Judges 20 in Panjabi
1 ਤਦ ਦਾਨ ਤੋਂ ਲੈ ਕੇ ਬਏਰਸਬਾ ਤੱਕ ਦੇ ਸਾਰੇ ਇਸਰਾਏਲੀ ਅਤੇ ਗਿਲਆਦ ਦੇ ਲੋਕ ਵੀ ਨਿੱਕਲੇ, ਅਤੇ ਸਾਰੀ ਮੰਡਲੀ ਇੱਕ ਮਨੁੱਖ ਵਾਂਗ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਇੱਕਠੀ ਹੋਈ ।
2 ਅਤੇ ਸਾਰੇ ਲੋਕਾਂ ਦੇ ਸਰਦਾਰ ਸਗੋਂ ਇਸਰਾਏਲ ਦੇ ਸਾਰੇ ਗੋਤਾਂ ਦੇ ਲੋਕ, ਜੋ ਪਰਮੇਸ਼ੁਰ ਦੇ ਲੋਕਾਂ ਦੀ ਸਭਾ ਵਿੱਚ ਆਏ, ਚਾਰ ਲੱਖ ਤਲਵਾਰ ਧਾਰੀ ਪਿਆਦੇ ਸਨ ।
3 ਬਿਨਯਾਮੀਨੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਫਾਹ ਵਿੱਚ ਇਕੱਠੇ ਹੋਏ ਹਨ ਅਤੇ ਇਸਰਾਏਲੀ ਪੁੱਛਣ ਲੱਗੇ, “ਸਾਨੂੰ ਦੱਸੋ ਕਿ ਇਹ ਬੁਰਿਆਈ ਕਿਸ ਤਰ੍ਹਾਂ ਹੋਈ ? “
4 ਤਦ ਉਸ ਲੇਵੀ ਨੇ ਜੋ ਉਸ ਮਾਰੀ ਗਈ ਇਸਤਰੀ ਦਾ ਪਤੀ ਸੀ, ਉੱਤਰ ਦੇ ਕੇ ਕਿਹਾ, “ਮੈਂ ਆਪਣੀ ਰਖ਼ੈਲ ਦੇ ਨਾਲ ਬਿਨਯਾਮੀਨ ਦੇ ਗਿਬਆਹ ਵਿੱਚ ਰਾਤ ਕੱਟਣ ਲਈ ਗਿਆ ਸੀ ।
5 ਤਦ ਗਿਬਆਹ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਘਰ ਦੇ ਦੁਆਲੇ ਘਾਤ ਲਾ ਕੇ ਬੈਠੇ ਅਤੇ ਮੈਨੂੰ ਮਾਰਨਾ ਚਾਹੁੰਦੇ ਸਨ ਅਤੇ ਮੇਰੀ ਰਖ਼ੈਲ ਨਾਲ ਅਜਿਹਾ ਕੁਕਰਮ ਕੀਤਾ ਕਿ ਉਹ ਮਰ ਗਈ ।
6 ਤਦ ਮੈਂ ਆਪਣੀ ਰਖ਼ੈਲ ਨੂੰ ਲੈ ਕੇ ਟੁੱਕੜੇ-ਟੁੱਕੜੇ ਕੀਤਾ ਅਤੇ ਉਸ ਨੂੰ ਇਸਰਾਏਲ ਦੇ ਹਿੱਸੇ ਦੇ ਸਾਰੇ ਦੇਸ਼ ਵਿੱਚ ਭੇਜਿਆ ਕਿਉਂ ਜੋ ਉਨ੍ਹਾਂ ਨੇ ਇਸਰਾਏਲ ਵਿੱਚ ਅਜਿਹਾ ਲੁੱਚਪੁਣਾ ਅਤੇ ਦੁਸ਼ਟਤਾ ਕੀਤੀ ਹੈ ।
7 ਵੇਖੋ, ਹੇ ਇਸਰਾਏਲੀਓ, ਅਤੇ ਇੱਥੇ ਹੀ ਤੁਸੀਂ ਆਪਣਾ ਮੱਤ ਦੱਸੋ ।”
8 ਤਦ ਸਾਰੇ ਲੋਕ ਇੱਕ ਮਨੁੱਖ ਵਾਂਗ ਉੱਠੇ ਅਤੇ ਕਹਿਣ ਲੱਗੇ, “ਨਾ ਤਾਂ ਸਾਡੇ ਵਿੱਚੋਂ ਕੋਈ ਆਪਣੇ ਤੰਬੂ ਵੱਲ ਜਾਵੇਗਾ ਅਤੇ ਨਾ ਹੀ ਕੋਈ ਆਪਣੇ ਘਰ ਵੱਲ ਮੁੜੇਗਾ ।
9 ਪਰ ਹੁਣ ਅਸੀਂ ਗਿਬਆਹ ਨਾਲ ਇਹ ਕਰਾਂਗੇ ਅਰਥਾਤ ਅਸੀਂ ਪਰਚੀਆਂ ਪਾ ਕੇ ਉਹ ਦੇ ਉੱਤੇ ਚੜ੍ਹਾਈ ਕਰਾਂਗੇ,
10 ਅਤੇ ਅਸੀਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸੌ ਵਿੱਚੋਂ ਦਸ, ਹਜ਼ਾਰ ਵਿੱਚੋਂ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ ਮਨੁੱਖ ਵੱਖਰੇ ਕਰਾਂਗੇ ਤਾਂ ਜੋ ਉਹ ਫੌਜ ਲਈ ਭੋਜਨ ਵਸਤੂਆਂ ਲਿਆਉਣ, ਕਿਉਂ ਜੋ ਅਸੀਂ ਬਿਨਯਾਮੀਨ ਦੇ ਗਿਬਆਹ ਵਿੱਚ ਜਾ ਕੇ ਉਨ੍ਹਾਂ ਨਾਲ ਉਸੇ ਦੁਸ਼ਟਤਾ ਦੇ ਅਨੁਸਾਰ ਕਰਾਂਗੇ ਜਿਹੜੀ ਉਨ੍ਹਾਂ ਨੇ ਇਸਰਾਏਲ ਵਿੱਚ ਕੀਤੀ ਹੈ ।”
11 ਤਦ ਸਾਰੇ ਇਸਰਾਏਲੀ ਇੱਕ ਮਨੁੱਖ ਵਾਂਗ ਜੁੜ ਕੇ ਉਸ ਸ਼ਹਿਰ ਦੇ ਵਿਰੁੱਧ ਇਕੱਠੇ ਹੋਏ ।
12 ਇਸਰਾਏਲ ਦੇ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਗੋਤ ਵਿੱਚ ਇਹ ਪੁੱਛਣ ਲਈ ਮਨੁੱਖ ਭੇਜੇ, “ਭਈ ਇਹ ਕੀ ਬੁਰਿਆਈ ਹੈ ਜੋ ਤੁਹਾਡੇ ਵਿਚਕਾਰ ਹੋਈ ਹੈ ?
13 ਹੁਣ ਉਨ੍ਹਾਂ ਮਨੁੱਖਾਂ ਨੂੰ ਅਰਥਾਤ ਬਲਿਆਲ ਵੰਸ਼ੀਆਂ ਨੂੰ ਜੋ ਗਿਬਆਹ ਵਿੱਚ ਹਨ, ਸਾਡੇ ਹੱਥ ਵਿੱਚ ਸੌਂਪ ਦਿਉ ਤਾਂ ਜੋ ਅਸੀਂ ਉਨ੍ਹਾਂ ਨੂੰ ਮਾਰ ਕੇ ਇਸਰਾਏਲ ਵਿੱਚੋਂ ਬੁਰਿਆਈ ਦਾ ਨਾਸ਼ ਕਰ ਦੇਈਏ ।” ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀ ਭਰਾਵਾਂ ਦੀ ਗੱਲ ਨਾ ਮੰਨੀ
14 ਸਗੋਂ ਬਿਨਯਾਮੀਨੀ ਆਪੋ ਆਪਣੇ ਸ਼ਹਿਰਾਂ ਵਿੱਚੋਂ ਆ ਕੇ ਗਿਬਆਹ ਵਿੱਚ ਇਸ ਲਈ ਇਕੱਠੇ ਹੋਏ ਤਾਂ ਜੋ ਇਸਰਾਏਲੀਆਂ ਨਾਲ ਲੜਨ ਨੂੰ ਨਿੱਕਲਣ ।
15 ਅਤੇ ਉਸੇ ਦਿਨ ਗਿਬਆਹ ਦੇ ਵਾਸੀਆਂ ਤੋਂ ਬਿਨਾਂ ਜੋ ਸੱਤ ਸੌ ਚੁਣੇ ਹੋਏ ਜੁਆਨ ਸਨ, ਦੂਸਰੇ ਸ਼ਹਿਰਾਂ ਤੋਂ ਆਏ ਹੋਏ ਬਿਨਯਾਮੀਨੀ ਤਲਵਾਰ ਧਾਰੀ ਸੂਰਮਿਆਂ ਦੀ ਗਿਣਤੀ ਛੱਬੀ ਹਜ਼ਾਰ ਸੀ ।
16 ਇਨ੍ਹਾਂ ਸਾਰੇ ਲੋਕਾਂ ਵਿੱਚੋਂ ਸੱਤ ਸੌ ਚੁਣੇ ਹੋਏ ਜੁਆਨ ਖੱਬੇ ਸਨ, ਇਹ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ ।
17 ਬਿਨਯਾਮੀਨ ਤੋਂ ਬਿਨ੍ਹਾਂ ਇਸਰਾਏਲ ਦੇ ਲੋਕ ਚਾਰ ਲੱਖ ਤਲਵਾਰ ਧਾਰੀ ਸਨ ਅਤੇ ਇਹ ਸਭ ਯੋਧਾ ਸਨ ।
18 ਸਾਰੇ ਇਸਰਾਏਲੀ ਉੱਠ ਕੇ ਬੈਤੇਲ ਨੂੰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਤੋਂ ਸਲਾਹ ਮੰਗੀ, “ਸਾਡੇ ਵਿੱਚੋਂ ਬਿਨਯਾਮੀਨੀਆਂ ਨਾਲ ਲੜਾਈ ਕਰਨ ਨੂੰ ਪਹਿਲਾਂ ਕੌਣ ਜਾਵੇ ? “ ਯਹੋਵਾਹ ਨੇ ਕਿਹਾ, “ਪਹਿਲਾਂ ਯਹੂਦਾਹ ਜਾਵੇਗਾ ।”
19 ਤਦ ਇਸਰਾਏਲੀਆਂ ਨੇ ਸਵੇਰੇ ਉੱਠ ਕੇ ਗਿਬਆਹ ਦੇ ਸਾਹਮਣੇ ਤੰਬੂ ਲਾਏ,
20 ਅਤੇ ਇਸਰਾਏਲੀ ਪੁਰਖ ਬਿਨਯਾਮੀਨ ਨਾਲ ਲੜਨ ਨੂੰ ਨਿੱਕਲੇ ਅਤੇ ਇਸਰਾਏਲੀ ਪੁਰਖ ਗਿਬਆਹ ਵਿੱਚ ਉਨ੍ਹਾਂ ਦੇ ਸਾਹਮਣੇ ਕਤਾਰ ਬੰਨ ਕੇ ਲੜਾਈ ਦੇ ਲਈ ਆ ਕੇ ਖੜ੍ਹੇ ਹੋਏ ।
21 ਤਦ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲ ਕੇ ਉਸੇ ਦਿਨ ਬਾਈ ਹਜ਼ਾਰ ਇਸਰਾਏਲੀਆਂ ਨੂੰ ਮਾਰ ਕੇ ਮਿੱਟੀ ਵਿੱਚ ਰਲਾ ਦਿੱਤਾ ।
22 ਫਿਰ ਵੀ ਇਸਰਾਏਲੀ ਮਨੁੱਖਾਂ ਨੇ ਆਪਣੇ ਆਪ ਨੂੰ ਤਕੜਾ ਕਰ ਕੇ ਅਗਲੇ ਦਿਨ ਉਸੇ ਥਾਂ ਵਿੱਚ ਜਿੱਥੇ ਪਹਿਲੇ ਦਿਨ ਕਤਾਰ ਬੰਨ੍ਹੀ ਸੀ, ਫਿਰ ਕਤਾਰ ਬੰਨ੍ਹੀ ।
23 ਅਤੇ ਇਸਰਾਏਲੀ ਜਾ ਕੇ ਸ਼ਾਮ ਤੱਕ ਯਹੋਵਾਹ ਦੇ ਅੱਗੇ ਰੋਂਦੇ ਰਹੇ ਅਤੇ ਇਹ ਕਹਿ ਕੇ ਯਹੋਵਾਹ ਤੋਂ ਸਲਾਹ ਮੰਗੀ, “ਕੀ ਅਸੀਂ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਨ ਨੂੰ ਫੇਰ ਜਾਈਏ ਕਿ ਨਾ ? “ ਯਹੋਵਾਹ ਨੇ ਕਿਹਾ, “ਉਨ੍ਹਾਂ ਦੇ ਉੱਤੇ ਚੜ੍ਹਾਈ ਕਰੋ ।”
24 ਅਗਲੇ ਦਿਨ ਇਸਰਾਏਲੀ ਬਿਨਯਾਮੀਨੀਆਂ ਨਾਲ ਲੜਨ ਲਈ ਨੇੜੇ ਗਏ ।
25 ਤਦ ਅਗਲੇ ਦਿਨ ਫਿਰ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲਦੇ ਇਸਰਾਏਲੀਆਂ ਦੇ ਅਠਾਰਾਂ ਹਜ਼ਾਰ ਪੁਰਖਾਂ ਨੂੰ ਮਾਰ ਮਿੱਟੀ ਵਿੱਚ ਰਲਾ ਦਿੱਤਾ, ਇਹ ਸਭ ਤਲਵਾਰ ਧਾਰੀ ਮਨੁੱਖ ਸਨ ।
26 ਤਦ ਇਸਰਾਏਲੀ ਅਤੇ ਸਾਰੇ ਲੋਕ ਉੱਠ ਕੇ ਬੈਤੇਲ ਵਿੱਚ ਆਏ ਅਤੇ ਉੱਥੇ ਯਹੋਵਾਹ ਦੇ ਸਨਮੁਖ ਬੈਠ ਕੇ ਰੋਂਦੇ ਰਹੇ, ਅਤੇ ਉਸ ਦਿਨ ਸਾਰਿਆਂ ਨੇ ਸ਼ਾਮ ਤੱਕ ਵਰਤ ਰੱਖਿਆ ਅਤੇ ਹੋਮ ਦੀਆਂ ਅਤੇ ਸੁਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ ।
27 ਅਤੇ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁੱਛਿਆ ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਉੱਥੇ ਹੀ ਸੀ ।
28 ਅਤੇ ਹਾਰੂਨ ਦੇ ਪੁੱਤਰ ਅਲਆਜ਼ਾਰ ਦਾ ਪੁੱਤਰ ਫ਼ੀਨਿਹਾਸ ਉਨ੍ਹਾਂ ਦਿਨਾਂ ਵਿੱਚ ਉਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ । ਉਨ੍ਹਾਂ ਨੇ ਪੁੱਛਿਆ, “ਕੀ ਅਸੀਂ ਫਿਰ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਾਈ ਕਰਨ ਨੂੰ ਜਾਈਏ ਜਾਂ ਪਿੱਛੇ ਹਟ ਜਾਈਏ ? “ ਯਹੋਵਾਹ ਨੇ ਕਿਹਾ, “ਜਾਉ, ਕਿਉਂ ਜੋ ਕੱਲ ਮੈਂ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿਆਂਗਾ ।”
29 ਤਦ ਇਸਰਾਏਲੀਆਂ ਨੇ ਗਿਬਆਹ ਦੇ ਆਲੇ-ਦੁਆਲੇ ਘਾਤ ਲਾਉਣ ਵਾਲਿਆਂ ਨੂੰ ਬਿਠਾਇਆ ।
30 ਇਸਰਾਏਲੀਆਂ ਨੇ ਤੀਜੇ ਦਿਨ ਫਿਰ ਬਿਨਯਾਮੀਨੀਆਂ ਉੱਤੇ ਚੜ੍ਹਾਈ ਕੀਤੀ ਅਤੇ ਪਹਿਲਾਂ ਦੀ ਤਰ੍ਹਾਂ ਗਿਬਆਹ ਦੇ ਸਾਹਮਣੇ ਫਿਰ ਕਤਾਰ ਬੰਨ੍ਹੀ ।
31 ਤਦ ਬਿਨਯਾਮੀਨੀ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨ ਲਈ ਨਿੱਕਲੇ ਅਤੇ ਸ਼ਹਿਰ ਤੋਂ ਦੂਰ ਨਿੱਕਲ ਗਏ ਅਤੇ ਉਨ੍ਹਾਂ ਸੜਕਾਂ ਉੱਤੇ ਜਿਨ੍ਹਾਂ ਵਿੱਚੋਂ ਇੱਕ ਸੜਕ ਬੈਤੇਲ ਵੱਲ ਅਤੇ ਦੂਜੀ ਗਿਬਆਹ ਵੱਲ ਜਾਂਦੀ ਸੀ, ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਮੈਦਾਨ ਵਿੱਚ ਇਸਰਾਏਲ ਦੇ ਕੋਈ ਤੀਹ ਮਨੁੱਖ ਮਾਰੇ ਗਏ ।
32 ਤਾਂ ਬਿਨਯਾਮੀਨੀਆਂ ਕਹਿਣ ਲੱਗੇ, “ਪਹਿਲਾਂ ਦੀ ਤਰ੍ਹਾਂ ਹੀ ਉਹ ਸਾਡੇ ਕੋਲੋਂ ਹਾਰ ਗਏ ਹਨ,” ਪਰ ਇਸਰਾਏਲੀਆਂ ਨੇ ਕਿਹਾ, “ਆਉ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਸੜਕਾਂ ਉੱਤੇ ਖਿੱਚ ਲਿਆਈਏ ।”
33 ਤਦ ਸਾਰੇ ਇਸਰਾਏਲੀ ਆਪੋ-ਆਪਣੀ ਥਾਂ ਤੋਂ ਉੱਠ ਕੇ ਖੜ੍ਹੇ ਹੋ ਗਏ ਅਤੇ ਬਆਲ ਤਾਮਾਰ ਵਿੱਚ ਕਤਾਰ ਬੰਨ੍ਹੀ । ਉਸ ਸਮੇਂ ਉਹ ਇਸਰਾਏਲੀ ਜੋ ਘਾਤ ਵਿੱਚ ਬੈਠੇ ਹੋਏ ਸਨ, ਆਪਣੀਆਂ ਥਾਵਾਂ ਤੋਂ ਗਿਬਆਹ ਦੇ ਮੈਦਾਨ ਵਿੱਚ ਅਚਾਨਕ ਨਿੱਕਲ ਆਏ ।
34 ਤਦ ਸਾਰੇ ਇਸਰਾਏਲ ਵਿੱਚੋਂ ਚੁਣੇ ਹੋਏ ਦਸ ਹਜ਼ਾਰ ਜੁਆਨ ਗਿਬਆਹ ਉੱਤੇ ਆ ਪਏ ਅਤੇ ਭਿਆਨਕ ਲੜਾਈ ਹੋਣ ਲੱਗੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਬਿਪਤਾ ਸਾਡੇ ਉੱਤੇ ਪੈਣ ਵਾਲੀ ਹੈ ।
35 ਤਦ ਯਹੋਵਾਹ ਨੇ ਬਿਨਯਾਮੀਨ ਨੂੰ ਇਸਰਾਏਲ ਦੇ ਅੱਗੇ ਮਾਰਿਆ ਅਤੇ ਉਸ ਦਿਨ ਇਸਰਾਏਲੀਆਂ ਨੇ ਪੱਚੀ ਹਜ਼ਾਰ ਇੱਕ ਸੌ ਬਿਨਯਾਮੀਨੀਆਂ ਨੂੰ ਮਾਰ ਦਿੱਤਾ ਜੋ ਸਭ ਤਲਵਾਰ ਧਾਰੀ ਸਨ ।
36 ਤਦ ਬਿਨਯਾਮੀਨੀਆਂ ਨੇ ਵੇਖਿਆ ਕਿ ਅਸੀਂ ਹਾਰ ਗਏ ਹਾਂ ਇਸ ਲਈ ਕਿ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਦੇ ਅੱਗਿਓਂ ਭੱਜੇ ਕਿਉਂਕਿ ਉਨ੍ਹਾਂ ਨੇ ਘਾਤ ਵਿੱਚ ਬੈਠਣ ਵਾਲਿਆਂ ਉੱਤੇ ਭਰੋਸਾ ਰੱਖਿਆ ਜਿਨ੍ਹਾਂ ਨੂੰ ਉਨ੍ਹਾਂ ਨੇ ਗਿਬਆਹ ਦੇ ਦੁਆਲੇ ਬਿਠਾਇਆ ਸੀ ।
37 ਤਦ ਘਾਤ ਵਿੱਚ ਬੈਠਣ ਵਾਲੇ ਛੇਤੀ ਨਾਲ ਗਿਬਆਹ ਉੱਤੇ ਆਣ ਪਏ ਅਤੇ ਅੱਗੇ ਵੱਧ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ।
38 ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ ।
39 ਜਦ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਯਾਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿੱਚੋਂ ਕੋਈ ਤੀਹ ਮਨੁੱਖਾਂ ਨੂੰ ਮਾਰ ਦਿੱਤਾ ਕਿਉਂ ਜੋ ਉਹ ਕਹਿੰਦੇ ਸਨ ਕਿ ਪਹਿਲੀ ਲੜਾਈ ਵਾਂਗੂ ਉਹ ਸਾਡੇ ਤੋਂ ਹਾਰੇ ਜਾਂਦੇ ਹਨ ।
40 ਪਰ ਜਦੋਂ ਧੂੰਏਂ ਦਾ ਬੱਦਲ ਇੱਕਦਮ ਸ਼ਹਿਰ ਤੋਂ ਉੱਠਿਆ ਤਾਂ ਬਿਨਯਾਮੀਨੀਆਂ ਨੇ ਆਪਣੇ ਪਿੱਛੇ ਮੁੜ ਕੇ ਵੇਖਿਆ ਤਾਂ ਵੇਖੋ, ਸ਼ਹਿਰ ਤੋਂ ਅਕਾਸ਼ ਤੱਕ ਧੂੰਏਂ ਦਾ ਬੱਦਲ ਉੱਠ ਰਿਹਾ ਸੀ ।
41 ਤਦ ਇਸਰਾਏਲ ਦੇ ਮਨੁੱਖ ਮੁੜੇ ਅਤੇ ਬਿਨਯਾਮੀਨ ਦੇ ਲੋਕ ਇਹ ਵੇਖ ਕੇ ਘਬਰਾ ਗਏ ਕਿ ਬਿਪਤਾ ਉਨ੍ਹਾਂ ਦੇ ਉੱਤੇ ਆਣ ਪਈ ਹੈ !
42 ਇਸ ਲਈ ਉਹ ਇਸਰਾਏਲ ਦੇ ਮਨੁੱਖਾਂ ਨੂੰ ਆਪਣੀ ਪਿੱਠ ਵਿਖਾ ਕੇ ਉਜਾੜ ਵੱਲ ਭੱਜ ਗਏ ਪਰ ਉਨ੍ਹਾਂ ਨਾਲ ਲੜਾਈ ਹੁੰਦੀ ਹੀ ਰਹੀ ਅਤੇ ਉਹ ਲੋਕ ਜਿਹੜੇ ਦੂਸਰੇ ਸ਼ਹਿਰਾਂ ਤੋਂ ਆਏ ਸਨ, ਉਨ੍ਹਾਂ ਨੂੰ ਇਸਰਾਏਲੀ ਰਸਤੇ ਵਿੱਚ ਮਾਰਦੇ ਗਏ ।
43 ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗਿਬਆਹ ਦੇ ਪੂਰਬ ਵੱਲ ਦੀ ਛਾਉਣੀ ਤੱਕ ਉਨ੍ਹਾਂ ਨੂੰ ਖਦੇੜਦੇ ਗਏ ।
44 ਬਿਨਯਾਮੀਨੀਆਂ ਦੇ ਅਠਾਰਾਂ ਹਜ਼ਾਰ ਪੁਰਖ ਮਾਰੇ ਗਏ । ਉਹ ਸਾਰੇ ਸੂਰਬੀਰ ਮਨੁੱਖ ਸਨ ।
45 ਤਦ ਉਹ ਘੁੰਮ ਕੇ ਉਜਾੜ ਵਿੱਚ ਰਿੰਮੋਨ ਦੀ ਪਹਾੜੀ ਵੱਲ ਭੱਜ ਗਏ ਪਰ ਇਸਰਾਏਲੀਆਂ ਨੇ ਉਨ੍ਹਾਂ ਵਿੱਚੋਂ ਪੰਜ ਹਜ਼ਾਰ ਨੂੰ ਚੁਣ-ਚੁਣ ਕੇ ਸੜਕਾਂ ਉੱਤੇ ਮਾਰ ਦਿੱਤਾ ਅਤੇ ਫਿਰ ਗਿਦੋਮ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਵਿੱਚੋਂ ਦੋ ਹਜ਼ਾਰ ਪੁਰਖ ਹੋਰ ਮਾਰ ਦਿੱਤੇ ।
46 ਸਭ ਬਿਨਯਾਮੀਨੀ ਜੋ ਉਸ ਦਿਨ ਮਾਰੇ ਗਏ ਉਹ ਪੱਚੀ ਹਜ਼ਾਰ ਤਲਵਾਰ ਧਾਰੀ ਜੁਆਨ ਸਨ ਅਤੇ ਇਹ ਸਾਰੇ ਸੂਰਬੀਰ ਸਨ ।
47 ਪਰ ਛੇ ਸੌ ਪੁਰਖ ਘੁੰਮ ਕੇ ਉਜਾੜ ਵੱਲ ਭੱਜੇ ਅਤੇ ਰਿੰਮੋਨ ਦੀ ਪਹਾੜੀ ਵੱਲ ਚਲੇ ਗਏ ਅਤੇ ਚਾਰ ਮਹੀਨੇ ਤੱਕ ਉੱਥੇ ਹੀ ਰਹੇ ।
48 ਤਦ ਇਸਰਾਏਲ ਦੇ ਮਨੁੱਖਾਂ ਨੇ ਮੁੜ ਕੇ ਬਿਨਯਾਮੀਨੀਆਂ ਉੱਤੇ ਫੇਰ ਹਮਲਾ ਕੀਤਾ, ਅਤੇ ਸਾਰੇ ਸ਼ਹਿਰਾਂ ਵਿੱਚ ਮਨੁੱਖਾਂ ਨੂੰ, ਪਸ਼ੂਆਂ ਨੂੰ ਅਤੇ ਉਹ ਸਭ ਕੁਝ ਜੋ ਉਨ੍ਹਾਂ ਨੂੰ ਲੱਭਿਆ, ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿੱਤਾ ਅਤੇ ਜਿੰਨੇ ਸ਼ਹਿਰ ਉਨ੍ਹਾਂ ਨੂੰ ਲੱਭੇ ਉਹ ਸਾਰੇ ਅੱਗ ਨਾਲ ਸਾੜ ਦਿੱਤੇ ।