Psalm 118 in Panjabi

1 ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, ਉਹ ਦੀ ਦਯਾ ਤਾਂ ਸਦੀਪਕ ਹੈ !

2 ਇਸਰਾਏਲ ਵੀ ਆਖੇ, ਕਿ ਉਹ ਦੀ ਦਯਾ ਸਦੀਪਕ ਹੈ ।

3 ਹਾਰੂਨ ਦਾ ਘਰਾਣਾ ਵੀ ਆਖੇ, ਕਿ ਉਹ ਦੀ ਦਯਾ ਸਦੀਪਕ ਹੈ ।

4 ਯਹੋਵਾਹ ਤੋਂ ਡਰਨ ਵਾਲੇ ਵੀ ਆਖਣ, ਕਿ ਉਹ ਦੀ ਦਯਾ ਸਦੀਪਕ ਹੈ ! ।

5 ਮੈਂ ਦੁੱਖ ਵਿੱਚ ਯਹੋਵਾਹ ਨੂੰ ਪੁਕਾਰਿਆ, ਯਹੋਵਾਹ ਨੇ ਉੱਤਰ ਦੇ ਕੇ ਮੈਨੂੰ ਖੁੱਲ੍ਹੇ ਥਾਂ ਵਿੱਚ ਰੱਖਿਆ ।

6 ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸਕਦਾ ਹੈ ?

7 ਯਹੋਵਾਹ ਮੇਰੀ ਵੱਲ ਮੇਰੇ ਸਹਾਇਕਾਂ ਵਿੱਚ ਹੈ, ਅਤੇ ਮੈਂ ਆਪਣੇ ਦੁਸ਼ਮਨਾਂ ਨੂੰ ਵੇਖ ਲਵਾਂਗਾ ।

8 ਆਦਮੀ ਉੱਤੇ ਭਰੋਸੇ ਰੱਖਣ ਨਾਲੋਂ, ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ ।

9 ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ ।

10 ਸਾਰੀਆਂ ਕੌਮਾਂ ਨੇ ਮੈਨੂੰ ਘੇਰਾ ਪਾ ਲਿਆ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ ।

11 ਉਨ੍ਹਾਂ ਨੇ ਮੈਨੂੰ ਘੇਰ ਲਿਆ, ਆਹੋ, ਉਨ੍ਹਾਂ ਨੇ ਮੈਨੂੰ ਘੇਰਾ ਪਾ ਲਿਆ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ ।

12 ਉਨ੍ਹਾਂ ਨੇ ਸ਼ਹਿਤ ਦੀਆਂ ਮੱਖੀਆਂ ਵਾਂਗੂੰ ਮੈਨੂੰ ਘੇਰ ਲਿਆ, ਓਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ ।

13 ਤੂੰ ਮੈਨੂੰ ਡੇਗਣ ਲਈ ਵੱਡਾ ਧੱਕਾ ਦਿੱਤਾ, ਪਰ ਯਹੋਵਾਹ ਨੇ ਮੇਰੀ ਸਹਾਇਤਾ ਕੀਤੀ ।

14 ਯਹੋਵਾਹ ਮੇਰਾ ਬਲ ਤੇ ਗੀਤ ਹੈ, ਉਹ ਮੇਰਾ ਬਚਾਓ ਹੈਗਾ ।

15 ਧਰਮੀਆਂ ਦੇ ਡੇਰਿਆਂ ਵਿੱਚ ਬਚਾਓ ਤੇ ਜੈਕਾਰੇ ਦੀ ਅਵਾਜ਼ ਹੈ, ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ ।

16 ਯਹੋਵਾਹ ਦਾ ਸੱਜਾ ਹੱਥ ਉੱਚਾ ਹੋਇਆ ਹੈ, ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ ।

17 ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਆਂਗਾ, ਅਤੇ ਯਹੋਵਾਹ ਦੇ ਕੰਮਾਂ ਦਾ ਵਰਣਨ ਕਰਾਂਗਾ ।

18 ਯਹੋਵਾਹ ਨੇ ਮੈਨੂੰ ਬਹੁਤ ਤਾੜਿਆ, ਪਰ ਮੈਨੂੰ ਮੌਤ ਦੇ ਹਵਾਲੇ ਨਾ ਕੀਤਾ ।

19 ਧਰਮ ਦੇ ਫਾਟਕ ਮੇਰੇ ਲਈ ਖੋਲ੍ਹ ਦਿਓ, ਤਾਂ ਮੈਂ ਉਨ੍ਹਾਂ ਵਿੱਚ ਜਾ ਕੇ ਯਹੋਵਾਹ ਦਾ ਧੰਨਵਾਦ ਕਰਾਂਗਾ ।

20 ਯਹੋਵਾਹ ਦਾ ਫਾਟਕ ਇਹ ਹੈ, ਧਰਮੀ ਇਹ ਦੇ ਵਿਚੋਂ ਦੀ ਜਾਣਗੇ ।

21 ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦਿੱਤਾ ਹੈ, ਤੂੰ ਮੇਰਾ ਬਚਾਓ ਹੋਇਆ ਹੈਂ ।

22 ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰ ਹੋ ਗਿਆ ।

23 ਏਹ ਯਹੋਵਾਹ ਦੀ ਵੱਲੋਂ ਹੈ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ ।

24 ਏਹ ਦਿਨ ਯਹੋਵਾਹ ਨੇ ਬਣਾਇਆ, ਉਸ ਵਿੱਚ ਅਸੀਂ ਬਾਗ ਬਾਗ ਤੇ ਅਨੰਦ ਹੋਈਏ !

25 ਹੇ ਯਹੋਵਾਹ, ਬਿਨਤੀ ਹੈ, ਬਚਾ ਲੈ, ਹੇ ਯਹੋਵਾਹ, ਬਿਨਤੀ ਹੈ, ਨਿਹਾਲ ਕੇ !

26 ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ, ਅਸੀਂ ਤੁਹਾਨੂੰ ਯਹੋਵਾਹ ਦੇ ਭਵਨ ਤੋਂ ਬਰਕਤ ਦਿੱਤੀ ।

27 ਯਹੋਵਾਹ ਪਰਮੇਸ਼ੁਰ ਹੈ ਅਤੇ ਉਹ ਨੇ ਸਾਡੇ ਲਈ ਚਾਨਣ ਕੀਤਾ, ਜਗ ਪਸੂ ਨੂੰ ਰੱਸਿਆਂ ਨਾਲ ਬੰਨ੍ਹ ਦਿਓ, — ਜਗਵੇਦੀ ਦੇ ਸਿੰਙਾਂ ਤੱਕ ।

28 ਮੇਰਾ ਪਰਮੇਸ਼ੁਰ ਤੂੰ ਹੈਂ, ਮੈਂ ਤੇਰਾ ਧੰਨਵਾਦ ਕਰਾਂਗਾ । ਹੇ ਮੇਰੇ ਪਰਮੇਸ਼ੁਰ, ਮੈਂ ਤੇਰੀ ਬਜ਼ੁਰਗੀ ਕਰਾਂਗਾ ।

29 ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, ਉਹ ਦੀ ਦਯਾ ਜੋ ਸਦੀਪਕ ਹੈ ।