Psalm 26 in Panjabi

1 ਦਾਊਦ ਦਾ ਭਜਨ ਹੇ ਯਹੋਵਾਹ, ਮੇਰਾ ਨਿਆਂ ਕਰ ਕਿਉਂ ਜੋ ਮੈਂ ਖਰਿਆਈ ਨਾਲ ਹੀ ਚੱਲਿਆ ਹਾਂ, ਮੈਂ ਯਹੋਵਾਹ ਉਤੇ ਅਟੱਲ ਭਰੋਸਾ ਰੱਖਿਆ ਹੈ ।

2 ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ,

3 ਕਿਉਂ ਜੋ ਤੇਰੀ ਦਯਾ ਮੇਰੀ ਅੱਖੀਆਂ ਦੇ ਅੱਗੇ ਹੈ, ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ ।

4 ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ, ਨਾ ਮੈਂ ਕਪਟੀਆਂ ਦੇ ਸੰਗ ਅੰਦਰ ਜਾਂਵਾਂਗਾ ।

5 ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ, ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ ।

6 ਹੇ ਯਹੋਵਾਹ, ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਦੇ ਜਲ ਨਾਲ ਧੋਵਾਂਗਾ, ਇਸ ਲਈ ਮੈਂ ਤੇਰੀ ਜਗਵੇਦੀ ਦੀ ਪਰਿਕਰਮਾ ਕਰਾਂਗਾ,

7 ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ, ਅਤੇ ਤੇਰੇ ਸਾਰਿਆਂ ਅਚਰਜ ਕੰਮਾਂ ਦਾ ਬਿਆਨ ਕਰਾਂ ।

8 ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ, ਅਤੇ ਤੇਰੀ ਮਹਿਮਾ ਦੇ ਡੇਰੇ ਨਾਲ ਪ੍ਰੇਮ ਰੱਖਦਾ ਹਾਂ ।

9 ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਮਿਲਾ, ਨਾ ਮੇਰੀ ਜਿੰਦ ਨੂੰ ਖੂਨੀਆਂ ਦੇ ਨਾਲ ।

10 ਜਿਨ੍ਹਾ ਦੇ ਹੱਥਾਂ ਵਿੱਚ ਸ਼ਰਾਰਤ ਹੈ, ਅਤੇ ਜਿਨ੍ਹਾ ਦਾ ਸੱਜਾ ਹੱਥ ਰਿਸ਼ਵਤਾਂ ਨਾਲ ਭਰਿਆ ਹੋਇਆ ਹੈ ।

11 ਪਰ ਮੈਂ ਖਰਾ ਹੀ ਚੱਲਾਂਗਾ, ਮੈਨੂੰ ਛੁਟਕਾਰਾ ਦੇ ਅਤੇ ਮੇਰੇ ਉੱਤੇ ਦਯਾ ਕਰ ।

12 ਮੇਰਾ ਪੈਰ ਪੱਧਰੇ ਥਾਂ ਉੱਤੇ ਟਿਕਿਆ ਹੋਇਆ ਹੈ, ਮੈਂ ਸਭਾਵਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ ।