Psalm 48 in Panjabi

1 ਗੀਤ । ਭਜਨ । ਕੋਰਹ ਵੰਸੀਆਂ ਦਾ ਯਹੋਵਾਹ ਮਹਾਨ ਹੈ ਅਤੇ ਅੱਤ ਉਸਤਤ ਦੇ ਜੋਗ ਹੈ, ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹ ਦੇ ਪਹਾੜ ਉੱਤੇ !

2 ਉੱਚਿਆਈ ਕਰਕੇ ਸੁੰਦਰ, ਸਾਰੀ ਧਰਤੀ ਦੀ ਖੁਸ਼ੀ, ਸੀਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ ।

3 ਪਰਮੇਸ਼ੁਰ ਨੇ ਉਹ ਦੇ ਮਹਿਲਾਂ ਵਿੱਚ ਇੱਕ ਉੱਚਾ ਗੜ੍ਹ ਹੋ ਕੇ ਆਪਣੇ ਆਪ ਨੂੰ ਪਰਗਟ ਕੀਤਾ ।

4 ਤਾਂ ਵੇਖੋ, ਰਾਜੇ ਇਕੱਠੇ ਹੋ ਗਏ, ਓਹ ਮਿਲ ਕੇ ਲੰਘ ਗਏ ।

5 ਉਨ੍ਹਾਂ ਨੇ ਉਹ ਨੂੰ ਡਿੱਠਾ, ਫੇਰ ਦੰਗ ਰਹਿ ਗਏ, ਵਿਆਕੁਲ ਹੋ ਕੇ ਉਹ ਉੱਠ ਭੱਜੇ !

6 ਉੱਥੇ ਕੰਬਣੀ ਨੇ ਉਨ੍ਹਾਂ ਨੂੰ ਫੜ ਲਿਆ, ਅਤੇ ਜੱਚਾ ਵਾਲੀਆਂ ਪੀੜਾਂ ਉਨ੍ਹਾਂ ਨੂੰ ਲੱਗੀਆਂ ।

7 ਤੂੰ ਪੁਰੇ ਦੀ ਹਵਾ ਨਾਲ ਤਰਸ਼ੀਸ਼ ਦੇ ਜਹਾਜਾਂ ਨੂੰ ਭੰਨ ਸੁੱਟਦਾ ਹੈਂ ।

8 ਜਿਵੇਂ ਅਸੀਂ ਸੁਣਿਆ ਹੈ ਤਿਵੇਂ ਸੈਨਾਂ ਦੇ ਯਹੋਵਾਹ ਦੇ ਸ਼ਹਿਰ ਵਿੱਚ, ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਅਸੀਂ ਵੇਖਿਆ ਵੀ ਹੈ । ਪਰਮੇਸ਼ੁਰ ਉਹ ਨੂੰ ਸਦਾ ਤੱਕ ਕਾਇਮ ਰੱਖੇਗਾ । ਸਲਹ ।

9 ਹੇ ਪਰਮੇਸ਼ੁਰ, ਅਸੀਂ ਤੇਰੀ ਹੈਕਲ ਦੇ ਵਿੱਚ ਤੇਰੀ ਦਯਾ ਉੱਤੇ ਵਿਚਾਰ ਕੀਤਾ ਹੈ ।

10 ਹੇ ਪਰਮੇਸ਼ੁਰ, ਜਿਵੇਂ ਤੇਰਾ ਨਾਮ, ਤਿਵੇਂ ਤੇਰੀ ਉਸਤਤ ਧਰਤੀ ਦੇ ਬੰਨਿਆਂ ਤੱਕ ਹੈ, ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ ।

11 ਤੇਰੇ ਨਿਆਵਾਂ ਦੇ ਕਾਰਨ ਸੀਯੋਨ ਪਰਬਤ ਅਨੰਦ ਹੋਵੇ, ਯਹੂਦਾਹ ਦੀਆਂ ਧੀਆਂ ਖੁਸ਼ੀਆਂ ਮਨਾਉਣ !

12 ਸੀਯੋਨ ਦੇ ਚੁਫ਼ੇਰੇ ਫਿਰੋ ਅਤੇ ਉਹ ਦੀ ਪਰਦੱਖਣਾ ਕਰੋ, ਉਹ ਦੇ ਬੁਰਜਾਂ ਨੂੰ ਗਿਣੋ ।

13 ਉਹ ਦੇ ਸ਼ਹਿਰਪਨਾਹ ਨੂੰ ਦਿਲ ਲਾ ਕੇ ਵੇਖੋ, ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋ ਕਿ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕੋ ।

14 ਇਹੋ ਪਰਮੇਸ਼ੁਰ ਤਾਂ ਜੁੱਗੋ-ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੱਕ ਵੀ ਓਹੋ ਸਾਡਾ ਆਗੂ ਰਹੇਗਾ !