Psalm 147 in Panjabi

1 ਹਲਲੂਯਾਹ ! ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ !

2 ਯਹੋਵਾਹ ਯਰੂਸ਼ਲਮ ਨੂੰ ਉਸਾਰਦਾ ਹੈ, ਉਹ ਇਸਰਾਏਲ ਦੇ ਦੇਸੋਂ ਕੱਢਿਆਂ ਨੂੰ ਇਕੱਠਾ ਕਰਦਾ ਹੈ ।

3 ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨਦਾ ਹੈ ।

4 ਉਹ ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬਲਾਉਂਦਾ ਹੈ ।

5 ਸਾਡਾ ਪ੍ਰਭੂ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ ।

6 ਯਹੋਵਾਹ ਮਸਕੀਨਾਂ ਨੂੰ ਸੰਭਾਲਦਾ ਹੈ, ਉਹ ਦੁਸ਼ਟਾਂ ਨੂੰ ਧਰਤੀ ਤੱਕ ਨਿਵਾ ਦਿੰਦਾ ਹੈ ।

7 ਯਹੋਵਾਹ ਨੂੰ ਧੰਨਵਾਦ ਨਾਲ ਉੱਤਰ ਦਿਓ, ਸਾਡੇ ਪਰਮੇਸ਼ੁਰ ਲਈ ਬਰਬਤ ਨਾਲ ਭਜਨ ਗਾਓ,

8 ਜਿਹੜਾ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਅਤੇ ਧਰਤੀ ਲਈ ਮੀਂਹ ਤਿਆਰ ਕਰਦਾ ਹੈ, ਅਤੇ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ ।

9 ਉਹ ਡੰਗਰਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈ, ਨਾਲੇ ਕਾਵਾਂ ਦੇ ਬੱਚਿਆਂ ਨੂੰ ਜਦ ਉਹ ਪੁਕਾਰਦੇ ਹਨ ।

10 ਨਾ ਘੋੜੇ ਦੇ ਜ਼ੋਰ ਵਿੱਚ ਉਹ ਖੁਸ਼ ਹੁੰਦਾ ਹੈ, ਨਾ ਮਨੁੱਖ ਦੀਆਂ ਲੱਤਾਂ ਉੱਤੇ ਰੀਝਦਾ ਹੈ ।

11 ਯਹੋਵਾਹ ਆਪਣੇ ਭੈ ਮੰਨਣ ਵਾਲਿਆਂ ਉੱਤੇ ਰੀਝਦਾ ਹੈ, ਅਤੇ ਆਪਣੀ ਦਯਾ ਦੀ ਆਸਵੰਦਾ ਉੱਤੇ ਵੀ ।

12 ਹੇ ਯਰੂਸ਼ਲਮ, ਯਹੋਵਾਹ ਦਾ ਜਸ ਗਾ, ਹੇ ਸੀਯੋਨ, ਆਪਣੇ ਪਰਮੇਸ਼ੁਰ ਦੀ ਉਸਤਤ ਕਰ !

13 ਉਹ ਨੇ ਤਾਂ ਤੇਰੇ ਫਾਟਕਾਂ ਦੇ ਅਰਲਾਂ ਨੂੰ ਤਕੜਾ ਕੀਤਾ, ਉਹ ਨੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਹੈ ।

14 ਉਹ ਤੇਰੀਆਂ ਹੱਦਾਂ ਵਿੱਚ ਸੁਲਾਹ ਰੱਖਦਾ ਹੈ, ਉਹ ਤੈਨੂੰ ਮੈਦੇ ਵਾਲੀ ਕਣਕ ਨਾਲ ਰਜਾਉਂਦਾ ਹੈ ।

15 ਉਹ ਆਪਣਾ ਹੁਕਮ ਧਰਤੀ ਉੱਤੇ ਭੇਜਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ ।

16 ਉਹ ਬਰਫ਼ ਉੱਨ ਵਾਂਗੂੰ ਪਾਉਂਦਾ ਹੈ, ਅਤੇ ਕੱਕਰ ਸੁਆਹ ਵਾਂਗੂੰ ਖਿੰਡਾਉਂਦਾ ਹੈ ।

17 ਉਹ ਆਪਣੀ ਬਰਫ਼ ਨੂੰ ਟੁੱਕੜੇ-ਟੁੱਕੜੇ ਕਰ ਕੇ ਸੁੱਟਦਾ ਹੈ, ਉਹ ਦੇ ਪਾਲੇ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ ?

18 ਉਹ ਆਪਣਾ ਹੁਕਮ ਭੇਜ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ, ਉਹ ਆਪਣੀ ਪੌਣ ਚਲਾਉਂਦਾ ਹੈ, ਪਾਣੀ ਵਗ ਪੈਂਦੇ ਹਨ ।

19 ਉਹ ਯਾਕੂਬ ਨੂੰ ਆਪਣੇ ਹੁਕਮ, ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਂ ਦੱਸਦਾ ਹੈ ।

20 ਉਹ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ, ਅਤੇ ਉਹ ਦੇ ਨਿਆਵਾਂ ਨੂੰ ਉਨ੍ਹਾਂ ਨੇ ਜਾਣਿਆ ਵੀ ਨਹੀਂ । ਹਲਲੂਯਾਹ ! ।