Psalm 4 in Panjabi

1 ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ । ਦਾਊਦ ਦਾ ਭਜਨ ਜਦੋਂ ਮੈਂ ਤੈਂਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇ, ਹੇ ਮੇਰੇ ਧਰਮ ਦੇ ਪਰਮੇਸ਼ੁਰ । ਜਦ ਮੈਂ ਮੁਸੀਬਤ ਵਿੱਚ ਸੀ, ਤੂੰ ਮੈਨੂੰ ਖੁੱਲ੍ਹ ਦਿੱਤੀ, ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ ਲੈ ।

2 ਹੇ ਮਨੁੱਖ ਦੇ ਪੁੱਤਰੋ, ਤੁਸੀਂ ਕਦੋਂ ਤੱਕ ਮੇਰੀ ਮਹਿਮਾ ਦਾ ਅਨਾਦਰ ਕਰੋਗੇ, ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇ ? ਸਲਹ ।

3 ਪਰ ਇਹ ਜਾਣੋ ਕਿ ਯਹੋਵਾਹ ਨੇ ਪਵਿੱਤਰ ਜਨ ਨੂੰ ਆਪਣੇ ਲਈ ਵੱਖਰਾ ਕਰ ਰੱਖਿਆ ਹੈ । ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ ।

4 ਕੰਬ ਜਾਓ ਅਤੇ ਪਾਪ ਨਾ ਕਰੋ, ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ । ਸਲਹ ।

5 ਧਰਮ ਦੇ ਬਲੀਦਾਨ ਚੜਾਓ, ਅਤੇ ਯਹੋਵਾਹ ਉੱਤੇ ਆਸ ਰੱਖੋ ।

6 ਬਹੁਤੇ ਇਹ ਆਖਦੇ ਹਨ ਕਿ ਸਾਨੂੰ ਕੌਣ ਕੁੱਝ ਭਲਿਆਈ ਵਿਖਾਵੇਗਾ ? ਹੇ ਯਹੋਵਾਹ, ਆਪਣੇ ਮੁੱਖੜੇ ਨੂੰ ਸਾਡੇ ਉੱਤੇ ਚਮਕਾ ।

7 ਤੂੰ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ, ਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ, ਵਧੇਰੇ ਅਨੰਦ ਪਾ ਦਿੱਤਾ ਹੈ ।

8 ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਂਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਸ਼ਾਂਤੀ ਵਿੱਚ ਵਸਾਉਂਦਾ ਹੈਂ ।