਸੇ ਵਿੱਚ ਫਸ ਜਾਂਦਾ ਹੈ ।

9 ਕੁਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ਼ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ ।

10 ਜਦ ਧਰਮੀਆਂ ਨੂੰ ਸੁੱਖ ਹੁੰਦਾ ਹੈ, ਤਦ ਨਗਰ ਦੇ ਲੋਕ ਪ੍ਰਸੰਨ ਹੁੰਦੇ ਹਨ, ਪਰ ਜਦ ਦੁਸ਼ਟਾਂ ਦਾ ਨਾਸ਼ ਹੁੰਦਾ, ਤਾਂ ਜੈਕਾਰੇ ਹੁੰਦੇ ਹਨ !

11 ਸਚਿਆਰਾਂ ਦੀਆਂ ਅਸੀਸਾਂ ਨਾਲ ਨਗਰ ਦਾ ਵਾਧਾ ਹੁੰਦਾ ਹੈ, ਪਰ ਦੁਸ਼ਟਾਂ ਦੇ ਬੋਲਾਂ ਨਾਲ ਉਹ ਢਹਿ ਜਾਂਦਾ ਹੈ ।

12 ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ, ਪਰ ਸਮਝਦਾਰ ਪੁਰਸ਼ ਚੁੱਪ ਰਹਿੰਦਾ ਹੈ ।

13 ਲੁਤਰਾ ਮਨੁੱਖ ਦੂਜਿਆਂ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰਦਾ ਹੈ, ਪਰ ਭਰੋਸੇਮੰਦ ਮਨੁੱਖ ਗੱਲ ਨੂੰ ਲੁਕੋ ਰੱਖਦਾ ਹੈ ।

14 ਜਿੱਥੇ ਅਗਵਾਈ ਨਹੀਂ ਹੁੰਦੀ ਉੱਥੇ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਸਲਾਹਕਾਰਾਂ ਨਾਲ ਬਚਾਓ ਹੁੰਦਾ ਹੈ ।

15 ਜਿਹੜਾ ਪਰਾਏ ਮਨੁੱਖ ਦਾ ਜ਼ਮਾਨਤੀ ਬਣੇ, ਉਹ ਵੱਡਾ ਦੁੱਖੀ ਹੁੰਦਾ ਹੈ, ਪਰ ਜਿਹੜਾ ਜ਼ਮਾਨਤ ਲੈਣ ਤੋਂ ਘਿਰਣਾ ਕਰਦਾ ਹੈ, ਉਹ ਸੁਖੀ ਰਹਿੰਦਾ ਹੈ ।

16 ਦਯਾਵਾਨ ਇਸਤਰੀ ਦਾ ਆਦਰ ਹੁੰਦਾ ਹੈ, ਪਰ ਨਿਰਦਈ ਪੁਰਸ਼ ਧਨ ਦੇ ਪਿੱਛੇ ਲੱਗਿਆ ਰਹਿੰਦਾ ਹੈ ।

17 ਦਿਆਲੂ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁੱਖ ਦਿੰਦਾ ਹੈ ।

18 ਦੁਸ਼ਟ ਝੂਠ ਦੀ ਮਜ਼ਦੂਰੀ ਲੈਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ, ਉਹ ਨੂੰ ਸੱਚ ਦਾ ਫਲ ਮਿਲਦਾ ਹੈ ।

19 ਸਚਿਆਰ ਮਨੁੱਖ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ, ਉਹ ਆਪਣੀ ਮੌਤ ਦਾ ਪਿੱਛਾ ਕਰਦਾ ਹੈ ।

20 ਜਿਹੜੇ ਮਨ ਦੇ ਟੇਢੇ ਹਨ ਉਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ ।

21 ਇਹ ਗੱਲ ਪੱਕੀ ਹੈ ਕਿ ਦੁਸ਼ਟ ਦੰਡ ਬਿਨ੍ਹਾਂ ਨਾ ਛੁੱਟੇਗਾ, ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ ।

22 ਜਿਵੇਂ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ, ਤਿਵੇਂ ਹੀ ਰੂਪਵੰਤ ਇਸਤਰੀ ਹੈ ਜੋ ਵਿਵੇਕਹੀਨ ਹੈ ।

23 ਧਰਮੀ ਦੀ ਲਾਲਸਾ ਹਮੇਸ਼ਾ ਭਲਿਆਈ ਦੀ ਹੁੰਦੀ ਹੈ, ਪਰ ਦੁਸ਼ਟਾਂ ਦੀ ਆਸ ਦਾ ਫਲ ਕਹਿਰ ਹੁੰਦਾ ਹੈ ।

24 ਕੋਈ ਤਾਂ ਵੰਡਦਾ ਹੈ ਫਿਰ ਵੀ ਉਹ ਦਾ ਮਾਲ ਵੱਧਦਾ ਹੈ, ਅਤੇ ਕੋਈ ਜੋਗ ਖ਼ਰਚ ਤੋਂ ਸਰਫ਼ਾ ਕਰਦਾ ਹੈ ਤੇ ਕੰਗਾਲ ਹੀ ਰਹਿੰਦਾ ਹੈ ।

25 ਦਾਨੀ ਮਨੁੱਖ ਫਲਵੰਤ ਹੋ ਜਾਂਦਾ ਹੈ, ਅਤੇ ਜੋ ਦੂਜਿਆਂ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ ।

26 ਜਿਹੜਾ ਅਨਾਜ ਨੂੰ ਦੱਬ ਕੇ ਰੱਖਦਾ ਹੈ, ਉਹ ਨੂੰ ਤਾਂ ਲੋਕ ਫਿਟਕਾਰਦੇ ਹਨ, ਪਰ ਜਿਹੜਾ ਉਸ ਨੂੰ ਵੇਚਦਾ ਹੈ, ਉਹ ਨੂੰ ਅਸੀਸਾਂ ਦਿੰਦੇ ਹਨ ।

27 ਜਿਹੜਾ ਜਤਨ ਨਾਲ ਭਲਿਆਈ ਨੂੰ ਭਾਲਦਾ, ਉਹ ਕਿਰਪਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਿਆਈ ਨੂੰ ਭਾਲਦਾ ਹੈ, ਉਹ ਉਸੇ ਦੇ ਉੱਤੇ ਆ ਪਵੇਗੀ ।

28 ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਗੂੰ ਲਹਿਲਹਾਉਣਗੇ ।

29 ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਹੈ ਉਹ ਹਵਾ ਨੂੰ ਵਿਰਸੇ ਵਿੱਚ ਲਵੇਗਾ, ਅਤੇ ਮੂਰਖ ਬੁੱਧਵਾਨ ਦਾ ਦਾਸ ਹੋਵੇਗਾ ।

30 ਧਰਮੀ ਦਾ ਫਲ ਜੀਵਨ ਦਾ ਰੁੱਖ ਹੈ, ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ ।

31 ਵੇਖੋ, ਧਰਮੀ ਵੀ ਇਸ ਧਰਤੀ ਉੱਤੇ ਆਪਣਾ ਫਲ ਭੋਗਦੇ ਹਨ, ਤਾਂ ਦੁਸ਼ਟ ਅਤੇ ਪਾਪੀ ਕਿੰਨਾ ਵਧੀਕ ਭੋਗਣਗੇ !