Lamentations 5 in Panjabi

1 ਹੇ ਯਹੋਵਾਹ, ਜੋ ਕੁਝ ਸਾਡੇ ਨਾਲ ਬੀਤੀ ਉਸ ਨੂੰ ਯਾਦ ਕਰ ! ਧਿਆਨ ਦੇ ਅਤੇ ਸਾਡੀ ਨਿਰਾਦਰੀ ਨੂੰ ਦੇਖ !

2 ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ, ਸਾਡੇ ਘਰ ਪਰਾਇਆਂ ਦੇ ਹੋ ਗਏ ।

3 ਅਸੀਂ ਯਤੀਮ ਹਾਂ, ਸਾਡੇ ਪਿਤਾ ਨਹੀਂ ਹਨ, ਸਾਡੀਆਂ ਮਾਵਾਂ ਵਿਧਵਾ ਵਾਂਗੂੰ ਹੋ ਗਈਆਂ ਹਨ ।

4 ਅਸੀਂ ਆਪਣਾ ਪਾਣੀ ਮੁੱਲ ਲੈ ਕੇ ਪੀਤਾ, ਅਤੇ ਸਾਡੀ ਲੱਕੜੀ ਸਾਨੂੰ ਮੁੱਲ ਦੇ ਕੇ ਮਿਲਦੀ ਹੈ ।

5 ਸਾਡਾ ਪਿੱਛਾ ਕਰਨ ਵਾਲੇ ਸਾਡੀਆਂ ਗਰਦਨਾਂ ਉੱਤੇ ਹਨ, ਅਸੀਂ ਥੱਕੇ ਹੋਏ ਹਾਂ ਪਰ ਸਾਨੂੰ ਅਰਾਮ ਨਹੀਂ ਮਿਲਦਾ ।

6 ਅਸੀਂ ਆਪ ਮਿਸਰ ਦੇ ਅਧੀਨ ਹੋ ਗਏ, ਅਤੇ ਅੱਸ਼ੂਰ ਦੇ ਵੀ, ਤਾਂ ਜੋ ਰੋਟੀ ਖਾ ਸਕੀਏ ।

7 ਸਾਡੇ ਪੁਰਖਿਆਂ ਨੇ ਪਾਪ ਕੀਤਾ ਅਤੇ ਉਹ ਚੱਲ ਵੱਸੇ, ਪਰ ਅਸੀਂ ਉਹਨਾਂ ਦੀ ਬੁਰਿਆਈ ਦਾ ਭਾਰ ਚੁੱਕਦੇ ਹਾਂ ।

8 ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ, ਸਾਨੂੰ ਉਨ੍ਹਾਂ ਦੇ ਹੱਥੋਂ ਛੁਡਾਉਣ ਵਾਲਾ ਕੋਈ ਨਹੀਂ ।

9 ਉਜਾੜ ਵਿੱਚ ਤਲਵਾਰ ਦੇ ਕਾਰਨ, ਅਸੀਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਰੋਟੀ ਕਮਾਉਂਦੇ ਹਾਂ ।

10 ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ, ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ ।

11 ਸੀਯੋਨ ਵਿੱਚ ਇਸਤਰੀਆਂ, ਅਤੇ ਯਹੂਦਾਹ ਦੇ ਨਗਰਾਂ ਵਿੱਚ ਕੁਆਰੀਆਂ ਭ੍ਰਿਸ਼ਟ ਕੀਤੀਆਂ ਗਈਆਂ ।

12 ਹਾਕਮ ਨੂੰ ਉਹਨਾਂ ਦੇ ਹੱਥਾਂ ਭਾਰ ਟੰਗਿਆ ਗਿਆ, ਬਜ਼ੁਰਗਾਂ ਦਾ ਕੁਝ ਮਾਣ ਨਾ ਕੀਤਾ ਗਿਆ ।

13 ਜੁਆਨਾਂ ਨੂੰ ਚੱਕੀ ਚਲਾਉਣੀ ਪਈ, ਬੱਚਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ ।

14 ਬਜ਼ੁਰਗ ਫਾਟਕ ਵਿੱਚ ਨਹੀਂ ਬੈਠਦੇ, ਅਤੇ ਜੁਆਨ ਆਪਣੇ ਗਾਉਣ ਵਜਾਉਣ ਤੋਂ ਹੱਟ ਗਏ ਹਨ ।

15 ਸਾਡੇ ਦਿਲਾਂ ਦੀ ਖੁਸ਼ੀ ਮੁੱਕ ਗਈ ਹੈ, ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ ।

16 ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ ਹੈ, ਸਾਡੇ ਉੱਤੇ ਹਾਇ ! ਕਿਉਂ ਜੋ ਅਸੀਂ ਪਾਪ ਕੀਤਾ ਹੈ ।

17 ਇਸੇ ਕਾਰਨ ਸਾਡੇ ਦਿਲ ਕਮਜ਼ੋਰ ਹੋ ਗਏ, ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖਾਂ ਧੁੰਦਲੀਆਂ ਪੈ ਗਈਆਂ,

18 ਕਿਉਂ ਜੋ ਸੀਯੋਨ ਪਰਬਤ ਉਜਾੜ ਹੋ ਗਿਆ, ਉਸ ਵਿੱਚ ਗਿੱਦੜ ਫਿਰਦੇ ਹਨ ।

19 ਹੇ ਯਹੋਵਾਹ, ਤੂੰ ਸਦਾ ਲਈ ਬਿਰਾਜਮਾਨ ਹੈਂ, ਤੇਰਾ ਸਿੰਘਾਸਣ ਪੀੜ੍ਹੀਓਂ ਪੀੜ੍ਹੀ ਕਾਇਮ ਹੈ ।

20 ਤੂੰ ਕਿਉਂ ਸਾਨੂੰ ਸਦਾ ਲਈ ਵਿਸਾਰ ਦਿੱਤਾ ਹੈ, ਅਤੇ ਕਿਉਂ ਸਾਨੂੰ ਇੰਨ੍ਹੇ ਲੰਬੇ ਸਮੇਂ ਲਈ ਤਿਆਗ ਦਿੱਤਾ ਹੈ ?

21 ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜ ਆਵਾਂਗੇ, ਸਾਡੇ ਦਿਨ ਪਹਿਲਾਂ ਵਾਂਗੂੰ ਨਵੇਂ ਬਣਾ ਦੇ ।

22 ਕੀ ਤੂੰ ਸਾਨੂੰ ਪੂਰੀ ਤਰ੍ਹਾਂ ਹੀ ਛੱਡ ਦਿੱਤਾ ਹੈ ? ਕੀ ਤੂੰ ਸਾਡੇ ਨਾਲ ਬਹੁਤ ਹੀ ਕ੍ਰੋਧਿਤ ਹੋ ਗਿਆ ਹੈਂ ?