Proverbs 23 in Panjabi

1 ਜਦ ਤੂੰ ਕਿਸੇ ਹਾਕਮ ਦੇ ਨਾਲ ਰੋਟੀ ਖਾਣ ਬੈਠੇਂ, ਤਾਂ ਚੰਗੀ ਤਰਾਂ ਸੋਚ ਭਈ ਤੇਰੇ ਸਾਹਮਣੇ ਕੌਣ ਹੈ ।

2 ਜੇ ਤੂੰ ਪੇਟੂ ਹੈਂ, ਤਾਂ ਆਪਣੇ ਗਲੇ ਉੱਤੇ ਛੁਰੀ ਰੱਖ !

3 ਉਹ ਦੇ ਸੁਆਦਲੇ ਭੋਜਨ ਦਾ ਲੋਭ ਨਾ ਕਰੀਂ, ਕਿਉਂ ਜੋ ਉਹ ਧੋਖੇ ਦੀ ਰੋਟੀ ਹੈ ।

4 ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇ ।

5 ਕੀ ਤੂੰ ਉਸ ਚੀਜ਼ ਉੱਤੇ ਆਪਣੀ ਨਿਗਾਹ ਲਾਵੇਂਗਾ ਜੋ ਹੈ ਹੀ ਨਹੀਂ ? ਉਹ ਨੂੰ ਜ਼ਰੂਰ ਖੰਭ ਲੱਗਦੇ ਅਤੇ ਉਕਾਬ ਵਾਂਗੂੰ ਅਕਾਸ਼ ਵੱਲ ਉੱਡ ਜਾਂਦੀ ਹੈ ।

6 ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ, ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,

7 ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿਚਾਰ ਹਨ ਤੇਹਾ ਉਹ ਆਪ ਹੈ, ਉਹ ਤੈਨੂੰ ਆਖਦਾ ਤਾਂ ਹੈ “ਖਾਹ, ਪੀ” ਪਰ ਉਹ ਦਾ ਮਨ ਤੇਰੀ ਵੱਲ ਨਹੀਂ ਹੈ ।

8 ਜੋ ਗਰਾਹੀ ਤੂੰ ਖਾਧੀ ਹੈ ਉਹ ਨੂੰ ਉਗਲ ਦੇਵੇਂਗਾ, ਅਤੇ ਆਪਣੀਆਂ ਮਿੱਠੀਆਂ ਗੱਲਾਂ ਨੂੰ ਗੁਆ ਬੈਠੇਂਗਾ ।

9 ਮੂਰਖ ਦੇ ਸਾਹਮਣੇ ਨਾ ਬੋਲ, ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਹੀ ਜਾਣੇਗਾ ।

10 ਪੁਰਾਣੇ ਬੰਨਿਆਂ ਨੂੰ ਨਾ ਸਰਕਾ, ਅਤੇ ਯਤੀਮਾਂ ਦੇ ਖੇਤ ਵਿੱਚ ਨਾ ਵੜ,

11 ਕਿਉਂ ਜੋ ਉਹਨਾਂ ਦਾ ਛੁਡਾਉਣ ਵਾਲਾ ਸਮਰਥ ਹੈ, ਉਹਨਾਂ ਦਾ ਮੁਕੱਦਮਾ ਤੇਰੇ ਨਾਲ ਓਹੋ ਲੜੇਗਾ ।

12 ਆਪਣਾ ਮਨ ਸਿੱਖਿਆ ਵੱਲ, ਅਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ ।

13 ਬਾਲਕ ਦੇ ਤਾੜਨ ਦੇਣ ਤੋਂ ਨਾ ਰੁੱਕ, ਭਾਵੇਂ ਤੂੰ ਸੋਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ ਮਰੇਗਾ ।

14 ਤੂੰ ਸੋਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ ।

15 ਮੇਰੇ ਪੁੱਤਰ, ਜੇ ਤੇਰਾ ਮਨ ਬੁੱਧਵਾਨ ਹੋਵੇ, ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ !

16 ਅਤੇ ਜਦ ਤੇਰੇ ਮੂੰਹ ਤੋਂ ਸਿੱਧੀਆਂ ਗੱਲਾਂ ਨਿਕਲਣਗੀਆਂ, ਤਾਂ ਮੇਰਾ ਦਿਲ ਅਨੰਦਿਤ ਹੋਵੇਗਾ ।

17 ਤੇਰਾ ਮਨ ਪਾਪੀਆਂ ਨੂੰ ਦੇਖ ਕੇ ਨਾ ਕੁੜ੍ਹੇ, ਸਗੋਂ ਤੂੰ ਦਿਨ ਭਰ ਯਹੋਵਾਹ ਦਾ ਭੈ ਮੰਨ,

18 ਕਿਉਂ ਜੋ ਸੱਚ-ਮੁੱਚ ਅੰਤ ਵਿੱਚ ਫਲ ਮਿਲੇਗਾ, ਅਤੇ ਤੇਰੀ ਆਸ ਨਾ ਟੁੱਟੇਗੀ ।

19 ਹੇ ਮੇਰੇ ਪੁੱਤਰ, ਤੂੰ ਸੁਣ ਅਤੇ ਬੁੱਧਵਾਨ ਹੋ, ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ ।

20 ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ,

21 ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ ।

22 ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਬੁਢੇਪੇ ਦੇ ਸਮੇ ਤੁੱਛ ਨਾ ਜਾਣ ।

23 ਸੱਚ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ, ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ ।

24 ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹ ਦੇ ਬੁੱਧਵਾਨ ਪੁੱਤਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ ।

25 ਤੇਰੇ ਮਾਪੇ ਅਨੰਦ ਹੋਣ, ਤੈਨੂੰ ਜਨਮ ਦੇਣ ਵਾਲੀ ਖੁਸ਼ ਹੋਵੇ !

26 ਹੇ ਮੇਰੇ ਪੁੱਤਰ, ਆਪਣਾ ਮਨ ਮੇਰੇ ਵੱਲ ਦੇ, ਅਤੇ ਤੇਰੀਆਂ ਅੱਖਾਂ ਮੇਰੇ ਰਾਹਾਂ ਵੱਲ ਲੱਗੀਆਂ ਰਹਿਣ ।

27 ਵੇਸਵਾ ਤਾਂ ਇੱਕ ਡੂੰਘਾ ਟੋਆ ਹੈ, ਅਤੇ ਓਪਰੀ ਔਰਤ ਇੱਕ ਭੀੜਾ ਖੂਹ ਹੈ ।

28 ਉਹ ਡਾਕੂ ਵਾਂਗੂੰ ਘਾਤ ਲਾਉਂਦੀ ਹੈ, ਅਤੇ ਆਦਮੀਆਂ ਵਿੱਚ ਵਿਸ਼ਵਾਸਘਾਤੀਆਂ ਦੀ ਗਿਣਤੀ ਵਧਾਉਂਦੀ ਹੈ ।

29 ਕੌਣ ਹਾਏ ਹਾਏ ਕਰਦਾ ਹੈ ? ਕੌਣ ਅਫ਼ਸੋਸ ਕਰਦਾ ਹੈ ? ਕੌਣ ਝਗੜਾਲੂ ਹੈ ? ਕੌਣ ਕੁੜਦਾ ਹੈ ? ਕੌਣ ਐਵੇਂ ਘਾਇਲ ਹੁੰਦਾ ਹੈ ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ ?

30 ਓਹੋ ਹਨ ਜਿਹੜੇ ਮੈਅ ਪੀਣ ਉੱਤੇ ਚਿਰ ਲਿਉਂਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ ।

31 ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ ਚਮਕੇ, ਅਤੇ ਉਹ ਸਹਿਜ ਨਾਲ ਹੇਠਾਂ ਉਤਰੇ, ਤਾਂ ਤੂੰ ਉਹ ਦੀ ਵੱਲ ਨਾ ਤੱਕ ।

32 ਓੜਕ ਉਹ ਸੱਪ ਦੀ ਵਾਂਗੂੰ ਡੰਗ ਮਾਰਦੀ ਹੈ, ਅਤੇ ਠੂਹੇਂ ਵਾਂਗੂੰ ਡੰਗ ਮਾਰਦੀ ਹੈ !

33 ਤੇਰੀਆਂ ਅੱਖੀਆਂ ਅਨੋਖੀਆਂ ਚੀਜ਼ਾਂ ਵੇਖਣਗੀਆਂ, ਅਤੇ ਤੇਰਾ ਮਨ ਉਲਟੀਆਂ ਗੱਲਾਂ ਦੀ ਕਲਪਨਾ ਕਰੇਗਾ !

34 ਤੂੰ ਸਗੋਂ ਉਹ ਦੇ ਵਰਗਾ ਬਣ ਜਾਏਂਗਾ ਜਿਹੜਾ ਸਮੁੰਦਰ ਵਿੱਚ ਲੰਮਾ ਪਵੇ, ਅਥਵਾ ਮਸਤੂਲ ਦੇ ਸਿਰ ਉੱਤੇ ਲੇਟ ਜਾਵੇ ।

35 ਤੂੰ ਆਖੇਂਗਾ ਭਈ ਮੈਂ ਮਾਰ ਤਾਂ ਖਾਧੀ ਪਰ ਮੈਨੂੰ ਪੀੜ ਨਾ ਹੋਈ, ਮੈਂ ਕੁੱਟਿਆ ਤਾਂ ਗਿਆ ਪਰ ਮੈਨੂੰ ਕੁਝ ਸੁੱਧ ਨਹੀਂ ਸੀ । ਮੈਂ ਸੁਰਤ ਵਿੱਚ ਕਦੋਂ ਆਵਾਂਗਾ ? ਮੈਂ ਫੇਰ ਉਸ ਦੀ ਭਾਲ ਕਰਾਂਗਾ !