Psalm 84 in Panjabi

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਗਿਤੀਥ ਰਾਗ ਵਿੱਚ ਕੋਰਹ ਵੰਸੀਆਂ ਦਾ ਭਜਨ । ਹੇ ਸੈਨਾਂ ਦੇ ਯਹੋਵਾਹ, ਤੇਰੇ ਡੇਹਰੇ ਕਿਹੇ ਪ੍ਰੇਮ ਰੱਤੇ ਹਨ !

2 ਮੇਰਾ ਜੀਅ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ, ਮੇਰਾ ਤਨ-ਮਨ ਜਿਉਂਦੇ ਪਰਮੇਸ਼ੁਰ ਲਈ ਜੈਕਾਰਾ ਗਜਾਉਂਦਾ ਹੈ !

3 ਹੇ ਸੈਨਾਂ ਦੇ ਯਹੋਵਾਹ, ਮੇਰੇ ਪਾਤਸ਼ਾਹ ਅਤੇ ਮੇਰੇ ਪਰਮੇਸ਼ੁਰ, ਤੇਰੀਆਂ ਜਗਵੇਦੀਆਂ ਵਿੱਚ ਚਿੜੀ ਨੇ ਆਪਣੇ ਲਈ ਘਰ ਅਤੇ ਬਾਲਕਟਾਰੇ ਨੇ ਆਪਣੇ ਬੋਟਾਂ ਨੂੰ ਰੱਖਣ ਲਈ ਆਲਣਾ ਪਾਇਆ ਹੈ ।

4 ਧੰਨ ਓਹ ਹਨ ਜਿਹੜੇ ਭਵਨ ਵਿੱਚ ਵੱਸਦੇ ਹਨ, ਓਹ ਨਿੱਤ ਤੇਰੀ ਉਸਤਤ ਕਰਨਗੇ ! । ਸਲਹ ।

5 ਧੰਨ ਓਹ ਆਦਮੀ ਹੈ ਜਿਹ ਦਾ ਬਲ ਤੇਰੀ ਵੱਲੋਂ ਹੈ, ਜਿਹ ਦੇ ਮਨ ਵਿੱਚ ਤੇਰੇ ਮਾਰਗ ਹਨ !

6 ਓਹ ਬਾਕਾ ਦੀ ਵਾਦੀ ਦੇ ਵਿੱਚ ਦੀ ਲੰਘਦਿਆਂ, ਉੱਥੇ ਪਾਣੀ ਦੇ ਚਸ਼ਮੇ ਵਗਾ ਦਿੰਦੇ ਹਨ, ਸਗੋਂ ਪਹਿਲਾਂ ਮੀਂਹ ਉਸ ਨੂੰ ਬਰਕਤਾਂ ਨਾਲ ਢੱਕ ਲੈਂਦਾ ਹੈ ।

7 ਓਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ, ਉਨ੍ਹਾਂ ਵਿਚੋਂ ਹਰੇਕ ਸੀਯੋਨ ਵਿੱਚ ਪਰਮੇਸ਼ੁਰ ਅੱਗੇ ਵਿਖਾਈ ਦਿੰਦਾ ਹੈ ।

8 ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਮੇਰੀ ਬੇਨਤੀ ਸੁਣ, ਹੇ ਯਾਕੂਬ ਦੇ ਪਰਮੇਸ਼ੁਰ, ਆਪਣਾ ਕੰਨ ਲਾ ! । ਸਲਹ ।

9 ਹੇ ਸਾਡੀ ਢਾਲ, ਵੇਖ, ਹੇ ਪਰਮੇਸ਼ੁਰ, ਆਪਣੇ ਮਸੀਹ ਦੇ ਮੁਖੜੇ ਵੱਲ ਧਿਆਨ ਕਰ !

10 ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ, ਮੈਂ ਪਰਮੇਸ਼ੁਰ ਦੇ ਭਵਨ ਦਾ ਰਾਖਾ ਬਣਨਾ ਦੁਸ਼ਟਾਂ ਦੇ ਤੰਬੂ ਵਿੱਚ ਵੱਸਣ ਨਾਲੋਂ ਪਸੰਦ ਕਰਦਾ ਹਾਂ ।

11 ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ ਹੈ, ਯਹੋਵਾਹ ਦਯਾ ਅਤੇ ਤੇਜ ਦੇਵੇਗਾ, ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਹੀਂ ਰੋਕੇਗਾ ।

12 ਹੇ ਸੈਨਾਂ ਦੇ ਯਹੋਵਾਹ, ਧੰਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਪਤੀਜਦਾ ਹੈ ! ।