Song of Solomon 6 in Panjabi

1 ਹੇ ਇਸਤਰੀਆਂ ਵਿੱਚੋਂ ਰੂਪਵੰਤ, ਤੇਰਾ ਬਾਲਮ ਕਿੱਥੇ ਗਿਆ ਹੈ ? ਤੇਰਾ ਬਾਲਮ ਕਿੱਧਰ ਚਲਾ ਗਿਆ ਤਾਂ ਜੋ ਅਸੀਂ ਤੇਰੇ ਨਾਲ ਉਹ ਨੂੰ ਭਾਲੀਏ ?

2 ਮੇਰਾ ਬਾਲਮ ਆਪਣੇ ਬਾਗ਼ ਲਈ, ਆਪਣੀਆਂ ਬਲਸਾਨ ਦੀਆਂ ਕਿਆਰੀਆਂ ਵੱਲ ਗਿਆ ਹੈ, ਤਾਂ ਜੋ ਬਾਗ਼ਾਂ ਵਿੱਚ ਆਪਣੀਆਂ ਭੇਡਾਂ-ਬੱਕਰੀਆਂ ਚਾਰੇ ਅਤੇ ਸੋਸਨ ਇਕੱਠੀ ਕਰੇ ।

3 ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ, ਉਹ ਸੋਸਨਾਂ ਵਿੱਚ ਚਾਰਦਾ ਹੈ ।

4 ਹੇ ਮੇਰੀ ਪ੍ਰੀਤਮਾ, ਤੂੰ ਤਿਰਸਾਹ ਨਗਰ ਵਾਂਗੂੰ ਰੂਪਵੰਤ, ਯਰੂਸ਼ਲਮ ਵਾਂਗੂੰ ਸੋਹਣੀ, ਇੱਕ ਝੰਡੇ ਵਾਲੇ ਲਸ਼ਕਰ ਦੇ ਵਾਂਗੂੰ ਭਿਆਨਕ ਹੈ !

5 ਤੂੰ ਆਪਣੀਆਂ ਅੱਖਾਂ ਮੈਥੋਂ ਫੇਰ ਲੈ, ਉਹ ਤਾਂ ਮੈਨੂੰ ਘਬਰਾ ਦਿੰਦੀਆਂ ਹਨ ! ਤੇਰੇ ਵਾਲ ਬੱਕਰੀਆਂ ਦੇ ਇੱਜੜ ਵਾਂਗੂੰ ਹਨ, ਜਿਹੜੀਆਂ ਗਿਲਆਦ ਦੀ ਢਲਾਣ ਦੇ ਹੇਠਾਂ ਬੈਠੀਆਂ ਹਨ ।

6 ਤੇਰੇ ਦੰਦ ਭੇਡਾਂ ਦੇ ਇੱਜੜ ਵਾਂਗੂੰ ਹਨ, ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ, ਜਿਹੜੀਆਂ ਸਾਰੀਆਂ ਜੋੜਿਆਂ ਨੂੰ ਜੰਮਦੀਆਂ ਹਨ, ਉਨ੍ਹਾਂ ਵਿੱਚੋਂ ਕੋਈ ਇਕੱਲੀ ਨਹੀਂ ।

7 ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆਂ ਵਾਂਗੂੰ ਹਨ ।

8 ਸੱਠ ਰਾਣੀਆਂ ਅਤੇ ਅੱਸੀ ਸੁਰੀਤਾਂ ਅਤੇ ਕੁਆਰੀਆਂ ਅਣਗਿਣਤ ਹਨ ।

9 ਮੇਰੀ ਕਬੂਤਰੀ, ਮੇਰੀ ਨਿਰਮਲ ਅਨੋਖੀ ਹੈ, ਉਹ ਆਪਣੀ ਮਾਂ ਦੀ ਇਕਲੌਤੀ ਲਾਡਲੀ ਅਤੇ ਆਪਣੀ ਜਣਨੀ ਦੀ ਦੁਲਾਰੀ ਹੈ । ਧੀਆਂ ਨੇ ਉਹ ਨੂੰ ਵੇਖ ਕੇ ਧੰਨ ਆਖਿਆ, ਰਾਣੀਆਂ ਤੇ ਸੂਰੀਤਾਂ ਨੇ ਉਹ ਨੂੰ ਵਡਿਆਇਆ ਹੈ ।

10 ਇਹ ਕੌਣ ਹੈ ਜਿਹੜੀ ਪ੍ਰਭਾਤ ਵਾਂਗੂੰ ਸ਼ੋਭਾਮਾਨ, ਚੰਨ ਵਾਂਗੂੰ ਰੂਪਵੰਤ ਅਤੇ ਸੂਰਜ ਵਾਂਗੂੰ ਨਿਰਮਲ ਹੈ, ਝੰਡੇ ਵਾਲੇ ਲਸ਼ਕਰ ਦੇ ਵਾਂਗੂੰ ਭਿਆਨਕ ਹੈ ?

11 ਮੈਂ ਚਲਗੋਜਿਆਂ ਦੀ ਬਾੜੀ ਵਿੱਚ ਉਤਰ ਗਿਆ, ਤਾਂ ਜੋ ਵਾਦੀ ਦੀ ਹਰਿਆਲੀ ਨੂੰ ਵੇਖਾਂ, ਨਾਲੇ ਵੇਖਾਂ ਕਿ ਅੰਗੂਰਾਂ ਨੂੰ ਕਲੀਆਂ ਅਤੇ ਅਨਾਰਾਂ ਨੂੰ ਫਲ ਨਿੱਕਲੇ ਹਨ ਜਾਂ ਨਹੀਂ ।

12 ਮੈਂ ਨਾ ਜਾਣਿਆ, ਮੇਰੇ ਖ਼ਿਆਲਾਂ ਨੇ ਮੈਨੂੰ ਮੇਰੇ ਸ਼ਾਹੀ ਲੋਕਾਂ ਦੇ ਰਥਾਂ ਵਿੱਚ ਬਿਠਾ ਦਿੱਤਾ ।

13 ਮੁੜ, ਮੁੜ ਆ, ਹੇ ਸੂਲੰਮੀਥ, ਮੁੜ, ਮੁੜ ਆ, ਕਿ ਅਸੀਂ ਤੈਨੂੰ ਤੱਕੀਏ । ਵਧੂ ਤੁਸੀਂ ਕਿਉਂ ਸੂਲੰਮੀਥ ਦੇ ਉੱਤੇ ਨਿਗਾਹ ਕਰੋਗੇ, ਜਿਵੇਂ ਮਹਨਇਮ ਦੇ ਨਾਚ ਉੱਤੇ ਕਰਦੇ ਹੋ ?