Proverbs 19 in Panjabi

1 ਪੁੱਠੀਆਂ ਗੱਲਾਂ ਕਰਨ ਵਾਲੇ ਮੂਰਖ ਨਾਲੋਂ, ਉਹ ਕੰਗਾਲ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ ।

2 ਮਨੁੱਖ ਦਾ ਗਿਆਨ ਰਹਿਤ ਹੋਣਾ ਵੀ ਚੰਗਾ ਨਹੀਂ, ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ ।

3 ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਅਤੇ ਉਹ ਮਨ ਵਿੱਚ ਯਹੋਵਾਹ ਤੇ ਚਿੜਨ ਲੱਗਦਾ ਹੈ ।

4 ਧਨੀ ਦੇ ਬਹੁਤ ਮਿੱਤਰ ਬਣ ਜਾਂਦੇ ਹਨ, ਪਰ ਗਰੀਬ ਦੇ ਮਿੱਤਰ ਉਸ ਤੋਂ ਅਲੱਗ ਹੋ ਜਾਂਦੇ ਹਨ ।

5 ਝੂਠਾ ਗਵਾਹ ਨਿਰਦੋਸ਼ ਨਾ ਠਹਿਰੇਗਾ, ਅਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਬਚੇਗਾ ।

6 ਪਰਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ, ਅਤੇ ਦਾਨੀ ਦੇ ਸੱਭੇ ਮਿੱਤਰ ਬਣ ਜਾਂਦੇ ਹਨ ।

7 ਜਦੋਂ ਕੰਗਾਲ ਦੇ ਸਾਰੇ ਭਰਾ ਵੀ ਉਸ ਨਾਲ ਵੈਰ ਰੱਖਦੇ ਹਨ, ਤਾਂ ਉਹ ਦੇ ਮਿੱਤਰ ਕਿਉਂ ਨਾ ਉਸ ਤੋਂ ਦੂਰ ਹੋ ਜਾਣਗੇ ? ਉਹ ਗੱਲਾਂ ਨਾਲ ਉਹਨਾਂ ਦਾ ਪਿੱਛਾ ਕਰਦਾ ਹੈ ਪਰ ਨਹੀਂ ਲੱਭਦੇ ਹਨ ।

8 ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਹ ਨੂੰ ਲਾਭ ਮਿਲੇਗਾ ।

9 ਝੂਠਾ ਗਵਾਹ ਨਿਰਦੋਸ਼ ਨਾ ਠਹਿਰੇਗਾ, ਅਤੇ ਜਿਹੜਾ ਝੂਠ ਬੋਲਦਾ ਹੈ ਉਹ ਦਾ ਨਾਸ ਹੋਵੇਗਾ ।

10 ਮੌਜ ਮਾਨਣਾ ਮੂਰਖ ਨੂੰ ਨਹੀਂ ਫੱਬਦਾ, ਤਾਂ ਸਰਦਾਰਾਂ ਉੱਤੇ ਸੇਵਕਾਂ ਦਾ ਹੁਕਮ ਚਲਾਉਣਾ ਕਿਵੇਂ ਫੱਬੇ ?

11 ਸਮਝ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦੀ ਹੈ, ਅਤੇ ਅਪਰਾਧ ਤੋਂ ਮੂੰਹ ਫ਼ੇਰ ਲੈਣ ਵਿੱਚ ਉਹ ਦੀ ਸ਼ਾਨ ਹੈ ।

12 ਰਾਜੇ ਦਾ ਕਹਿਰ ਬਬਰ ਸ਼ੇਰ ਦੇ ਗੱਜਣ ਵਰਗਾ ਹੈ, ਪਰ ਉਹ ਦੀ ਪ੍ਰਸੰਨਤਾ ਘਾਹ ਉੱਤੇ ਪਈ ਹੋਈ ਤ੍ਰੇਲ ਵਾਂਗੂੰ ਹੈ ।

13 ਮੂਰਖ ਪੁੱਤਰ ਪਿਤਾ ਦੇ ਲਈ ਬਿਪਤਾ ਹੈ, ਅਤੇ ਪਤਨੀ ਦੇ ਝਗੜੇ ਰਗੜੇ ਸਦਾ ਛੱਤ ਦੇ ਚੋਣ ਵਾਂਗੂੰ ਹਨ ।

14 ਘਰ ਅਤੇ ਧਨ ਪੁਰਖਿਆਂ ਤੋਂ ਮਿਰਾਸ ਵਿੱਚ ਮਿਲਦੇ ਹਨ, ਪਰ ਬੁੱਧਵਾਨ ਪਤਨੀ ਯਹੋਵਾਹ ਵੱਲੋਂ ਮਿਲਦੀ ਹੈ ।

15 ਆਲਸ ਘੂਕ ਨੀਂਦ ਵਿੱਚ ਪਾ ਦਿੰਦੀ ਹੈ, ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ ।

16 ਜਿਹੜਾ ਹੁਕਮ ਮੰਨਦਾ ਹੈ ਉਹ ਆਪਣੀ ਜਾਨ ਦੀ ਪਾਲਣਾ ਕਰਦਾ ਹੈ, ਪਰ ਜੋ ਆਪਣੇ ਚਾਲ-ਚੱਲਣ ਉੱਤੇ ਧਿਆਨ ਨਹੀਂ ਦਿੰਦਾ ਉਹ ਮਰ ਜਾਵੇਗਾ ।

17 ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੇ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ ।

18 ਜਦ ਤੱਕ ਆਸ ਹੈ ਆਪਣੇ ਪੁੱਤਰ ਨੂੰ ਤਾੜਨਾ ਦੇ, ਜਾਣ ਬੁੱਝ ਕੇ ਉਹ ਦੇ ਨਾਸ਼ ਦਾ ਕਾਰਨ ਨਾ ਬਣ ।

19 ਡਾਢੇ ਕ੍ਰੋਧੀ ਨੂੰ ਸਜ਼ਾ ਭੋਗਣ ਦੇ, ਜੇ ਤੂੰ ਉਹ ਨੂੰ ਛੁਡਾਵੇਂ ਤਾਂ ਤੈਨੂੰ ਬਾਰ-ਬਾਰ ਛੁਡਾਉਣਾ ਪਵੇਗਾ ।

20 ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ ਅੰਤ ਵਿੱਚ ਬੁੱਧਵਾਨ ਬਣੇਂ ।

21 ਮਨੁੱਖ ਦੇ ਮਨ ਵਿੱਚ ਅਨੇਕ ਯੋਜਨਾਵਾਂ ਹੁੰਦੀਆਂ ਹਨ, ਪਰ ਯਹੋਵਾਹ ਦੀ ਯੋਜਨਾ ਕਾਇਮ ਰਹੇਗੀ ।

22 ਮਨੁੱਖ ਦੀ ਦਯਾ ਦੇ ਕਾਰਨ ਉਸ ਨੂੰ ਪਸੰਦ ਕੀਤਾ ਜਾਂਦਾ ਹੈ, ਅਤੇ ਝੂਠੇ ਮਨੁੱਖ ਨਾਲੋਂ ਕੰਗਾਲ ਹੀ ਚੰਗਾ ਹੈ ।

23 ਯਹੋਵਾਹ ਦਾ ਭੈ ਮੰਨਣ ਨਾਲ ਜੀਵਨ ਦਾ ਵਾਧਾ ਹੁੰਦਾ ਹੈ, ਭੈ ਮੰਨਣ ਵਾਲਾ ਤ੍ਰਿਪਤ ਰਹੇਗਾ, ਅਤੇ ਬਿਪਤਾ ਤੋਂ ਬਚਿਆ ਰਹੇਗਾ ।

24 ਆਲਸੀ ਆਪਣੇ ਕਟੋਰੇ ਵਿੱਚ ਹੱਥ ਪਾਉਂਦਾ ਹੈ, ਪਰ ਐਂਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤੱਕ ਲਿਆਵੇ ।

25 ਠੱਠਾ ਕਰਨ ਵਾਲੇ ਨੂੰ ਮਾਰ ਤਾਂ ਭੋਲਾ ਸਿਆਣਾ ਹੋ ਜਾਵੇਗਾ, ਅਤੇ ਸਮਝ ਵਾਲੇ ਨੂੰ ਤਾੜਨਾ ਦੇ, ਉਹ ਗਿਆਨ ਨੂੰ ਸਮਝੇਗਾ ।

26 ਜਿਹੜਾ ਆਪਣੇ ਪਿਉ ਨੂੰ ਉਜਾੜ ਦਿੰਦਾ ਅਤੇ ਆਪਣੀ ਮਾਂ ਨੂੰ ਘਰੋਂ ਕੱਢ ਦਿੰਦਾ ਹੈ, ਉਹ ਨਿਰਾਦਰ ਅਤੇ ਸ਼ਰਮਿੰਦਗੀ ਦਾ ਕਾਰਨ ਹੋਵੇਗਾ ।

27 ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇ ।

28 ਨਿਕੰਮਾ ਗਵਾਹ ਨਿਆਂ ਨੂੰ ਠੱਠਿਆਂ ਵਿੱਚ ਉਡਾਉਂਦਾ ਹੈ, ਅਤੇ ਦੁਸ਼ਟਾਂ ਦਾ ਮੂੰਹ ਬੁਰਿਆਈ ਨੂੰ ਨਿਗਲ ਜਾਂਦਾ ਹੈ ।

29 ਠੱਠਾ ਕਰਨ ਵਾਲਿਆਂ ਦੇ ਲਈ ਸਜ਼ਾ ਤਿਆਰ ਹੈ, ਤੇ ਮੂਰਖਾਂ ਦੀ ਪਿੱਠ ਲਈ ਕੋਰੜੇ ਹਨ ।