Psalm 141 in Panjabi

1 ਦਾਊਦ ਦਾ ਭਜਨ ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, ਮੇਰੇ ਲਈ ਛੇਤੀ ਕਰ, ਜਦ ਮੈਂ ਤੈਨੂੰ ਪੁਕਾਰਾਂ, ਤਾਂ ਮੇਰੀ ਅਵਾਜ਼ ਤੇ ਕੰਨ ਲਾ !

2 ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂੰ ਠਹਿਰੇ, ਅਤੇ ਮੇਰੇ ਹੱਥਾਂ ਦਾ ਉਠਾਉਣਾ ਸ਼ਾਮ ਦੀ ਭੇਟ ਵਰਗਾ ਹੋਵੇ ।

3 ਹੇ ਯਹੋਵਾਹ, ਮੇਰੇ ਮੂੰਹ ਤੇ ਪਹਿਰਾ ਬਿਠਾ, ਮੇਰੇ ਬੁੱਲ੍ਹਾਂ ਉੱਤੇ ਰਾਖਾ ਰੱਖ !

4 ਮੇਰੇ ਦਿਲ ਨੂੰ ਕਿਸੇ ਕਿਸੇ ਬੁਰੀ ਗੱਲ ਵੱਲ ਨਾ ਮੋੜ, ਕਿ ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ, ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਤੋਂ ਖਾਣ ਨਾ ਦੇ !

5 ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ, ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ, ਉਨ੍ਹਾਂ ਦੀਆਂ ਬੁਰਿਆਈਆਂ ਵਿੱਚ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ ।

6 ਉਨ੍ਹਾਂ ਦੇ ਨਿਆਈ ਚੱਟਾਨ ਦੇ ਪਾਸੇ ਤੋਂ ਡੇਗੇ ਗਏ, ਅਤੇ ਓਹ ਮੇਰੀਆਂ ਗੱਲਾਂ ਸੁਣਨਗੇ ਕਿ ਓਹ ਮਿੱਠੀਆਂ ਹਨ ।

7 ਜਿਵੇਂ ਕੋਈ ਭੂਮੀ ਉੱਤੇ ਲੱਕੜ ਵੱਢੇ ਤੇ ਚੀਰ੍ਹੇ, ਤਿਵੇਂ ਸਾਡੀਆਂ ਹੱਡੀਆਂ ਪਤਾਲ ਦੇ ਮੂੰਹ ਖਿੰਡਾਈਆਂ ਗਈਆਂ ।

8 ਹੇ ਪ੍ਰਭੂ ਯਹੋਵਾਹ, ਮੇਰੀਆਂ ਅੱਖਾਂ ਤੇਰੀ ਵੱਲ ਹਨ, ਮੈਂ ਤੇਰਾ ਸ਼ਰਨਾਰਥੀ ਹਾਂ, ਮੇਰੇ ਪ੍ਰਾਣ ਨਾ ਕੱਢ !

9 ਉਸ ਫਾਹੀ ਤੋਂ ਜਿਹੜੀ ਉਨ੍ਹਾਂ ਨੇ ਮੇਰੇ ਲਈ ਲਾਈ ਹੈ, ਅਤੇ ਬਦਕਾਰਾਂ ਦੇ ਫੰਧਿਆਂ ਤੋਂ ਮੈਨੂੰ ਬਚਾ ਲੈ !

10 ਦੁਸ਼ਟ ਆਪਣੇ ਜਾਲ਼ਾਂ ਵਿੱਚ ਡਿੱਗ ਪੈਣ, ਜਿਸ ਵੇਲੇ ਮੈਂ ਲੰਘ ਜਾਂਵਾਂ !