Psalm 115 in Panjabi

1 ਸਾਨੂੰ ਨਹੀਂ, ਹੇ ਯਹੋਵਾਹ, ਸਾਨੂੰ ਨਹੀਂ, ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਯਾ ਤੇ ਸਚਿਆਈ ਦੇ ਕਾਰਨ ਵਡਿਆਈ ਦੇ !

2 ਕੌਮਾਂ ਇਉਂ ਆਖਣ, ਉਨ੍ਹਾਂ ਦਾ ਪਰਮੇਸ਼ੁਰ ਕਿੱਥੇ ਹੋਊ ?

3 ਸਾਡਾ ਪਰਮੇਸ਼ੁਰ ਸਵਰਗ ਵਿੱਚ ਹੈ, ਉਹ ਨੇ ਜੋ ਚਾਹਿਆ ਸੋ ਕੀਤਾ ।

4 ਉਨ੍ਹਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ ।

5 ਉਨ੍ਹਾਂ ਦੇ ਮੂੰਹ ਤਾਂ ਹਨ ਪਰ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ,

6 ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਸੁਣਦੇ ਨਹੀਂ, ਉਨ੍ਹਾਂ ਦੇ ਨੱਕ ਤਾਂ ਹਨ ਪਰ ਓਹ ਸੁੰਘਦੇ ਨਹੀਂ,

7 ਉਨ੍ਹਾਂ ਦੇ ਹੱਥ ਵੀ ਹਨ ਪਰ ਓਹ ਫੜਦੇ ਨਹੀਂ, ਉਨ੍ਹਾਂ ਦੇ ਪੈਰ ਵੀ ਹਨ ਪਰ ਓਹ ਚੱਲਦੇ ਨਹੀਂ, ਨਾ ਓਹ ਆਪਣੇ ਸੰਘ ਤੋਂ ਹੁੰਗਾਰਾ ਭਰਦੇ ਹਨ !

8 ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ ।

9 ਹੇ ਇਸਰਾਏਲ, ਯਹੋਵਾਹ ਉੱਤੇ ਭਰੋਸਾ ਰੱਖ ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ ।

10 ਹੇ ਹਾਰੂਨ ਦੇ ਘਰਾਣੇ, ਯਹੋਵਾਹ ਉੱਤੇ ਭਰੋਸਾ ਰੱਖ ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ ।

11 ਹੇ ਯਹੋਵਾਹ ਤੋਂ ਡਰਨ ਵਾਲਿਓ, ਯਹੋਵਾਹ ਉੱਤੇ ਭਰੋਸਾ ਰੱਖੋ ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ ।

12 ਯਹੋਵਾਹ ਨੇ ਸਾਨੂੰ ਚੇਤੇ ਰੱਖਿਆ ਹੈ, ਉਹ ਬਰਕਤ ਦੇਵੇਗਾ, ਉਹ ਇਸਰਾਏਲ ਦੇ ਘਰਾਣੇ ਨੂੰ ਬਰਕਤ ਦੇਵੇਗਾ, ਉਹ ਹਾਰੂਨ ਦੇ ਘਰਾਣੇ ਨੂੰ ਬਰਕਤ ਦੇਵੇਗਾ !

13 ਉਹ ਯਹੋਵਾਹ ਤੋਂ ਡਰਨ ਵਾਲਿਆਂ ਨੂੰ ਬਰਕਤ ਦੇਵੇਗਾ, ਕੀ ਛੋਟੇ ਕੀ ਵੱਡੇ !

14 ਯਹੋਵਾਹ ਤੁਹਾਨੂੰ ਵਧਾਈ ਜਾਵੇ, ਤੁਹਾਨੂੰ ਤੇ ਤੁਹਾਡੇ ਬਾਲਕਾਂ ਨੂੰ ਵੀ !

15 ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ, ਜਿਹੜਾ ਅਕਾਸ਼ ਤੇ ਧਰਤੀ ਦਾ ਸਿਰਜਣਹਾਰ ਹੈ ।

16 ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ ।

17 ਮੁਰਦੇ ਯਹੋਵਾਹ ਦੀ ਉਸਤਤ ਨਹੀਂ ਕਰਦੇ, ਨਾ ਓਹ ਸਾਰੇ ਜਿਹੜੇ ਖਮੋਸ਼ੀ ਵਿੱਚ ਉਤਰ ਗਏ ਹਨ ।

18 ਪਰ ਅਸੀਂ ਯਹੋਵਾਹ ਨੂੰ ਮੁਬਾਰਕ ਆਖਾਂਗਾ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ । ਹਲਲੂਯਾਹ ! ।