Deuteronomy 25 in Panjabi

1 ਜੇ ਮਨੁੱਖਾਂ ਵਿੱਚ ਝਗੜਾ ਹੋ ਜਾਵੇ ਅਤੇ ਉਹ ਨਿਆਂ ਕਰਾਉਣ ਲਈ ਨਿਆਈਆਂ ਦੇ ਕੋਲ ਆਉਣ ਅਤੇ ਉਹ ਉਨ੍ਹਾਂ ਦਾ ਨਿਆਂ ਕਰਨ ਤਾਂ ਉਹ ਧਰਮੀ ਨੂੰ ਧਰਮੀ ਅਤੇ ਬੁਰੇ ਨੂੰ ਬੁਰਾ ਠਹਿਰਾਉਣ ।

2 ਅਜਿਹਾ ਹੋਵੇ ਕਿ ਜੇਕਰ ਉਹ ਬੁਰਾ ਮਨੁੱਖ ਮਾਰ ਖਾਣ ਦੇ ਯੋਗ ਠਹਿਰੇ, ਤਾਂ ਨਿਆਈ ਉਸ ਨੂੰ ਲੰਮਾ ਪੁਆ ਲਵੇ ਅਤੇ ਆਪਣੇ ਸਾਹਮਣੇ ਉਸ ਦੀ ਬੁਰਿਆਈ ਦੇ ਅਨੁਸਾਰ ਉਸ ਨੂੰ ਗਿਣ ਕੇ ਕੋੜੇ ਲਗਵਾਏ ।

3 ਉਹ ਉਸ ਨੂੰ ਚਾਲੀ ਕੋੜੇ ਲਗਵਾ ਸਕਦਾ ਹੈ, ਪਰ ਇਸ ਤੋਂ ਵੱਧ ਨਾ ਮਾਰੇ, ਅਜਿਹਾ ਨਾ ਹੋਵੇ ਕਿ ਇਸ ਤੋਂ ਵੱਧ ਕੋੜੇ ਮਾਰਨ ਦੇ ਕਾਰਨ ਤੇਰਾ ਭਰਾ ਤੇਰੀ ਨਿਗਾਹ ਵਿੱਚ ਤੁੱਛ ਠਹਿਰੇ ।

4 ਤੂੰ ਗਾਹੁੰਦੇ ਬਲਦ ਦੇ ਮੂੰਹ ਨੂੰ ਛਿੱਕੁਲੀ ਨਾ ਚੜਾਈਂ ।

5 ਜੇਕਰ ਭਰਾ ਇੱਕਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਮਰ ਜਾਵੇ ਅਤੇ ਉਸ ਦਾ ਕੋਈ ਪੁੱਤਰ ਨਾ ਹੋਵੇ ਤਾਂ ਮਰਨ ਵਾਲੇ ਦੀ ਇਸਤਰੀ ਦਾ ਵਿਆਹ ਕਿਸੇ ਪਰਾਏ ਮਨੁੱਖ ਨਾਲ ਨਾ ਕੀਤਾ ਜਾਵੇ । ਉਸ ਮਨੁੱਖ ਦਾ ਭਰਾ ਉਸ ਦੇ ਕੋਲ ਜਾ ਕੇ ਉਸ ਨੂੰ ਆਪਣੀ ਪਤਨੀ ਕਰ ਲਵੇ ਅਤੇ ਪਤੀ ਦੇ ਭਰਾ ਦਾ ਹੱਕ ਉਸ ਦੇ ਨਾਲ ਪੂਰਾ ਕਰੇ ।

6 ਤਦ ਅਜਿਹਾ ਹੋਵੇਗਾ ਕਿ ਜਿਹੜਾ ਜੇਠਾ ਉਸ ਇਸਤਰੀ ਤੋਂ ਪੈਦਾ ਹੋਵੇ ਉਹ ਉਸ ਮਰੇ ਹੋਏ ਭਰਾ ਦੇ ਨਾਮ ਉੱਤੇ ਠਹਿਰਾਇਆ ਜਾਵੇ, ਤਾਂ ਜੋ ਉਸ ਦਾ ਨਾਮ ਇਸਰਾਏਲ ਵਿੱਚੋਂ ਮਿਟ ਨਾ ਜਾਵੇ ।

7 ਪਰ ਜੇਕਰ ਉਹ ਮਨੁੱਖ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਨਾ ਨਾ ਚਾਹੇ, ਤਾਂ ਉਹ ਇਸਤਰੀ ਫਾਟਕ ਉੱਤੇ ਬਜ਼ੁਰਗਾਂ ਕੋਲ ਜਾ ਕੇ ਆਖੇ, “ਮੇਰੇ ਪਤੀ ਦਾ ਭਰਾ ਆਪਣੇ ਭਰਾ ਦਾ ਨਾਮ ਇਸਰਾਏਲ ਵਿੱਚ ਕਾਇਮ ਰੱਖਣ ਤੋਂ ਮੁੱਕਰਦਾ ਹੈ । ਉਹ ਮੇਰੇ ਪਤੀ ਦਾ ਹੱਕ ਮੇਰੇ ਨਾਲ ਪੂਰਾ ਨਹੀਂ ਕਰਦਾ । “

8 ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਸੱਦ ਕੇ ਉਹ ਦੇ ਨਾਲ ਗੱਲ ਕਰਨ ਅਤੇ ਜੇਕਰ ਉਹ ਖੜ੍ਹਾ ਹੋ ਕੇ ਆਖੇ, “ਮੈਂ ਇਸ ਨਾਲ ਵਿਆਹ ਕਰਨਾ ਨਹੀਂ ਚਾਹੁੰਦਾ । “

9 ਤਦ ਉਹ ਦੇ ਭਰਾ ਦੀ ਪਤਨੀ ਬਜ਼ੁਰਗਾਂ ਦੇ ਵੇਖਦਿਆਂ ਉਸ ਦੇ ਨੇੜੇ ਜਾਵੇ ਅਤੇ ਉਸ ਦੇ ਪੈਰਾਂ ਤੋਂ ਜੁੱਤੀ ਲਾਹ ਲਵੇ ਅਤੇ ਉਹ ਦੇ ਮੂੰਹ ਉੱਤੇ ਥੁੱਕੇ, ਅਤੇ ਉੱਤਰ ਦੇ ਕੇ ਆਖੇ, “ਜਿਹੜਾ ਮਨੁੱਖ ਆਪਣੇ ਭਰਾ ਦਾ ਘਰਾਣਾ ਨਾ ਬਣਾਵੇ ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ । “

10 ਫੇਰ ਉਸ ਦਾ ਨਾਮ ਇਸਰਾਏਲ ਵਿੱਚ ਇਸ ਤਰ੍ਹਾਂ ਸੱਦਿਆ ਜਾਵੇ ਅਰਥਾਤ 'ਜੁੱਤੀ ਲੱਥੇ ਦਾ ਘਰਾਣਾ' ।

11 ਜੇਕਰ ਦੋ ਮਨੁੱਖ ਆਪੋ ਵਿੱਚ ਲੜ ਪੈਣ ਅਤੇ ਇੱਕ ਦੀ ਪਤਨੀ ਨੇੜੇ ਆਵੇ ਤਾਂ ਜੋ ਆਪਣੇ ਪਤੀ ਨੂੰ ਮਾਰਨ ਵਾਲੇ ਦੇ ਹੱਥੋਂ ਛੁਡਾਵੇ ਅਤੇ ਆਪਣਾ ਹੱਥ ਵਧਾ ਕੇ ਉਸ ਦੇ ਗੁਪਤ ਅੰਗ ਨੂੰ ਫੜ੍ਹ ਲਵੇ,

12 ਤਾਂ ਤੂੰ ਉਸ ਇਸਤਰੀ ਦਾ ਹੱਥ ਵੱਢ ਸੁੱਟੀਂ । ਤੇਰੀ ਅੱਖਾਂ ਵਿੱਚ ਉਸ ਲਈ ਤਰਸ ਨਾ ਹੋਵੇ ।

13 ਤੇਰੇ ਥੈਲੇ ਵਿੱਚ ਦੋ ਪ੍ਰਕਾਰ ਦੇ ਵੱਟੇ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ ।

14 ਤੇਰੇ ਘਰ ਵਿੱਚ ਦੋ ਪ੍ਰਕਾਰ ਦੇ ਨਾਪ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ ।

15 ਤੇਰੇ ਵੱਟੇ ਅਤੇ ਤੇਰਾ ਨਾਪ ਪੂਰਾ-ਪੂਰਾ ਅਤੇ ਠੀਕ-ਠੀਕ ਹੋਵੇ ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ, ਤੇਰੀ ਉਮਰ ਲੰਬੀ ਹੋਵੇ ।

16 ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਅਰਥਾਤ ਜਿਹੜੇ ਬੁਰਿਆਈ ਕਰਦੇ ਹਨ, ਉਹ ਸਾਰੇ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਘਿਣਾਉਣੇ ਲੱਗਦੇ ਹਨ ।

17 ਯਾਦ ਰੱਖੋ ਕਿ ਅਮਾਲੇਕੀਆਂ ਨੇ ਤੁਹਾਡੇ ਨਾਲ ਰਾਹ ਵਿੱਚ ਕੀ ਕੀਤਾ ਜਦ ਤੁਸੀਂ ਮਿਸਰ ਤੋਂ ਨਿੱਕਲ ਕੇ ਆਏ ਸੀ,

18 ਕਿਵੇਂ ਉਹ ਤੁਹਾਨੂੰ ਰਾਹ ਵਿੱਚ ਮਿਲੇ ਅਤੇ ਉਨ੍ਹਾਂ ਸਾਰਿਆਂ ਨੂੰ ਮਾਰਿਆ ਜਿਹੜੇ ਨਿਰਬਲ ਹੋਣ ਕਰਕੇ ਤੁਹਾਡੇ ਤੋਂ ਪਿੱਛੇ ਸਨ, ਜਦ ਤੁਸੀਂ ਥੱਕੇ-ਮਾਂਦੇ ਸੀ, ਉਹ ਪਰਮੇਸ਼ੁਰ ਤੋਂ ਨਾ ਡਰੇ ।

19 ਇਸ ਲਈ ਹੁਣ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਹੜਾ ਉਹ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਤੁਹਾਡੇ ਆਲੇ-ਦੁਆਲੇ ਦੇ ਸਾਰੇ ਵੈਰੀਆਂ ਤੋਂ ਤੁਹਾਨੂੰ ਅਰਾਮ ਦੇਵੇ, ਤਦ ਤੁਸੀਂ ਅਮਾਲੇਕੀਆਂ ਦਾ ਨਾਮ-ਨਿਸ਼ਾਨ ਅਕਾਸ਼ ਦੇ ਹੇਠੋਂ ਮਿਟਾ ਦੇਣਾ । ਤੁਸੀਂ ਇਹ ਗੱਲ ਭੁੱਲ ਨਾ ਜਾਣਾ ।