Proverbs 26 in Panjabi

1 ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ ਵਰਖਾ, ਤਿਵੇਂ ਮੂਰਖ ਨੂੰ ਆਦਰ ਸੂਤ ਨਹੀਂ ।

2 ਜਿਵੇਂ ਚਿੜੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਓਵੇਂ ਹੀ ਮੱਲੋ ਮੱਲੀ ਦਾ ਸਰਾਪ ਨਹੀਂ ਪੈਂਦਾ ।

3 ਘੋੜੇ ਦੇ ਲਈ ਚਾਬੁਕ, ਗਧੇ ਦੇ ਲਈ ਲਗਾਮ, ਅਤੇ ਮੂਰਖ ਦੀ ਪਿੱਠ ਲਈ ਸੋਟੀ ਹੁੰਦੀ ਹੈ ।

4 ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦੇ, ਕਿਤੇ ਤੂੰ ਵੀ ਉਹ ਦੇ ਵਰਗਾ ਨਾ ਹੋ ਜਾਵੇਂ ।

5 ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦੇ, ਕਿਤੇ ਉਹ ਆਪਣੇ ਲੇਖੇ ਵਿੱਚ ਬੁੱਧਵਾਨ ਨਾ ਬਣ ਬੈਠੇ ।

6 ਜਿਹੜਾ ਮੂਰਖ ਦੇ ਹੱਥ ਸੁਨੇਹਾ ਘੱਲਦਾ ਹੈ, ਉਹ ਆਪਣੇ ਪੈਰ ਤੇ ਕੁਹਾੜੀ ਮਾਰਦਾ ਅਤੇ ਜ਼ਹਿਰ ਪੀਂਦਾ ਹੈ ।

7 ਜਿਵੇਂ ਲੰਗੜੇ ਦੀਆਂ ਲਮਕਦੀਆਂ ਲੱਤਾਂ ਨਿਕੰਮੀਆਂ ਹਨ, ਓਵੇਂ ਮੂਰਖਾਂ ਦੇ ਮੂੰਹ ਵਿੱਚ ਕਹਾਉਤਾਂ ਹਨ ।

8 ਜਿਵੇਂ ਪੱਥਰਾਂ ਦੇ ਢੇਰ ਵਿੱਚ ਰਤਨਾਂ ਨੂੰ ਰੱਖਣਾ ਹੈ, ਓਵੇਂ ਮੂਰਖ ਨੂੰ ਆਦਰ ਦੇਣਾ ਹੈ,

9 ਜਿਵੇਂ ਸ਼ਰਾਬੀ ਦੇ ਹੱਥ ਵਿੱਚ ਕੰਡਾ ਚੁੱਭਦਾ ਹੈ, ਤਿਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ ।

10 ਜਿਵੇਂ ਤੀਰ ਅੰਦਾਜ਼ ਸਭਨਾਂ ਨੂੰ ਫੱਟੜ ਕਰਦਾ ਹੈ, ਤਿਵੇਂ ਉਹ ਹੈ ਜੋ ਮੂਰਖ ਅਤੇ ਲੰਘਣ ਵਾਲੇ ਨੂੰ ਮਜ਼ਦੂਰੀ ਤੇ ਲਾਉਂਦਾ ਹੈ ।

11 ਜਿਵੇਂ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ, ਓਵੇਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦਾ ਹੈ ।

12 ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ ? ਉਹ ਦੇ ਨਾਲੋਂ ਮੂਰਖ ਲਈ ਵਧੇਰੀ ਆਸ ਹੈ !

13 ਆਲਸੀ ਆਖਦਾ ਹੈ, ਰਾਹ ਵਿੱਚ ਤਾਂ ਸ਼ੇਰ ਹੈ, ਗਲੀਆਂ ਵਿੱਚ ਬਬਰ ਸ਼ੇਰ ਹੈ !

14 ਜਿਵੇਂ ਦਰਵਾਜ਼ਾ ਕਬਜ਼ੇ ਉੱਤੇ ਘੁੰਮਦਾ ਹੈ, ਓਵੇਂ ਆਲਸੀ ਆਪਣੇ ਮੰਜੇ ਉੱਤੇ ।

15 ਆਲਸੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ, ਪਰ ਉਸ ਨੂੰ ਫੇਰ ਮੂੰਹ ਤੱਕ ਲਿਆਉਣ ਨਾਲ ਉਹ ਥੱਕ ਜਾਂਦਾ ਹੈ ।

16 ਆਲਸੀ ਆਪਣੀ ਆਪ ਨੂੰ ਉਹਨਾਂ ਸੱਤਾਂ ਜਣਿਆਂ ਨਾਲੋਂ ਵੀ ਜੋ ਠੀਕ ਉੱਤਰ ਦੇਣ ਜੋਗ ਹਨ, ਬੁੱਧਵਾਨ ਸਮਝਦਾ ਹੈ ।

17 ਜਿਹੜਾ ਰਾਹ ਤੁਰਦਿਆਂ ਪਰਾਏ ਝਗੜੇ ਵਿੱਚ ਪੈਰ ਅੜਾਉਂਦਾ ਹੈ, ਉਹ ਉਸ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜੇ ।

18 ਜਿਵੇਂ ਇੱਕ ਅੱਗ ਅਤੇ ਮੌਤ ਦੇ ਤੀਰ ਸੁੱਟਦਾ ਹੈ,

19 ਤਿਹਾ ਹੀ ਉਹ ਹੈ ਜਿਹੜਾ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਆਖਦਾ ਹੈ, ਭਲਾ, ਮੈਂ ਮਜ਼ਾਕ ਨਹੀਂ ਸੀ ਕਰਦਾ ?

20 ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ, ਅਤੇ ਜਿੱਥੇ ਚੁਗਲੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ ।

21 ਜਿਵੇਂ ਅੰਗਿਆਰਿਆਂ ਉੱਤੇ ਕੋਇਲੇ ਅਤੇ ਅੱਗ ਉੱਤੇ ਲੱਕੜਾਂ, ਓਵੇਂ ਝਗੜੇ ਨੂੰ ਵਧਾਉਣ ਲਈ ਝਗੜਾਲੂ ਮਨੁੱਖ ਹੁੰਦਾ ਹੈ ।

22 ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਓਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ ।

23 ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ ਚੜ੍ਹਾਇਆ ਹੋਵੇ, ਤਿਵੇਂ ਬੁਰੇ ਦਿਲ ਵਾਲੇ ਪ੍ਰੇਮ ਭਰੇ ਬਚਨ ਹੁੰਦੇ ਹਨ ।

24 ਵੈਰੀ ਆਪਣੇ ਬੁੱਲਾਂ ਨਾਲ ਤਾਂ ਕਪਟ ਕਰਦਾ, ਅਤੇ ਆਪਣੇ ਅੰਦਰ ਧੋਖਾ ਰੱਖ ਛੱਡਦਾ ਹੈ ।

25 ਜਦ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤਾਂ ਉਹ ਦਾ ਵਿਸ਼ਵਾਸ ਨਾ ਕਰੀਂ, ਕਿਉਂ ਜੋ ਉਹ ਦੇ ਦਿਲ ਵਿੱਚ ਸੱਤ ਘਿਣਾਉਣੀਆਂ ਗੱਲਾਂ ਹਨ ।

26 ਭਾਂਵੇ ਉਹ ਦਾ ਵੈਰ ਧੋਖੇ ਦੇ ਕਾਰਨ ਲੁਕਿਆ ਵੀ ਰਹੇ, ਤਾਂ ਵੀ ਉਹ ਦੀ ਬੁਰਿਆਈ ਸਭਾ ਦੇ ਵਿੱਚ ਪਰਗਟ ਕੀਤੀ ਜਾਵੇਗੀ ।

27 ਜਿਹੜਾ ਟੋਆ ਪੁੱਟਦਾ ਹੈ ਉਹ ਆਪੇ ਉਸ ਵਿੱਚ ਡਿੱਗੇਗਾ, ਅਤੇ ਜਿਹੜਾ ਪੱਥਰ ਰੇੜਦਾ ਹੈ ਉਹ ਮੁੜ ਕੇ ਓਸੇ ਉੱਤੇ ਆਣ ਪਵੇਗਾ ।

28 ਝੂਠੀ ਜੀਭ ਉਹਨਾਂ ਨਾਲ ਵੈਰ ਰੱਖਦੀ ਹੈ ਜਿਨਾਂ ਨੂੰ ਉਸ ਨੇ ਕੁਚਲਿਆ, ਅਤੇ ਚਾਪਲੂਸ ਮੂੰਹ ਨਾਸ਼ ਕਰਦਾ ਹੈ ।