Proverbs 13 in Panjabi

1 ਬੁੱਧਵਾਨ ਪੁੱਤਰ ਤਾਂ ਆਪਣੇ ਪਿਤਾ ਦੀ ਸਿੱਖਿਆ ਸੁਣਦਾ ਹੈ, ਪਰ ਠੱਠਾ ਕਰਨ ਵਾਲਾ ਤਾੜਨਾ ਨੂੰ ਨਹੀਂ ਸੁਣਦਾ ।

2 ਮਨੁੱਖ ਆਪਣੇ ਮੂੰਹ ਦੇ ਫਲ ਤੋਂ ਭਲਿਆਈ ਨੂੰ ਪ੍ਰਾਪਤ ਕਰਦਾ ਹੈ, ਪਰੰਤੂ ਵਿਸ਼ਵਾਸਘਾਤੀ ਦਾ ਪੇਟ ਜ਼ੁਲਮ ਨਾਲ ਭਰਦਾ ਹੈ ।

3 ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਬੇਕਾਰ ਖੋਲਦਾ ਹੈ ਉਹ ਦੇ ਲਈ ਬਰਬਾਦੀ ਹੋਵੇਗੀ ।

4 ਆਲਸੀ ਦਾ ਜੀ ਲੋਚਦਾ ਤਾਂ ਹੈ, ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ, ਪਰ ਉੱਦਮੀ ਦੀ ਜਾਨ ਰਿਸ਼ਟ-ਪੁਸ਼ਟ ਹੋ ਜਾਵੇਗੀ ।

5 ਧਰਮੀ ਨੂੰ ਝੂਠ ਤੋਂ ਨਫ਼ਰਤ ਆਉਂਦੀ ਹੈ, ਪਰ ਦੁਸ਼ਟ ਸ਼ਰਮ ਦਾ ਕਾਰਨ ਹੁੰਦਾ ਹੈ ।

6 ਜਿਹੜਾ ਸਿੱਧੀ ਚਾਲ ਚੱਲਦਾ ਹੈ, ਧਰਮ ਉਹ ਦੀ ਰੱਖਿਆ ਕਰਦਾ ਹੈ, ਪਰ ਪਾਪੀ ਆਪਣੀ ਦੁਸ਼ਟਤਾ ਦੇ ਕਾਰਨ ਉਲਟ ਜਾਂਦਾ ਹੈ ।

7 ਕੋਈ ਤਾਂ ਧਨ ਨੂੰ ਇਕੱਠਾ ਕਰਦਾ ਫਿਰਦਾ ਪਰ ਉਸ ਦੇ ਕੋਲ ਕੁਝ ਵੀ ਨਹੀਂ, ਅਤੇ ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ ।

8 ਮਨੁੱਖ ਦੀ ਜਾਨ ਦਾ ਛੁਟਕਾਰਾ ਉਹ ਦਾ ਧਨ ਹੈ, ਪਰ ਗਰੀਬ ਅਜਿਹੀ ਧਮਕੀ ਨੂੰ ਸੁਣਦਾ ਹੀ ਨਹੀਂ ।

9 ਧਰਮੀ ਦੀ ਜੋਤ ਆਨੰਦ ਮਨਾਉਂਦੀ ਹੈ, ਪਰ ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ ।

10 ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਦੇ ਕੋਲ ਸਮਝ ਹੈ ।

11 ਵਿਅਰਥ ਦਾ ਧਨ ਘੱਟ ਜਾਵੇਗਾ, ਪਰ ਮਿਹਨਤ ਦਾ ਧਨ ਵਧ ਜਾਵੇਗਾ ।

12 ਜਦ ਆਸ ਪੂਰੀ ਹੋਣ ਵਿੱਚ ਦੇਰੀ ਹੁੰਦੀ ਹੈ ਤਾਂ ਦਿਲ ਨੂੰ ਤੋੜਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਰੁੱਖ ਹੈ ।

13 ਜਿਹੜਾ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ਼ ਕਰਦਾ ਹੈ, ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹ ਨੂੰ ਚੰਗਾ ਫਲ ਮਿਲਦਾ ਹੈ ।

14 ਬੁੱਧਵਾਨ ਦੀ ਸਿੱਖਿਆ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ ।

15 ਚੰਗੀ ਬੁੱਧ ਦੇ ਕਾਰਨ ਕਿਰਪਾ ਹੁੰਦੀ ਹੈ, ਪਰ ਵਿਸ਼ਵਾਸਘਾਤੀਆਂ ਦਾ ਰਾਹ ਮੁਸ਼ਕਿਲਾਂ ਨਾਲ ਭਰਿਆ ਰਹਿੰਦਾ ਹੈ ।

16 ਹਰ ਸਿਆਣਾ ਮਨੁੱਖ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ ਫਿਰਦਾ ਹੈ ।

17 ਦੁਸ਼ਟ ਸੰਦੇਸ਼ਵਾਹਕ ਬਿਪਤਾ ਵਿੱਚ ਡਿਗਦਾ ਹੈ, ਪਰ ਭਰੋਸੇਮੰਦ ਸੰਦੇਸ਼ਵਾਹਕ ਚੰਗਾ ਕਰਦਾ ਹੈ ।

18 ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ, ਪਰ ਜੋ ਤਾੜਨਾ ਵੱਲ ਮਨ ਲਗਾਉਂਦਾ ਹੈ, ਉਸ ਦਾ ਆਦਰ ਹੋਵੇਗਾ ।

19 ਜਦ ਇੱਛਿਆ ਪੂਰੀ ਹੁੰਦੀ ਹੈ ਤਾਂ ਜੀਅ ਨੂੰ ਮਿੱਠਾ ਲੱਗਦਾ ਹੈ, ਪਰ ਬੁਰਿਆਈ ਨੂੰ ਛੱਡਣਾ ਮੂਰਖ ਨੂੰ ਬੁਰਾ ਲੱਗਦਾ ਹੈ ।

20 ਬੁੱਧਵਾਨਾਂ ਦਾ ਸਾਥੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀਆਂ ਨੂੰ ਦੁੱਖ ਹੋਵੇਗਾ ।

21 ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ ।

22 ਭਲਾ ਮਨੁੱਖ ਆਪਣੇ ਪੋਤਰਿਆਂ ਲਈ ਵੀ ਮਿਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧੰਨ ਧਰਮੀ ਲਈ ਜੁੜਦਾ ਹੈ ।

23 ਗਰੀਬ ਦੀ ਪੈਲੀ ਵਿੱਚ ਢੇਰ ਸਾਰਾ ਅਹਾਰ ਪੈਦਾ ਹੁੰਦਾ ਹੈ, ਪਰ ਅਜਿਹਾ ਵੀ ਹੈ ਜੋ ਕੁਨਿਆ ਦੇ ਕਾਰਨ ਉੱਜੜ ਜਾਂਦਾ ਹੈ ।

24 ਜਿਹੜਾ ਪੁੱਤਰ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ ।

25 ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ ।