Psalm 47 in Panjabi

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸੀਆਂ ਦਾ ਇੱਕ ਭਜਨ ਹੇ ਸਭ ਲੋਕੋ, ਤਾਲੀਆਂ ਵਜਾਓ, ਜੈ-ਜੈ ਕਾਰ ਦੇ ਸ਼ਬਦ ਨਾਲ ਪਰਮੇਸ਼ੁਰ ਲਈ ਲਲਕਾਰੋ,

2 ਕਿਉਂ ਜੋ ਯਹੋਵਾਹ ਅੱਤ ਮਹਾਨ ਤੇ ਭਿਆਣਕ ਹੈ, ਉਹ ਸਾਰੇ ਜਗਤ ਦਾ ਮਹਾਰਾਜਾ ਹੈ !

3 ਉਹ ਲੋਕਾਂ ਨੂੰ ਸਾਡੇ ਹੇਠਾਂ ਦਬਾ ਦਿੰਦਾ, ਅਤੇ ਉੱਮਤਾਂ ਨੂੰ ਸਾਡੇ ਪੈਰਾਂ ਹੇਠ ਕਰ ਦਿੰਦਾ ਹੈ ।

4 ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚੁਣਦਾ ਹੈ, ਆਪਣੇ ਪਿਆਰੇ ਯਾਕੂਬ ਦੀ ਉੱਤਮਤਾਈ ਨੂੰ । ਸਲਹ ।

5 ਪਰਮੇਸ਼ੁਰ ਲਲਕਾਰ ਨਾਲ ਉੱਪਰ ਚੜ੍ਹ ਗਿਆ ਹੈ, ਯਹੋਵਾਹ ਨਰਸਿੰਗੇ ਦੀ ਅਵਾਜ਼ ਨਾਲ ।

6 ਪਰਮੇਸ਼ੁਰ ਦਾ ਭਜਨ ਗਾਓ, ਅਰਾਧਨਾ ਕਰੋ, ਸਾਡੇ ਪਾਤਸ਼ਾਹ ਦੇ ਗੁਣ ਗਾਓ, ਗੁਣ ਗਾਓ !

7 ਪਰਮੇਸ਼ੁਰ ਸਾਰੇ ਜਗਤ ਦਾ ਪਾਤਸ਼ਾਹ ਜੋ ਹੈ, ਸੁਰ ਤਾਲ ਨਾਲ ਅਰਾਧਨਾ ਕਰੋ !

8 ਪਰਮੇਸ਼ੁਰ ਪਰਾਈਆਂ ਕੌਮਾਂ ਉੱਤੇ ਰਾਜ ਕਰਦਾ ਹੈ, ਪਰਮੇਸ਼ੁਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬੈਠਾ ਹੈ ।

9 ਕੌਮਾਂ ਦੇ ਪਤਵੰਤ ਇਕੱਠੇ ਹੋਏ ਹਨ, ਕਿ ਉਹ ਅਬਰਾਹਾਮ ਦੇ ਪਰਮੇਸ਼ੁਰ ਦੀ ਪਰਜਾ ਹੋਣ । ਧਰਤੀ ਦੀਆਂ ਢਾਲਾਂ ਪਰਮੇਸ਼ੁਰ ਦੀਆਂ ਹਨ, ਉਹ ਅੱਤ ਮਹਾਨ ਹੈ !