Psalm 77 in Panjabi

1 ਪ੍ਰਧਾਨ ਵਜਾਉਣ ਵਾਲੇ ਦੇ ਲਈ: ਯਦੂਤੂਨ ਦੀ ਰਾਗ ਵਿੱਚ ਆਸਾਫ਼ ਦਾ ਭਜਨ । ਮੈਂ ਪਰਮੇਸ਼ੁਰ ਅੱਗੇ ਆਪਣੀ ਅਵਾਜ਼ ਨਾਲ ਦੁਹਾਈ ਦਿਆਂਗਾ, ਹਾਂ, ਆਪਣੀ ਅਵਾਜ਼ ਨਾਲ ਪਰਮੇਸ਼ੁਰ ਅੱਗੇ, ਅਤੇ ਉਹ ਮੇਰੀ ਵੱਲ ਕੰਨ ਧਰੇਗਾ ।

2 ਮੈਂ ਆਪਣੀ ਬਿਪਤਾ ਦੇ ਦਿਨ ਪ੍ਰਭੂ ਨੂੰ ਢੂੰਡਿਆ, ਮੇਰਾ ਹੱਥ ਰਾਤ ਨੂੰ ਪਸਾਰਿਆ ਰਿਹਾ ਅਤੇ ਢਿੱਲਾ ਨਾ ਹੋਇਆ, ਮੇਰੇ ਜੀਅ ਨੇ ਸ਼ਾਂਤੀ ਲੈਣ ਤੋਂ ਨਾਂਹ ਕੀਤੀ ।

3 ਮੈਂ ਪਰਮੇਸ਼ੁਰ ਨੂੰ ਚੇਤੇ ਕਰਦਾ ਹਾਂ ਅਤੇ ਮੈਂ ਵਿਆਕੁਲ ਹੋ ਜਾਂਦਾ ਹਾਂ, ਮੈਂ ਧਿਆਨ ਦਿੰਦਾ ਹਾਂ ਅਤੇ ਮੇਰਾ ਆਤਮਾ ਹੁੱਸ ਜਾਂਦਾ ਹੈ । ਸਲਹ ।

4 ਤੂੰ ਮੇਰੀਆਂ ਅੱਖਾਂ ਦੀਆਂ ਪਲਕਾਂ ਨੂੰ ਖੁਲ੍ਹਿਆਂ ਰੱਖਿਆ ਹੈ, ਮੈਂ ਘਬਰਾ ਜਾਂਦਾ ਅਤੇ ਬੋਲ ਨਾ ਸਕਦਾ ।

5 ਮੈਂ ਪਿੱਛਲੇ ਦਿਨਾਂ ਉੱਤੇ ਅਤੇ ਆਪਣੇ ਵਰ੍ਹਿਆਂ ਦੇ ਸਮਿਆਂ ਉੱਤੇ ਸੋਚਿਆ ।

6 ਮੈਂ ਰਾਤ ਨੂੰ ਆਪਣੇ ਗੀਤ ਦਾ ਸਿਮਰਨ ਕਰਦਾ ਹਾਂ, ਆਪਣੇ ਮਨ ਵਿੱਚ ਧਿਆਨ ਕਰਦਾ ਹਾਂ, ਅਤੇ ਮੇਰਾ ਆਤਮਾ ਖੋਜ ਕਰਦਾ ਹੈ, —

7 ਕਿ ਪ੍ਰਭੂ ਸਦਾ ਹੀ ਤਿਆਗ ਦੇਵੇਗਾ, ਅਤੇ ਫੇਰ ਕਦੇ ਪਰਸੰਨ ਨਾ ਹੋਵੇਗਾ ?

8 ਕੀ ਉਸ ਦੀ ਦਯਾ ਸਦਾ ਲਈ ਰੁੱਕ ਗਈ ਹੈ ? ਕੀ ਉਸ ਦਾ ਬਚਨ ਪੀੜ੍ਹੀਓ ਪੀੜ੍ਹੀ ਹਟ ਗਿਆ ?

9 ਕੀ ਪਰਮੇਸ਼ੁਰ ਕਿਰਪਾ ਕਰਨੀ ਭੁੱਲ ਗਿਆ ? ਕੀ ਉਸ ਨੇ ਕ੍ਰੋਧ ਨਾਲ ਆਪਣੀਆਂ ਰਹਮਤਾਂ ਨੂੰ ਰੋਕ ਲਿਆ ਹੈ ? । ਸਲਹ ।

10 ਤਾਂ ਮੈਂ ਆਖਿਆ, ਏਹ ਮੇਰੀ ਕਮਜ਼ੋਰੀ ਹੈ, — ਅੱਤ ਮਹਾਨ ਦਾ ਸੱਜਾ ਹੱਥ ਬਦਲ ਗਿਆ ਹੈ !

11 ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ ।

12 ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ ।

13 ਹੇ ਪਰਮੇਸ਼ੁਰ ਤੇਰਾ ਮਾਰਗ ਪਵਿੱਤਰਤਾਈ ਵਿੱਚ ਹੈ, ਪਰਮੇਸ਼ੁਰ ਵਰਗਾ ਵੱਡਾ ਦਿਓਤਾ ਕਿਹੜਾ ਹੈ ?

14 ਤੂੰ ਉਹ ਪਰਮੇਸ਼ੁਰ ਹੈਂ ਜੋ ਅਚਰਜ ਕੰਮ ਕਰਦਾ ਹੈਂ, ਤੂੰ ਲੋਕਾਂ ਦੇ ਵਿੱਚ ਆਪਣੀ ਸ਼ਕਤੀ ਪਰਗਟ ਕੀਤੀ ।

15 ਤੂੰ ਆਪਣੀ ਬਾਂਹ ਨਾਲ ਆਪਣੀ ਪਰਜਾ ਨੂੰ ਯਾਕੂਬ ਤੇ ਯੂਸਫ਼ ਦੀ ਅੰਸ ਨੂੰ ਛੁਡਾਇਆ ਹੈ । ਸਲਹ ।

16 ਪਾਣੀਆਂ ਨੇ ਤੈਨੂੰ ਡਿੱਠਾ, ਹੇ ਪਰਮੇਸ਼ੁਰ, ਪਾਣੀਆਂ ਨੇ ਤੈਨੂੰ ਡਿੱਠਾ, ਓਹ ਉੱਛਲ ਪਏ ਤੇ ਡੂੰਘਿਆਈਆਂ ਕੰਬ ਉੱਠੀਆਂ ।

17 ਘਟਾਂ ਨੇ ਮੋਹਲੇਧਾਰ ਮੀਂਹ ਵਰ੍ਹਾਇਆ, ਗਗਣ ਨੇ ਖੜਕਾ ਦਿੱਤਾ, ਤੇਰੇ ਤੀਰ ਲਾਂਭੇ ਛਾਂਭੇ ਚੱਲੇ ।

18 ਤੇਰੇ ਗੱਜਣ ਦਾ ਖੜਕ ਵਾਵਰੋਲੇ ਵਿੱਚ ਹੋਇਆ, ਲਸ਼ਕਾਂ ਨੇ ਸਰਿਸ਼ਟੀ ਨੂੰ ਚਾਨਣ ਦਿੱਤਾ, ਧਰਤੀ ਕੰਬੀ ਅਤੇ ਹਿੱਲ ਗਈ ।

19 ਸਮੁੰਦਰ ਦੇ ਵਿੱਚ ਤੇਰਾ ਰਾਹ ਸੀ, ਤੇਰੇ ਪਹੇ ਵੱਡੇ ਪਾਣੀਆਂ ਦੇ ਵਿੱਚ ਸਨ, ਤੇਰੇ ਖੁਰੇ ਜਾਣੇ ਨਾ ਗਏ ।

20 ਤੂੰ ਆਪਣੀ ਪਰਜਾ ਦੀ ਮੂਸਾ ਅਤੇ ਹਾਰੂਨ ਦੇ ਹੱਥੀਂ, ਇੱਜੜ ਦੀ ਨਿਆਈਂ ਅਗਵਾਈ ਕੀਤੀ ।