Proverbs 29 in Panjabi

1 ਜਿਹੜਾ ਬਾਰ-ਬਾਰ ਤਾੜਨਾ ਖਾ ਕੇ ਵੀ ਹਠ ਕਰੇ, ਉਹ ਅਚਾਨਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ ।

2 ਜਦ ਧਰਮੀ ਉੱਚੇ ਕੀਤੇ ਜਾਂਦੇ ਹਨ ਤਾਂ ਲੋਕ ਅਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਪਰਜਾ ਧਾਹਾਂ ਮਾਰਦੀ ਹੈ ।

3 ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਜਿਹੜਾ ਵੇਸਵਾ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ ।

4 ਨਿਆਂ ਨਾਲ ਰਾਜਾ ਦੇਸ ਨੂੰ ਦ੍ਰਿੜ ਕਰਦਾ ਹੈ, ਪਰ ਰਿਸ਼ਵਤ ਲੈਣ ਵਾਲਾ ਉਲਟਾ ਦਿੰਦਾ ਹੈ ।

5 ਜਿਹੜਾ ਮਨੁੱਖ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਜਾਲ ਵਿਛਾਉਂਦਾ ਹੈ ।

6 ਬੁਰੇ ਮਨੁੱਖ ਦਾ ਅਪਰਾਧ ਫਾਹੀ ਹੈ, ਪਰ ਧਰਮੀ ਮਨੁੱਖ ਅਨੰਦ ਹੋ ਕੇ ਜੈਕਾਰੇ ਗਜਾਉਂਦਾ ਹੈ ।

7 ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਉੱਤੇ ਧਿਆਨ ਦਿੰਦਾ ਹੈ, ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ ।

8 ਠੱਠਾ ਕਰਨ ਵਾਲੇ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਠੰਡਾ ਕਰ ਦਿੰਦੇ ਹਨ ।

9 ਜਦ ਬੁੱਧਵਾਨ ਮਨੁੱਖ ਮੂਰਖ ਨਾਲ ਵਿਵਾਦ ਕਰੇ, ਤਦ ਉਹ ਕ੍ਰੋਧਿਤ ਹੋ ਜਾਂਦਾ ਹੈ ਅਤੇ ਠੱਠਾ ਕਰਦਾ ਹੈ, ਉੱਥੇ ਸ਼ਾਂਤੀ ਨਹੀਂ ਰਹਿੰਦੀ ।

10 ਖੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦੇ ਹਨ, ਅਤੇ ਸਚਿਆਰਾਂ ਦੀ ਜਾਨ ਦੇ ਪਿੱਛੇ ਪਏ ਰਹਿੰਦੇ ਹਨ ।

11 ਮੂਰਖ ਆਪਣੇ ਮਨ ਦੀ ਸਾਰੀ ਗੱਲ ਖੋਲ੍ਹ ਦਿੰਦਾ ਹੈ, ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦਾ ਅਤੇ ਸ਼ਾਂਤ ਕਰ ਦਿੰਦਾ ਹੈ ।

12 ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ, ਤਾਂ ਉਹ ਦੇ ਸੱਭੇ ਨੌਕਰ ਦੁਸ਼ਟ ਹੋ ਜਾਣਗੇ ।

13 ਕੰਗਾਲ ਅਤੇ ਅਨ੍ਹੇਰ ਕਰਨ ਵਾਲਾ ਮਨੁੱਖ ਇੱਕੋ ਜਿਹੇ ਹਨ, ਯਹੋਵਾਹ ਓਹਨਾਂ ਦੋਹਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ ।

14 ਜਿਹੜਾ ਰਾਜਾ ਗਰੀਬਾਂ ਦਾ ਸੱਚਾ ਨਿਆਂ ਕਰਦਾ ਹੈ, ਉਹ ਦੀ ਗੱਦੀ ਸਦਾ ਬਣੀ ਰਹੇਗੀ ।

15 ਤਾੜਨਾ ਅਤੇ ਸੋਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ ।

16 ਜਦੋਂ ਦੁਸ਼ਟ ਪਰਬਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ, ਪਰ ਧਰਮੀ ਓਹਨਾਂ ਦਾ ਡਿੱਗਣਾ ਵੇਖਣਗੇ ।

17 ਆਪਣੇ ਪੁੱਤਰ ਨੂੰ ਤਾੜਨਾ ਦੇਹ ਤਾਂ ਉਹ ਤੈਨੂੰ ਸੁੱਖ ਦੇਵੇਗਾ, ਅਤੇ ਉਹ ਤੇਰੇ ਮਨ ਨੂੰ ਨਿਹਾਲ ਕਰੇਗਾ ।

18 ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ, ਪਰ ਜਿਹੜਾ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ ।

19 ਸੇਵਕ ਕੇਵਲ ਗੱਲਾਂ ਦੇ ਨਾਲ ਹੀ ਨਹੀਂ ਸੁਧਾਰਿਆ ਜਾਂਦਾ, ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ ਕਰਦਾ ।

20 ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ ? ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ ।

21 ਜਿਹੜਾ ਆਪਣੇ ਦਾਸ ਨੂੰ ਬਚਪਨ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਅਖ਼ੀਰ ਨੂੰ ਉਸ ਦਾ ਵਾਰਿਸ ਬਣ ਬੈਠੇਗਾ ।

22 ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਬਹੁਤ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ ।

23 ਆਦਮੀ ਦਾ ਹੰਕਾਰ ਉਹ ਨੂੰ ਨੀਵਾਂ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ ।

24 ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ, ਉਹ ਸੌਂਹ ਤਾਂ ਖਾਂਦਾ ਹੈ, ਪਰ ਦੱਸਦਾ ਕੁਝ ਨਹੀਂ ।

25 ਮਨੁੱਖ ਦਾ ਭੈ ਫਾਹੀ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ ।

26 ਹਾਕਮ ਨੂੰ ਮਿਲਣਾ ਬਹੁਤੇ ਚਾਹੁੰਦੇ ਹਨ, ਪਰ ਮਨੁੱਖ ਦਾ ਨਿਆਂ ਯਹੋਵਾਹ ਵੱਲੋਂ ਕੀਤਾ ਜਾਂਦਾ ਹੈ ।

27 ਧਰਮੀ ਕੁਨਿਆਈਂ ਤੋਂ ਘਿਣ ਕਰਦਾ ਹੈ, ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਣ ਕਰਦਾ ਹੈ ।