Proverbs 10 in Panjabi

1 ਸੁਲੇਮਾਨ ਦੀਆਂ ਕਹਾਉਤਾਂ, ਬੁੱਧਵਾਨ ਪੁੱਤਰ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤਰ ਮਾਂ ਦੇ ਲਈ ਦੁੱਖ ਦਾ ਕਾਰਨ ਹੈ ।

2 ਬਦੀ ਨਾਲ ਇਕੱਠੇ ਕੀਤੇ ਖ਼ਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ ।

3 ਧਰਮੀ ਮਨੁੱਖ ਨੂੰ ਯਹੋਵਾਹ ਭੁੱਖਾ ਰਹਿਣ ਨਹੀਂ ਦਿੰਦਾ, ਪਰ ਦੁਸ਼ਟ ਦੀ ਲੋਚ ਉਹ ਪੂਰਾ ਹੋਣ ਨਹੀਂ ਦਿੰਦਾ ।

4 ਆਲਸੀ ਹੱਥ ਕੰਗਾਲ ਕਰਦਾ ਹੈ, ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ ।

5 ਜਿਹੜਾ ਧੁੱਪ ਦੇ ਵੇਲੇ ਇਕੱਠਾ ਕਰਦਾ ਹੈ ਉਹ ਸਿਆਣਾ ਪੁੱਤਰ ਹੈ, ਪਰ ਜਿਹੜਾ ਵਾਢੀ ਦੇ ਵੇਲੇ ਸੁੱਤਾ ਰਹਿੰਦਾ ਹੈ, ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ ।

6 ਧਰਮੀ ਦੇ ਸਿਰ ਉੱਤੇ ਬਹੁਤ ਅਸੀਸਾਂ ਹੁੰਦੀਆਂ ਹਨ, ਪਰ ਜ਼ੁਲਮ ਦੁਸ਼ਟਾਂ ਦੇ ਮੂੰਹ ਨੂੰ ਢੱਕ ਲੈਂਦਾ ਹੈ ।

7 ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾਂ ਦਾ ਨਾਮ ਮਿਟ ਜਾਵੇਗਾ ।

8 ਮਨ ਦਾ ਬੁੱਧਵਾਨ ਹੁਕਮ ਨੂੰ ਮੰਨਦਾ ਹੈ, ਪਰ ਬਕਵਾਸੀ ਮੂਰਖ ਡਿੱਗ ਪੈਂਦਾ ਹੈ ।

9 ਸਿੱਧਾ ਤੁਰਨ ਵਾਲਾ ਬੇਖਟਕੇ ਤੁਰਦਾ ਹੈ, ਅਤੇ ਜਿਹੜਾ ਟੇਢੀ ਚਾਲ ਚਲਦਾ ਹੈ ਉਹ ਉਜਾਗਰ ਹੋ ਜਾਵੇਗਾ ।

10 ਜਿਹੜਾ ਅੱਖਾਂ ਮਟਕਾਉਂਦਾ ਹੈ ਉਹ ਦੂਸਰਿਆਂ ਨੂੰ ਦੁੱਖ ਪਹੁੰਚਾਉਂਦਾ ਹੈ, ਅਤੇ ਬਕਵਾਸੀ ਮੂਰਖ ਡਿੱਗ ਪੈਂਦਾ ਹੈ ।

11 ਧਰਮੀ ਦਾ ਮੂੰਹ ਜੀਵਨ ਦਾ ਚਸ਼ਮਾ ਹੈ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ ।

12 ਵੈਰ ਝਗੜੇ ਛੇੜਦਾ ਹੈ, ਪਰੰਤੂ ਪ੍ਰੇਮ ਸਾਰਿਆਂ ਅਪਰਾਧਾਂ ਨੂੰ ਢੱਕ ਲੈਂਦਾ ਹੈ ।

13 ਸਮਝ ਵਾਲੇ ਦਿਆਂ ਬੁੱਲ੍ਹਾਂ ਉੱਤੇ ਬੁੱਧ ਲੱਭਦੀ ਹੈ, ਅਤੇ ਬੇਸਮਝ ਦੀ ਪਿੱਠ ਲਈ ਸੋਟੀ ਹੈ ।

14 ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ, ਪਰੰਤੂ ਮੂਰਖ ਦਾ ਮੂੰਹ ਵਿਨਾਸ਼ ਲਿਆਉਂਦਾ ਹੈ ।

15 ਧਨੀ ਦਾ ਧਨ ਉਹਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦੀ ਕੰਗਾਲੀ ਉਹਨਾਂ ਦੇ ਵਿਨਾਸ਼ ਦਾ ਕਾਰਨ ਹੈ ।

16 ਧਰਮੀ ਦੀ ਮਿਹਨਤ ਜੀਵਨ ਲਈ ਹੁੰਦੀ ਹੈ, ਪਰ ਦੁਸ਼ਟਾਂ ਦਾ ਨਫ਼ਾ ਪਾਪ ਲਈ ਹੈ ।

17 ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਤਾਂ ਜੀਵਨ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜਨਾ ਨੂੰ ਰੱਦ ਕਰਦਾ ਹੈ ਉਹ ਰਾਹ ਤੋਂ ਭੁੱਲਿਆ ਹੋਇਆ ਹੈ ।

18 ਜਿਹੜਾ ਵੈਰ ਨੂੰ ਲੁਕੋ ਰੱਖਦਾ ਹੈ ਉਹ ਝੂਠਾ, ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ ।

19 ਜਿੱਥੇ ਬਹੁਤੀਆਂ ਗੱਲਾਂ ਹੁੰਦੀਆਂ ਹਨ, ਉੱਥੇ ਅਪਰਾਧ ਵੀ ਹੁੰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਰੋਕ ਰੱਖਦਾ ਹੈ ਉਹ ਬੁੱਧਵਾਨ ਹੈ ।

20 ਧਰਮੀ ਦੇ ਬੋਲ ਖਰੀ ਚਾਂਦੀ ਹਨ, ਪਰ ਦੁਸ਼ਟ ਦਾ ਮਨ ਤੁੱਛ ਹੈ ।

21 ਧਰਮੀ ਦੇ ਬੋਲ ਬਹੁਤਿਆਂ ਨੂੰ ਰਜਾਉਂਦੇ ਹਨ, ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ ।

22 ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਦੁੱਖ ਨਹੀਂ ਮਿਲਾਉਂਦਾ ।

23 ਮੂਰਖ ਲਈ ਤਾਂ ਪਾਪ ਕਰਨਾ ਹਾਸੇ ਦੀ ਗੱਲ ਹੈ, ਪਰ ਸਮਝ ਵਾਲੇ ਮਨੁੱਖ ਵਿੱਚ ਬੁੱਧ ਪਾਈ ਜਾਂਦੀ ਹੈ ।

24 ਦੁਸ਼ਟ ਜਿਸ ਬਿਪਤਾ ਤੋਂ ਡਰਦਾ ਹੈ, ਉਹੋ ਉਸ ਉਤੇ ਆਣ ਪਵੇਗੀ, ਪਰ ਧਰਮੀ ਦੀ ਇੱਛਿਆ ਪੂਰੀ ਕੀਤੀ ਜਾਵੇਗੀ ।

25 ਦੁਸ਼ਟ ਵਾਵਰੋਲੇ ਵਾਂਗੂੰ ਲੰਘ ਜਾਂਦਾ ਹੈ, ਪਰ ਧਰਮੀ ਦੀ ਨੀਂਹ ਅਟੱਲ ਹੈ ।

26 ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ ਹੈ, ਉਸੇ ਤਰ੍ਹਾਂ ਹੀ ਆਲਸੀ ਆਪਣੇ ਭੇਜਣ ਵਾਲਿਆਂ ਲਈ ਹੈ ।

27 ਯਹੋਵਾਹ ਦਾ ਭੈ ਉਮਰ ਵਧਾਉਂਦਾ ਹੈ, ਪਰ ਦੁਸ਼ਟਾਂ ਦੀ ਉਮਰ ਥੋੜ੍ਹੀ ਹੋਵੇਗੀ ।

28 ਧਰਮੀ ਦੀ ਆਸ ਉਸ ਦਾ ਅਨੰਦ ਹੈ, ਪਰ ਦੁਸ਼ਟ ਦੀ ਆਸ ਮਿਟ ਜਾਵੇਗੀ ।

29 ਯਹੋਵਾਹ ਦਾ ਰਾਹ ਖਰਿਆਂ ਲਈ ਪੱਕਾ ਗੜ੍ਹ ਹੈ, ਪਰ ਕੁਕਰਮੀਆਂ ਲਈ ਵਿਨਾਸ਼ ਹੈ ।

30 ਧਰਮੀ ਤਾਂ ਸਦਾ ਅਟੱਲ ਰਹਿਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ ।

31 ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ, ਪਰ ਟੇਢੀ ਜੀਭ ਵੱਢੀ ਜਾਵੇਗੀ ।

32 ਧਰਮੀ ਦੇ ਬੁੱਲ ਮਨ ਭਾਉਂਦੀ ਗੱਲ ਜਾਣਦੇ ਹਨ, ਪਰ ਦੁਸ਼ਟ ਦਾ ਮੂੰਹ ਪੁੱਠੀਆਂ ਗੱਲਾਂ ਬੋਲਦਾ ਹੈ ।