Judges 11 in Panjabi

1 ਗਿਲਆਦ ਵਿੱਚ ਯਿਫ਼ਤਾਹ ਨਾਮਕ ਇੱਕ ਮਨੁੱਖ ਵੱਡਾ ਸੂਰਮਾ ਸੀ । ਉਹ ਇੱਕ ਵੇਸਵਾ ਦਾ ਪੁੱਤਰ ਸੀ ਅਤੇ ਯਿਫ਼ਤਾਹ ਦਾ ਪਿਤਾ ਗਿਲਆਦ ਸੀ ।

2 ਗਿਲਆਦ ਦੀ ਪਤਨੀ ਨੇ ਵੀ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਜਦ ਉਸ ਦੇ ਪੁੱਤਰ ਵੱਡੇ ਹੋ ਗਏ ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਇਹ ਕਹਿ ਕੇ ਕੱਢ ਦਿੱਤਾ, “ਸਾਡੇ ਪਿਤਾ ਦੇ ਘਰ ਵਿੱਚ ਤੇਰਾ ਕੋਈ ਹਿੱਸਾ ਨਹੀਂ, ਕਿਉਂ ਜੋ ਤੂੰ ਪਰਾਈ ਇਸਤਰੀ ਦਾ ਪੁੱਤਰ ਹੈਂ ।”

3 ਤਾਂ ਯਿਫ਼ਤਾਹ ਆਪਣੇ ਭਰਾਵਾਂ ਦੇ ਕੋਲੋਂ ਭੱਜ ਕੇ ਤੋਬ ਦੇਸ਼ ਵਿੱਚ ਜਾ ਕੇ ਵੱਸ ਗਿਆ ਅਤੇ ਯਿਫ਼ਤਾਹ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ ਅਤੇ ਉਹ ਉਸ ਦੇ ਨਾਲ ਤੁਰਦੇ ਫਿਰਦੇ ਸਨ ।

4 ਅਜਿਹਾ ਹੋਇਆ ਕਿ ਕੁਝ ਸਮੇਂ ਬਾਅਦ ਅੰਮੋਨੀ ਇਸਰਾਏਲੀਆਂ ਨਾਲ ਲੜਨ ਲੱਗੇ ।

5 ਅਤੇ ਜਦ ਅੰਮੋਨੀ ਇਸਰਾਏਲ ਨਾਲ ਲੜਨ ਲੱਗੇ ਤਾਂ ਗਿਲਆਦ ਦੇ ਬਜ਼ੁਰਗ ਤੋਬ ਦੇਸ਼ ਵਿੱਚੋਂ ਯਿਫ਼ਤਾਹ ਨੂੰ ਵਾਪਿਸ ਲਿਆਉਣ ਲਈ ਗਏ ।

6 ਉਨ੍ਹਾਂ ਨੇ ਯਿਫ਼ਤਾਹ ਨੂੰ ਕਿਹਾ, “ਆ, ਅਤੇ ਸਾਡਾ ਆਗੂ ਬਣ ਤਾਂ ਜੋ ਅਸੀਂ ਅੰਮੋਨੀਆਂ ਦੇ ਨਾਲ ਲੜੀਏ ।”

7 ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਕਿਹਾ, “ਭਲਾ, ਤੁਸੀਂ ਮੇਰੇ ਨਾਲ ਵੈਰ ਕਰਕੇ ਮੈਨੂੰ ਮੇਰੇ ਪਿਤਾ ਦੇ ਘਰ ਵਿੱਚੋਂ ਨਹੀਂ ਕੱਢ ਦਿੱਤਾ ? ਫਿਰ ਹੁਣ ਮੁਸੀਬਤ ਦੇ ਸਮੇਂ ਤੁਸੀਂ ਮੇਰੇ ਕੋਲ ਕਿਉਂ ਆਏ ਹੋ ? “

8 ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਕਿਹਾ, “ਅਸੀਂ ਤੇਰੇ ਕੋਲ ਹੁਣ ਇਸ ਲਈ ਆਏ ਹਾਂ ਤਾਂ ਜੋ ਤੂੰ ਸਾਡੇ ਨਾਲ ਚੱਲੇਂ ਅਤੇ ਅੰਮੋਨੀਆਂ ਨਾਲ ਲੜਾਈ ਕਰੇਂ, ਤਦ ਤੂੰ ਸਾਡਾ ਅਤੇ ਸਾਰੇ ਗਿਲਆਦ ਦੇ ਵਾਸੀਆਂ ਦਾ ਪ੍ਰਧਾਨ ਹੋਵੇਂਗਾ ।”

9 ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਤੋਂ ਪੁੱਛਿਆ, “ਭਈ ਜੇਕਰ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਮੈਨੂੰ ਆਪਣੇ ਨਾਲ ਲੈ ਚੱਲਦੇ ਹੋ, ਤਦ ਜੇਕਰ ਯਹੋਵਾਹ ਉਨ੍ਹਾਂ ਨੂੰ ਮੇਰੇ ਹੱਥ ਵਿੱਚ ਕਰ ਦੇਵੇ, ਤਾਂ ਭਲਾ, ਮੈਂ ਤੁਹਾਡਾ ਪ੍ਰਧਾਨ ਬਣ ਜਾਂਵਾਂਗਾ ? “

10 ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਉੱਤਰ ਦਿੱਤਾ, “ਯਹੋਵਾਹ ਸਾਡੇ ਵਿੱਚ ਗਵਾਹ ਹੋਵੇ, ਅਸੀਂ ਯਕੀਨੀ ਤੌਰ ਤੇ ਤੇਰੇ ਕਹੇ ਅਨੁਸਾਰ ਕਰਾਂਗੇ ।”

11 ਤਦ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ ਦੇ ਨਾਲ ਤੁਰਿਆ ਅਤੇ ਲੋਕਾਂ ਨੇ ਉਸ ਨੂੰ ਆਪਣਾ ਆਗੂ ਅਤੇ ਪ੍ਰਧਾਨ ਬਣਾਇਆ ਅਤੇ ਯਿਫ਼ਤਾਹ ਨੇ ਮਿਸਫਾਹ ਵਿੱਚ ਯਹੋਵਾਹ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ ।

12 ਤਦ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜਾ ਕੋਲ ਸੰਦੇਸ਼-ਵਾਹਕ ਭੇਜ ਕੇ ਕਹਾਇਆ, “ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਦੇਸ਼ ਨਾਲ ਲੜਾਈ ਕਰਨ ਨੂੰ ਆਇਆ ਹੈਂ ? “

13 ਅੰਮੋਨੀਆਂ ਦੇ ਰਾਜਾ ਨੇ ਯਿਫ਼ਤਾਹ ਦੇ ਸੰਦੇਸ਼-ਵਾਹਕਾਂ ਨੂੰ ਉੱਤਰ ਦਿੱਤਾ, “ਇਸ ਲਈ ਕਿ ਜਦੋਂ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ, ਤਾਂ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੱਕ ਮੇਰਾ ਦੇਸ਼ ਖੋਹ ਲਿਆ ਸੀ, ਇਸ ਲਈ ਹੁਣ ਉਹ ਦੇਸ਼ ਬਿਨ੍ਹਾਂ ਝਗੜਾ ਕੀਤੇ ਮੈਨੂੰ ਮੋੜ ਦੇ ।”

14 ਤਦ ਯਿਫ਼ਤਾਹ ਨੇ ਹਲਕਾਰਿਆਂ ਨੂੰ ਫੇਰ ਅੰਮੋਨੀਆਂ ਦੇ ਰਾਜਾ ਕੋਲ ਭੇਜਿਆ

15 ਅਤੇ ਉਸ ਨੂੰ ਕਿਹਾ, “ਯਿਫ਼ਤਾਹ ਇਹ ਕਹਿੰਦਾ ਹੈ ਕਿ ਇਸਰਾਏਲ ਨੇ ਨਾ ਤਾਂ ਮੋਆਬ ਦਾ ਦੇਸ਼ ਖੋਹ ਲਿਆ ਸੀ ਅਤੇ ਨਾ ਹੀ ਅੰਮੋਨੀਆਂ ਦਾ ਦੇਸ਼,

16 ਪਰ ਜਦੋਂ ਇਸਰਾਏਲੀ ਮਿਸਰ ਤੋਂ ਨਿੱਕਲੇ ਅਤੇ ਉਜਾੜ ਵਿੱਚੋਂ ਤੁਰਦੇ ਹੋਏ ਲਾਲ ਸਮੁੰਦਰ ਤੱਕ ਚਲੇ ਅਤੇ ਕਾਦੇਸ਼ ਵਿੱਚ ਆਏ

17 ਉਸ ਸਮੇਂ ਇਸਰਾਏਲੀਆਂ ਨੇ ਅਦੋਮ ਦੇ ਰਾਜਾ ਕੋਲ ਹਲਕਾਰੇ ਭੇਜ ਕੇ ਕਹਾਇਆ ਕਿ ਸਾਨੂੰ ਆਪਣੇ ਦੇਸ ਵਿੱਚੋਂ ਦੀ ਲੰਘ ਜਾਣ ਦੇ, ਪਰ ਅਦੋਮ ਦੇ ਰਾਜਾ ਨੇ ਉਨ੍ਹਾਂ ਦੀ ਨਾ ਸੁਣੀ । ਇਸੇ ਤਰ੍ਹਾਂ ਹੀ ਉਨ੍ਹਾਂ ਨੇ ਮੋਆਬ ਦੇ ਰਾਜਾ ਨੂੰ ਅਖਵਾ ਭੇਜਿਆ ਅਤੇ ਉਸ ਨੇ ਵੀ ਨਾ ਮੰਨਿਆ । ਇਸ ਲਈ ਇਸਰਾਏਲੀ ਕਾਦੇਸ਼ ਵਿੱਚ ਠਹਿਰੇ ।

18 ਤਦ ਉਹ ਉਜਾੜ ਵਿੱਚੋਂ ਦੀ ਤੁਰਦੇ ਹੋਏ ਅਦੋਮ ਅਤੇ ਮੋਆਬ ਦੇ ਦੇਸ਼ ਦੇ ਦੁਆਲੇ ਘੁੰਮ ਕੇ ਮੋਆਬ ਦੇ ਦੇਸ਼ ਦੇ ਪੂਰਬ ਵੱਲ ਆ ਨਿੱਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਆਪਣੇ ਤੰਬੂ ਲਾਏ, ਪਰ ਮੋਆਬ ਦੀ ਹੱਦ ਵਿੱਚ ਅੰਦਰ ਨਹੀਂ ਵੜੇ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਸੀ ।

19 ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜਾ ਸੀਹੋਨ ਦੇ ਕੋਲ ਜੋ ਹਸ਼ਬੋਨ ਦਾ ਰਾਜਾ ਸੀ, ਹਲਕਾਰੇ ਭੇਜੇ ਅਤੇ ਉਸ ਨੂੰ ਕਿਹਾ, 'ਸਾਡੀ ਇਹ ਬੇਨਤੀ ਹੈ ਕਿ ਆਪਣੇ ਦੇਸ਼ ਦੇ ਵਿੱਚੋਂ ਦੀ ਸਾਨੂੰ ਸਾਡੇ ਦੇਸ਼ ਵੱਲ ਲੰਘ ਜਾਣ ਦਿਉ ।'

20 ਪਰ ਸੀਹੋਨ ਨੇ ਇਸਰਾਏਲ ਉੱਤੇ ਭਰੋਸਾ ਨਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਹੋ ਕੇ ਲੰਘਣ ਦਿੰਦਾ ਸਗੋਂ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਹਾਸ ਵਿੱਚ ਤੰਬੂ ਲਾ ਕੇ ਇਸਰਾਏਲ ਨਾਲ ਲੜਿਆ ।

21 ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਮੇਤ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਮਾਰ ਲਿਆ । ਇਸੇ ਤਰ੍ਹਾਂ ਇਸਰਾਏਲੀਆਂ ਨੇ ਉਸ ਦੇਸ਼ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਕਬਜ਼ਾ ਕਰ ਲਿਆ

22 ਅਤੇ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੱਕ ਅਤੇ ਉਜਾੜ ਤੋਂ ਲੈ ਕੇ ਯਰਦਨ ਤੱਕ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਅਧਿਕਾਰ ਕਰ ਲਿਆ ।

23 ਇਸ ਲਈ ਹੁਣ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗਿਓਂ ਕੱਢ ਦਿੱਤਾ ਹੈ, ਤਾਂ ਭਲਾ, ਤੂੰ ਉਸ ਦਾ ਅਧਿਕਾਰੀ ਬਣੇਗਾ ?

24 ਕੀ ਉਸ ਨੂੰ ਤੂੰ ਕਬਜ਼ੇ ਵਿੱਚ ਨਹੀਂ ਲੈਂਦਾ ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਅਧਿਕਾਰ ਵਿੱਚ ਦਿੰਦਾ ਹੈ ? ਇਸੇ ਤਰ੍ਹਾਂ ਅਸੀਂ ਵੀ ਉਨ੍ਹਾਂ ਸਾਰੇ ਦੇਸ਼ਾਂ ਦੇ ਅਧਿਕਾਰੀ ਹੋਵਾਂਗੇ ਜਿਨ੍ਹਾਂ ਦੇ ਲੋਕਾਂ ਨੂੰ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੱਗਿਓਂ ਕੱਢ ਦੇਵੇਗਾ ।

25 ਹੁਣ ਭਲਾ ਤੂੰ ਮੋਆਬ ਦੇ ਰਾਜਾ ਸਿੱਫੋਰ ਦੇ ਪੁੱਤਰ ਬਾਲਾਕ ਨਾਲੋਂ ਕੁਝ ਚੰਗਾ ਹੈਂ ? ਕੀ ਉਸ ਨੇ ਇਸਰਾਏਲੀਆਂ ਨਾਲ ਕਦੀ ਝਗੜਾ ਕੀਤਾ ਜਾਂ ਕਦੀ ਉਨ੍ਹਾਂ ਦਾ ਸਾਹਮਣਾ ਕੀਤਾ ?

26 ਜਦ ਕਿ ਇਸਰਾਏਲੀ ਹਸ਼ਬੋਨ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਅਰੋਏਰ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਉਨ੍ਹਾਂ ਸਾਰਿਆਂ ਪਿੰਡਾਂ ਵਿੱਚ ਜਿਹੜੇ ਅਰਨੋਨ ਦੇ ਦੋਹਾਂ ਕੰਢਿਆਂ ਦੇ ਨਜ਼ਦੀਕ ਹਨ, ਤਿੰਨ ਸੌ ਸਾਲ ਤੋਂ ਵੱਸਿਆ ਹੈ, ਤਾਂ ਭਲਾ, ਤੁਸੀਂ ਉਹਨਾਂ ਨੂੰ ਇੰਨੇ ਸਮੇਂ ਵਿੱਚ ਵਾਪਿਸ ਕਿਉਂ ਨਹੀਂ ਲਿਆ ?

27 ਗੱਲ ਕਾਹਦੀ, ਮੈਂ ਤਾਂ ਤੇਰਾ ਵਿਰੁੱਧ ਪਾਪ ਨਹੀਂ ਕੀਤਾ ਸਗੋਂ ਤੂੰ ਹੀ ਲੜਾਈ ਛੇੜ ਕੇ ਮੇਰੇ ਨਾਲ ਬੁਰਿਆਈ ਕਰਦਾ ਹੈਂ, ਇਸ ਲਈ ਯਹੋਵਾਹ ਹੀ ਜੋ ਨਿਆਈ ਹੈ, ਇਸਰਾਏਲੀਆਂ ਅਤੇ ਅੰਮੋਨੀਆਂ ਦੇ ਵਿਚਕਾਰ ਅੱਜ ਦੇ ਦਿਨ ਨਿਆਂ ਕਰੇ !”

28 ਪਰ ਅੰਮੋਨੀਆਂ ਦੇ ਰਾਜਾ ਨੇ ਉਨ੍ਹਾਂ ਗੱਲਾਂ ਨੂੰ ਜੋ ਯਿਫ਼ਤਾਹ ਨੇ ਉਸ ਨੂੰ ਅਖਵਾ ਭੇਜੀਆਂ ਸਨ, ਨਾ ਸੁਣਿਆ ।

29 ਤਦ ਯਹੋਵਾਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ ਅਤੇ ਉਹ ਗਿਲਆਦ ਅਤੇ ਮਨੱਸ਼ਹ ਦੇ ਵਿੱਚੋਂ ਦੀ ਲੰਘ ਕੇ ਗਿਲਆਦ ਦੇ ਮਿਸਪੇਹ ਨੂੰ ਆਇਆ, ਅਤੇ ਗਿਲਆਦ ਦੇ ਮਿਸਪੇਹ ਤੋਂ ਹੋ ਕੇ ਅੰਮੋਨੀਆਂ ਦੇ ਵੱਲ ਚੱਲਿਆ ।

30 ਅਤੇ ਯਿਫ਼ਤਾਹ ਨੇ ਇਹ ਕਹਿ ਕੇ ਯਹੋਵਾਹ ਦੀ ਸੁੱਖਣਾ ਸੁੱਖੀ, “ਜੇਕਰ ਤੂੰ ਸੱਚ-ਮੁੱਚ ਅੰਮੋਨੀਆਂ ਨੂੰ ਮੇਰੇ ਹੱਥ ਵਿੱਚ ਕਰ ਦੇਵੇਂ,

31 ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਮੈਂ ਅੰਮੋਨੀਆਂ ਵੱਲੋਂ ਸੁਖ-ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਦਰਵਾਜ਼ੇ ਤੋਂ ਮੈਨੂੰ ਮਿਲਣ ਲਈ ਪਹਿਲਾਂ ਨਿੱਕਲੇਗਾ, ਉਹ ਯਹੋਵਾਹ ਦਾ ਹੋਵੇਗਾ ਅਤੇ ਮੈਂ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾਵਾਂਗਾ ।”

32 ਤਦ ਯਿਫ਼ਤਾਹ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਗਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ।

33 ਅਤੇ ਉਸ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਵਿੱਚ ਪਹੁੰਚਣ ਤੱਕ ਜੋ ਵੀਹ ਨਗਰ ਸਨ, ਸਗੋਂ ਅੰਗੂਰਾਂ ਦੇ ਬਾਗ਼ਾਂ ਤੱਕ ਬਹੁਤ ਵੱਡੀ ਮਾਰ ਨਾਲ ਉਨ੍ਹਾਂ ਨੂੰ ਮਾਰਦਾ ਗਿਆ । ਇਸ ਤਰ੍ਹਾਂ ਅੰਮੋਨੀ ਇਸਰਾਏਲੀਆਂ ਕੋਲੋਂ ਹਾਰ ਗਏ ।

34 ਤਦ ਯਿਫ਼ਤਾਹ ਮਿਸਫਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਸ ਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਸ ਨੂੰ ਮਿਲਣ ਦੇ ਲਈ ਨਿੱਕਲੀ ਅਤੇ ਉਹ ਉਸ ਦੀ ਇਕਲੌਤੀ ਸੀ, ਉਸ ਤੋਂ ਬਿਨਾਂ ਉਸ ਦਾ ਹੋਰ ਪੁੱਤਰ ਜਾਂ ਧੀ ਨਹੀਂ ਸੀ ।

35 ਤਦ ਅਜਿਹਾ ਹੋਇਆ ਕਿ ਜਦ ਉਸ ਨੇ ਉਸ ਨੂੰ ਵੇਖਿਆ ਤਾਂ ਆਪਣੇ ਕੱਪੜੇ ਪਾੜ ਕੇ ਕਿਹਾ, “ਹਾਏ ਮੇਰੀਏ ਧੀਏ ! ਤੂੰ ਮੈਨੂੰ ਬਹੁਤ ਨੀਵਾਂ ਕੀਤਾ ਹੈ, ਸਗੋਂ ਤੂੰ ਉਨ੍ਹਾਂ ਵਿੱਚੋਂ ਹੈਂ ਜੋ ਮੈਨੂੰ ਦੁੱਖ ਦਿੰਦੇ ਹਨ, ਕਿਉਂ ਜੋ ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸਕਦਾ ।”

36 ਉਸ ਨੇ ਉਸ ਨੂੰ ਕਿਹਾ, “ਹੇ ਮੇਰੇ ਪਿਤਾ, ਤੂੰ ਯਹੋਵਾਹ ਨੂੰ ਜੋ ਬਚਨ ਦਿੱਤਾ ਹੈ, ਅਤੇ ਜੋ ਗੱਲ ਤੂੰ ਆਪਣੇ ਮੂੰਹੋਂ ਬੋਲੀ ਹੈ, ਉਸੇ ਤਰ੍ਹਾਂ ਮੇਰੇ ਨਾਲ ਕਰ ਕਿਉਂ ਜੋ ਯਹੋਵਾਹ ਨੇ ਤੇਰੇ ਵੈਰੀ ਅੰਮੋਨੀਆਂ ਤੋਂ ਤੇਰਾ ਬਦਲਾ ਲਿਆ ਹੈ ।”

37 ਫੇਰ ਉਸ ਨੇ ਆਪਣੇ ਪਿਤਾ ਨੂੰ ਕਿਹਾ, “ਮੇਰੇ ਲਈ ਇੰਨਾ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈਂ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ ।”

38 ਉਸ ਨੇ ਕਿਹਾ, “ਜਾ !” ਤਦ ਉਸ ਨੇ ਉਸ ਨੂੰ ਦੋ ਮਹੀਨਿਆਂ ਦਾ ਸਮਾਂ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ ।

39 ਅਜਿਹਾ ਹੋਇਆ ਕਿ ਦੋ ਮਹੀਨੇ ਬਾਅਦ ਉਹ ਆਪਣੇ ਪਿਤਾ ਕੋਲ ਵਾਪਿਸ ਆਈ ਅਤੇ ਉਸ ਨੇ ਉਸ ਨਾਲ ਆਪਣੀ ਸੁੱਖਣਾ ਅਨੁਸਾਰ ਕੀਤਾ ਅਤੇ ਉਹ ਕੁੜੀ ਪੁਰਖ ਤੋਂ ਅਣਜਾਣ ਰਹੀ, ਇਸ ਲਈ ਇਸਰਾਏਲੀਆਂ ਵਿੱਚ ਇਹ ਰੀਤ ਬਣੀ

40 ਕਿ ਹਰ ਸਾਲ ਇਸਰਾਏਲ ਦੀਆਂ ਧੀਆਂ ਸਾਲ ਵਿੱਚ ਚਾਰ ਦਿਨ ਤੱਕ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ ।