Psalm 30 in Panjabi

1 ਭਵਨ ਦੇ ਆਦਰ ਲਈ ਦਾਊਦ ਦਾ ਭਜਨ ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ, ਕਿਉਂ ਜੋ ਤੂੰ ਮੈਨੂੰ ਉਤਾਹਾਂ ਖਿੱਚਿਆ, ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਅਨੰਦ ਹੋਣ ਨਾ ਦਿੱਤਾ ।

2 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੂੰ ਮੈਨੂੰ ਚੰਗਿਆ ਕੀਤਾ ।

3 ਹੇ ਯਹੋਵਾਹ, ਤੂੰ ਮੇਰੀ ਜਾਨ ਨੂੰ ਪਤਾਲ ਤੋਂ ਉਠਾ ਲਿਆ ਹੈ, ਤੂੰ ਮੈਨੂੰ ਜੀਉਂਦਿਆ ਰੱਖਿਆ ਹੈ ਕਿ ਮੈਂ ਕਬਰ ਵਿੱਚ ਨਾ ਉਤਰ ਜਾਂਵਾਂ ।

4 ਹੇ ਯਹੋਵਾਹ ਦੇ ਸੰਤੋ, ਉਹ ਦੇ ਗੁਣ ਗਾਓ, ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ ਉਹ ਦਾ ਧੰਨਵਾਦ ਕਰੋ !

5 ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ । ਭਾਵੇਂ ਰਾਤ ਨੂੰ ਰੋਣਾ ਪਵੇ, ਪਰ ਸਵੇਰ ਨੂੰ ਜੈ-ਜੈ ਕਾਰ ਹੋਵੇਗੀ ।

6 ਮੈਂ ਤਾਂ ਸੁੱਖ ਦੇ ਵੇਲੇ ਆਖਿਆ ਸੀ, ਕਿ ਮੈਂ ਕਦੀ ਨਹੀਂ ਡੋਲਾਂਗਾ ।

7 ਹੇ ਯਹੋਵਾਹ, ਤੂੰ ਆਪਣੀ ਕਿਰਪਾ ਦੇ ਨਾਲ ਮੇਰੇ ਪਹਾੜ ਨੂੰ ਸਥਿਰ ਰੱਖਿਆ, ਤੂੰ ਆਪਣਾ ਮੁਖ ਲੁਕਾਇਆ, ਮੈਂ ਘਬਰਾਇਆ ।

8 ਹੇ ਯਹੋਵਾਹ, ਮੈਂ ਤੈਂਨੂੰ ਪੁਕਾਰਿਆ, ਅਤੇ ਪ੍ਰਭੂ ਅੱਗੇ ਮੈਂ ਇਹ ਬੇਨਤੀ ਕੀਤੀ,

9 ਕਿ ਮੇਰੇ ਲਹੂ ਦਾ ਕੀ ਲਾਭ ਹੈ ਜਦੋਂ ਮੈਂ ਕਬਰ ਵਿੱਚ ਉਤਰ ਜਾਂਵਾਂ ? ਭਲਾ, ਮਿੱਟੀ ਤੇਰਾ ਧੰਨਵਾਦ ਕਰੇਗੀ ? ਭਲਾ, ਉਹ ਤੇਰੀ ਸਚਿਆਈ ਦੱਸੇਗੀ ?

10 ਹੇ ਯਹੋਵਾਹ, ਸੁਣ ਅਤੇ ਮੇਰੇ ਉੱਤੇ ਦਯਾ ਕਰ, ਹੇ ਯਹੋਵਾਹ, ਤੂੰ ਮੇਰਾ ਸਹਾਇਕ ਹੋ !

11 ਤੂੰ ਮੇਰੇ ਪਿੱਟਣ ਨੂੰ ਨੱਚਣ ਨਾਲ ਬਦਲ ਦਿੱਤਾ, ਤੂੰ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰ-ਕੱਸਾ ਬੱਧਾ ।

12 ਜੋ ਮੇਰੀ ਜਾਨ ਤੇਰੀ ਉਸਤਤ ਗਾਵੇ ਅਤੇ ਚੁੱਪ ਨਾ ਰਹੇ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਸਦਾ ਤੇਰਾ ਧੰਨਵਾਦ ਕਰਾਂਗਾ ।