Psalm 139 in Panjabi

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ ਹੇ ਯਹੋਵਾਹ, ਤੂੰ ਮੈਨੂੰ ਪਰਖ ਲਿਆ ਤੇ ਜਾਣ ਲਿਆ,

2 ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ,

3 ਤੂੰ ਮੇਰੇ ਚੱਲਣੇ ਅਤੇ ਲੇਟਣੇ ਦੀ ਛਾਨਬੀਨ ਕਰਦਾ ਹੈਂ, ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ ਹੈਂ ।

4 ਮੇਰੀ ਜੀਭ ਉੱਤੇ ਇੱਕ ਗੱਲ ਵੀ ਨਹੀਂ, — ਵੇਖ, ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ ।

5 ਤੂੰ ਮੈਨੂੰ ਅੱਗੋਂ ਪਿੱਛੋਂ ਘੇਰ ਰੱਖਿਆ ਹੈ, ਤੂੰ ਆਪਣਾ ਹੱਥ ਮੇਰੇ ਉਤੇ ਧਰਿਆ ਹੈ, ―

6 ਇਹ ਗਿਆਨ ਮੇਰੇ ਲਈ ਅਚਰਜ ਹੈ, ਉਹ ਉੱਚਾ ਹੈ, ਮੈਂ ਉਹ ਦੇ ਜੋਗ ਨਹੀਂ ! ।

7 ਮੈਂ ਤੇਰੇ ਆਤਮਾ ਤੋਂ ਕਿੱਧਰ ਜਾਂਵਾਂ, ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ ?

8 ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂ, ਤੂੰ ਉੱਥੇ ਹੈਂ, ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਵੇਖ, ਤੂੰ ਉੱਥੇ ਹੈਂ !

9 ਜੇ ਮੈਂ ਫਜਰ ਦੇ ਖੰਭ ਲਾ ਲਵਾਂ, ਅਤੇ ਸਮੁੰਦਰ ਦੇ ਆਖਰ ਵਿੱਚ ਜਾ ਵੱਸਾਂ,

10 ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ, ਅਤੇ ਤੇਰਾ ਸੱਜਾ ਹੱਥ ਮੈਨੂੰ ਫੜ ਲਵੇਗਾ !

11 ਜੇ ਮੈਂ ਅਾਖਾਂ ਕਿ ਅਨ੍ਹੇਰਾ ਮੈਨੂੰ ਜ਼ਰੂਰ ਢੱਕ ਲਵੇਗਾ, ਅਤੇ ਮੇਰੇ ਇਰਦੇ ਗਿਰਦੇ ਦਾ ਚਾਨਣ ਰਾਤ ਹੋ ਜਾਵੇਗਾ,

12 ਫੇਰ ਵੀ ਅਨ੍ਹੇਰਾ ਤੈਥੋਂ ਨਾ ਛਿਪਾਵੇਗਾ, ਅਤੇ ਰਾਤ-ਦਿਨ ਵਾਂਗੂੰ ਚਮਕੇਗੀ, ਸੋ ਅਨ੍ਹੇਰਾ ਤੇ ਚਾਨਣ ਇੱਕੋ ਜਿਹੇ ਹਨ ! ।

13 ਤੂੰ ਤਾਂ ਮੇਰੇ ਅੰਦਰਲੇ ਅੰਗ ਰਚੇ, ਤੂੰ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ ।

14 ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ !

15 ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ, ਅਤੇ ਧਰਤੀ ਦਿਆਂ ਹੇਠਲਿਆਂ ਥਾਵਾਂ ਵਿੱਚ ਮੇਰਾ ਰਸੀਦਾ ਕੱਢੀਦਾ ਸੀ ।

16 ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਸਭ ਲਿਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿਚੋਂ ਇੱਕ ਵੀ ਨਹੀਂ ਸੀ ।

17 ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ !

18 ਜੇ ਮੈਂ ਉਨ੍ਹਾਂ ਨੂੰ ਗਿਣਾ, ਓਹ ਰੇਟ ਦੇ ਦਾਣਿਆ ਨਾਲੋਂ ਵੀ ਵੱਧ ਹਨ, ਜਦ ਮੈਂ ਜਾਗ ਉੱਠਦਾ ਹਾਂ, ਮੈਂ ਤੇਰੇ ਨਾਲ ਹੁੰਦਾ ਹਾਂ ।

19 ਹੇ ਪਰਮੇਸ਼ੁਰ, ਤੂੰ ਜ਼ਰੂਰ ਦੁਸ਼ਟਾਂ ਨੂੰ ਵੱਢ ਸੁੱਟੇਂਗਾ, ਹੇ ਖੂਨੀਓ, ਮੈਥੋਂ ਦੂਰ ਹੋ ਜਾਓ !

20 ਜਿਹੜੇ ਤੇਰੇ ਵਿਖੇ ਬੁਰੀ ਚਰਚਾ ਕਰਦੇ ਹਨ, ਓਹ ਤੇਰੇ ਵੈਰੀ ਆਪਣੇ ਆਪ ਨੂੰ ਵਿਅਰਥ ਉੱਚਾ ਕਰਦੇ ਹਨ !

21 ਹੇ ਯਹੋਵਾਹ, ਕੀ ਮੈਂ ਤੇਰੇ ਵੈਰੀਆਂ ਨਾਲ ਵੈਰ ਨਹੀਂ ਰੱਖਦਾ ? ਅਤੇ ਤੇਰੇ ਵਿਰੋਧੀਆਂ ਤੋਂ ਗਰੰਜ ਨਹੀਂ ਹੁੰਦਾ ?

22 ਮੈਂ ਉਨ੍ਹਾਂ ਨਾਲ ਪੂਰਾ ਪੂਰਾ ਵੈਰ ਰੱਖਦਾ ਹਾਂ, ਓਹ ਮੇਰੇ ਵੈਰੀ ਹੋ ਗਏ ਹਨ ।

23 ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ,

24 ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ ! ।