Psalm 108 in Panjabi

1 ਗੀਤ । ਦਾਊਦ ਦਾ ਭਜਨ ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, ਮਾਂ ਗਾਵਾਂਗਾ, ਹਾਂ, ਮੈਂ ਆਪਣੇ ਪਰਤਾਪ ਸਣੇ ਭਜਨ ਕੀਰਤਨ ਕਰਾਂਗਾ !

2 ਹੇ ਸਤਾਰ ਤੇ ਬਰਬਤ, ਜਾਗੋ, ਮੈਂ ਫਜਰ ਨੂੰ ਵੀ ਜਗਾ ਦਿਆਂਗਾ !

3 ਹੇ ਯਹੋਵਾਹ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਅਤੇ ਉੱਮਤਾਂ ਵਿੱਚ ਤੇਰੇ ਭਜਨ ਕੀਰਤਨ ਕਰਾਂਗਾ ।

4 ਤੇਰੀ ਦਯਾ ਤਾਂ ਅਕਾਸ਼ਾਂ ਤੋਂ ਉੱਚੀ ਤੇ ਵੱਡੀ ਹੈ, ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਹੈ !

5 ਹੇ ਪਰਮੇਸ਼ੁਰ, ਅਕਾਸ਼ ਦੇ ਉਤਾਹਾਂ ਤੂੰ ਮਹਾਨ ਹੋ, ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ ! ।

6 ਤਾਂ ਜੋ ਤੇਰੇ ਪ੍ਰੀਤਮ ਛੁਡਾਏ ਜਾਣ, ਤੂੰ ਆਪਣੇ ਸੱਜੇ ਹੱਥ ਨਾਲ ਬਚਾ ਲੈ ਅਤੇ ਸਾਨੂੰ ਉੱਤਰ ਦੇ ।

7 ਪਰਮੇਸ਼ੁਰ ਆਪਣੀ ਪਵਿੱਤਰਤਾਈ ਨਾਲ ਬਚਨ ਕੀਤਾ ਹੈ, ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ਕਮ ਨੂੰ ਵੰਡਾਂਗਾ, ਮੈਂ ਸੁੱਕੋਥ ਦੀ ਦੂਣ ਨੂੰ ਮਿਣਾਂਗਾ ।

8 ਗਿਲਆਦ ਮੇਰਾ ਹੈ, ਮਨੱਸ਼ਹ ਵੀ, ਅਤੇ ਇਫਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜ ਡੰਡਾ ਹੈ,

9 ਮੋਆਬ ਮੇਰੀ ਚਿਲਮਚੀ ਹੈ, ਅਦੋਮ ਉੱਤੇ ਮੈਂ ਆਪਣਾ ਪੌਲਾ ਸੁੱਟਾਂਗਾ, ਫ਼ਲਿਸਤ ਉੱਤੇ ਮੈਂ ਨਾਰਾ ਮਾਰਾਂਗਾ ।

10 ਕੌਣ ਮੈਨੂੰ ਉਸ ਫ਼ਸੀਲਦਾਰ ਸ਼ਹਿਰ ਵਿੱਚ ਲੈ ਜਾਵੇਗਾ ? ਕੌਣ ਅਦੋਮ ਤੱਕ ਮੇਰੀ ਅਗਵਾਈ ਕਰੇਗਾ ?

11 ਹੇ ਪਰਮੇਸ਼ੁਰ, ਕੀ ਤੂੰ ਸਾਨੂੰ ਤਿਆਗ ਨਹੀਂ ਦਿੱਤਾ, ਕਿ ਤੂੰ, ਹੇ ਪਰਮੇਸ਼ੁਰ, ਸਾਡੀਆਂ ਸੈਨਾਂ ਦੇ ਸੰਗ ਨਹੀਂ ਚੱਲਦਾ ?

12 ਵਿਰੋਧੀ ਤੋਂ ਸਾਡੀ ਸਹਾਇਤਾ ਕਰ, ਕਿਉਂ ਜੋ ਆਦਮੀ ਦਾ ਬਚਾਓ ਵਿਅਰਥ ਹੈ ।

13 ਪਰਮੇਸ਼ੁਰ ਦੇ ਨਾਲ ਅਸੀਂ ਸੂਰਮਗਤੀ ਕਰਾਂਗੇ, ਉਹੀ ਸਾਡੇ ਵਿਰੋਧੀਆਂ ਨੂੰ ਲਤਾੜ ਸੁੱਟੇਗਾ ! ।