Ruth 1 in Panjabi

1 ਨਿਆਂਈਆਂ ਦੇ ਰਾਜ ਦੇ ਸਮੇਂ ਅਜਿਹਾ ਹੋਇਆ ਕਿ ਉਸ ਦੇਸ ਵਿੱਚ ਕਾਲ ਪੈ ਗਿਆ । ਬੈਤਹਲਮ-ਯਹੂਦਾਹ ਦਾ ਇੱਕ ਮਨੁੱਖ ਆਪਣੀ ਪਤਨੀ ਅਤੇ ਦੋਵੇਂ ਪੁੱਤਰਾਂ ਦੇ ਨਾਲ ਮੋਆਬ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਹਿਣ ਨੂੰ ਗਿਆ ।

2 ਉਸ ਮਨੁੱਖ ਦਾ ਨਾਮ ਅਲੀਮਲਕ ਅਤੇ ਉਸ ਦੀ ਪਤਨੀ ਦਾ ਨਾਮ ਨਾਓਮੀ ਸੀ, ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਓਨ ਸਨ । ਇਹ ਬੈਤਹਲਮ-ਯਹੂਦਾਹ ਦੇ ਇਫਰਾਥੀ ਸਨ ਅਤੇ ਉਹ ਮੋਆਬ ਦੇ ਦੇਸ ਵਿੱਚ ਆ ਕੇ ਉੱਥੇ ਰਹਿਣ ਲੱਗੇ ।

3 ਨਾਓਮੀ ਦਾ ਪਤੀ ਅਲੀਮਲਕ ਮਰ ਗਿਆ । ਉਹ ਅਤੇ ਉਸ ਦੇ ਦੋਵੇਂ ਪੁੱਤਰ ਰਹਿ ਗਏ ।

4 ਉਨ੍ਹਾਂ ਦੋਹਾਂ ਨੇ ਮੋਆਬ ਦੀਆਂ ਕੁਆਰੀਆਂ ਵਿੱਚੋਂ ਇੱਕ-ਇੱਕ ਕੁਆਰੀ ਨਾਲ ਵਿਆਹ ਕਰਵਾ ਲਿਆ । ਇੱਕ ਦਾ ਨਾਮ ਆਰਪਾਹ, ਦੂਜੀ ਦਾ ਨਾਮ ਰੂਥ ਸੀ ਅਤੇ ਉਹ ਦਸ ਸਾਲ ਤੱਕ ਉੱਥੇ ਰਹੇ ।

5 ਇਸ ਤੋਂ ਬਾਦ ਮਹਿਲੋਨ ਅਤੇ ਕਿਲਓਨ ਦੋਵੇਂ ਮਰ ਗਏ । ਨਾਓਮੀ ਆਪਣੇ ਦੋਵੇਂ ਪੁੱਤਰਾਂ ਅਤੇ ਪਤੀ ਤੋਂ ਬਿਨ੍ਹਾਂ ਇਕੱਲੀ ਰਹਿ ਗਈ ।

6 ਤਦ ਉਹ ਆਪਣੀਆਂ ਦੋਵੇਂ ਨੂੰਹਾਂ ਦੇ ਨਾਲ ਮੋਆਬ ਦੇ ਦੇਸ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਆਬ ਦੇ ਦੇਸ ਵਿੱਚ ਇਹ ਗੱਲ ਸੁਣੀ ਕਿ ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਹੈ ।

7 ਇਸ ਲਈ ਉਹ ਉਸ ਸਥਾਨ ਤੋਂ ਜਿੱਥੇ ਉਹ ਰਹਿੰਦੀ ਸੀ, ਆਪਣੀ ਦੋਵੇਂ ਨੂੰਹਾਂ ਦੇ ਨਾਲ ਤੁਰ ਪਈ ਅਤੇ ਯਹੂਦਾਹ ਦੇ ਦੇਸ ਨੂੰ ਮੁੜ ਜਾਣ ਲਈ ਸਫ਼ਰ ਸ਼ੁਰੂ ਕੀਤਾ ।

8 ਨਾਓਮੀ ਨੇ ਆਪਣੀਆਂ ਨੂੰਹਾਂ ਨੂੰ ਕਿਹਾ, “ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਘਰ ਚਲੀਆਂ ਜਾਓ । ਜਿਵੇਂ ਤੁਸੀਂ ਮੇਰੇ ਮ੍ਰਿਤਕਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਹੋਵਾਹ ਤੁਹਾਡੇ ਉੱਤੇ ਦਯਾ ਕਰੇ ।

9 ਯਹੋਵਾਹ ਅਜਿਹਾ ਕਰੇ ਕਿ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ । “ ਤਦ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈਆਂ ।

10 ਫੇਰ ਉਨ੍ਹਾਂ ਨੇ ਉਸ ਨੂੰ ਕਿਹਾ, “ਸੱਚ-ਮੁੱਚ ਅਸੀਂ ਤੇਰੇ ਨਾਲ, ਤੇਰੇ ਲੋਕਾਂ ਦੇ ਵਿੱਚ ਜਾਵਾਂਗੀਆਂ । “

11 ਅੱਗੋਂ ਨਾਓਮੀ ਨੇ ਕਿਹਾ, “ਹੇ ਮੇਰੀ ਧੀਓ, ਵਾਪਸ ਚਲੀਆਂ ਜਾਓ । ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ ? ਭਲਾ, ਮੇਰੇ ਗਰਭ ਵਿੱਚ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ ?

12 ਹੇ ਮੇਰੀਓ ਧੀਓ, ਵਾਪਸ ਚਲੀਆਂ ਜਾਓ, ਕਿਉਂਕਿ ਮੈਂ ਬਹੁਤ ਬੁੱਢੀ ਹਾਂ ਅਤੇ ਪਤੀ ਕਰਨ ਦੇ ਯੋਗ ਨਹੀਂ ਹਾਂ, ਜੇ ਮੈਂ ਆਖਾਂ ਕਿ ਮੈਨੂੰ ਆਸ ਹੈ ਕਿ ਜੇਕਰ ਅੱਜ ਦੀ ਰਾਤ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜੰਮਦੀ

13 ਤਾਂ ਵੀ ਜਦ ਤੱਕ ਉਹ ਵੱਡੇ ਹੁੰਦੇ ਭਲਾ, ਤਦ ਤੱਕ ਤੁਸੀਂ ਉਡੀਕਦੀਆਂ ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ ? ਨਹੀਂ ਮੇਰੀ ਧੀਓ, ਅਜਿਹਾ ਨਾ ਹੋਵੇ, ਕਿਉਂਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਬਹੁਤ ਵੱਡਾ ਹੈ, ਕਿਉਂ ਜੋ ਯਹੋਵਾਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ । “

14 ਤਦ ਉਹ ਫਿਰ ਉੱਚੀ ਅਵਾਜ਼ ਨਾਲ ਰੋਈਆਂ ਅਤੇ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਪਰ ਰੂਥ ਨੇ ਉਸ ਨੂੰ ਨਾ ਛੱਡਿਆ ।

15 ਤਦ ਨਾਓਮੀ ਨੇ ਕਿਹਾ, “ਵੇਖ, ਤੇਰੀ ਜੇਠਾਣੀ ਆਪਣੇ ਟੱਬਰ ਅਤੇ ਦੇਵੀ-ਦੇਵਤਿਆਂ ਦੇ ਕੋਲ ਮੁੜ ਗਈ ਹੈ, ਤੂੰ ਵੀ ਆਪਣੀ ਜੇਠਾਣੀ ਦੇ ਪਿੱਛੇ ਚਲੀ ਜਾ । “

16 ਪਰ ਰੂਥ ਨੇ ਕਿਹਾ, “ਮੇਰੇ ਅੱਗੇ ਤਰਲੇ ਨਾ ਕਰ ਕਿ ਮੈਂ ਤੈਨੂੰ ਇਕੱਲੀ ਛੱਡਾਂ ਅਤੇ ਵਾਪਸ ਮੁੜਾਂ ਕਿਉਂਕਿ ਜਿੱਥੇ ਤੂੰ ਜਾਵੇਂਗੀ, ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ, ਉੱਥੇ ਹੀ ਮੈਂ ਰਹਾਂਗੀ । ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ,

17 ਜਿੱਥੇ ਤੂੰ ਮਰੇਂਗੀ, ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ । ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਨਾਲੋਂ ਵੀ ਵੱਧ ਜੇ ਕਦੀ ਮੌਤ ਤੋਂ ਬਿਨ੍ਹਾਂ ਕੋਈ ਹੋਰ ਕਾਰਨ ਮੈਨੂੰ ਤੇਰੇ ਤੋਂ ਵੱਖਰਾ ਕਰੇ । “

18 ਜਦ ਨਾਓਮੀ ਨੇ ਵੇਖਿਆ ਕਿ ਰੂਥ ਨੇ ਉਸ ਦੇ ਨਾਲ ਜਾਣ ਲਈ ਆਪਣੇ ਮਨ ਵਿੱਚ ਠਾਣ ਲਿਆ ਹੈ ਤਾਂ ਉਹ ਉਸ ਨੂੰ ਵਾਪਸ ਜਾਣ ਨੂੰ ਆਖਣ ਤੋਂ ਹਟ ਗਈ ।

19 ਤਦ ਉਹ ਦੋਵੇਂ ਤੁਰ ਪਈਆਂ ਅਤੇ ਬੈਤਹਲਮ ਵਿੱਚ ਆਈਆਂ । ਜਦ ਉਹ ਬੈਤਹਲਮ ਵਿੱਚ ਪਹੁੰਚੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਅਤੇ ਇਸਤਰੀਆਂ ਕਹਿਣ ਲੱਗੀਆਂ, “ਕੀ ਇਹ ਨਾਓਮੀ ਹੈ ? “

20 ਉਸ ਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਨਾਓਮੀ ਨਾ ਕਹੋ, ਮੈਨੂੰ 'ਮਾਰਾ' ਕਹੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ ।

21 ਮੈਂ ਭਰੀ ਪੂਰੀ ਇੱਥੋਂ ਨਿੱਕਲੀ ਸੀ, ਪਰ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ । ਫੇਰ ਤੁਸੀਂ ਮੈਨੂੰ ਨਾਓਮੀ ਕਿਉਂ ਕਹਿੰਦੀਆਂ ਹੋ ? ਤੁਸੀਂ ਵੇਖਦੇ ਹੋ, ਜੋ ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ । “

22 ਗੱਲ ਕਾਹਦੀ, ਨਾਓਮੀ ਅਤੇ ਉਸ ਦੀ ਨੂੰਹ ਮੋਆਬਣ ਰੂਥ, ਮੋਆਬ ਦੇ ਦੇਸ ਤੋਂ ਵਾਪਸ ਆਈਆਂ ਅਤੇ ਜੌਂ ਦੀ ਵਾਢੀ ਦੇ ਦਿਨਾਂ ਵਿੱਚ ਬੈਤਹਲਮ ਨੂੰ ਪਹੁੰਚੀਆਂ ।