Job 41 in Panjabi

1 ਕੀ ਤੂੰ ਮਗਰਮੱਛ ਨੂੰ ਕੁੰਡੀ ਨਾਲ ਬਾਹਰ ਖਿੱਚ ਸਕਦਾ ਹੈਂ, ਜਾਂ ਡੋਰੀ ਨਾਲ ਉਹ ਦੀ ਜੀਭ ਨੂੰ ਦਬਾ ਸਕਦਾ ਹੈਂ ?

2 ਕੀ ਤੂੰ ਉਹ ਦੇ ਨੱਕ ਵਿੱਚ ਰੱਸਾ ਪਾ ਸਕਦਾ ਹੈਂ, ਜਾਂ ਉਹ ਦੇ ਜਬਾੜੇ ਨੂੰ ਮੇਖ ਨਾਲ ਵਿੰਨ੍ਹ ਸਕਦਾ ਹੈਂ ?

3 ਕੀ ਉਹ ਤੇਰੇ ਅੱਗੇ ਬਹੁਤੀਆਂ ਮਿੰਨਤਾਂ ਕਰੇਗਾ, ਜਾਂ ਉਹ ਤੇਰੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰੇਗਾ ?

4 ਕੀ ਉਹ ਤੇਰੇ ਨਾਲ ਨੇਮ ਬੰਨ੍ਹੇਗਾ, ਤਾਂ ਜੋ ਤੂੰ ਉਹ ਨੂੰ ਸਦਾ ਤੱਕ ਆਪਣਾ ਗੁਲਾਮ ਰੱਖੇਂ ?

5 ਕੀ ਤੂੰ ਉਹ ਦੇ ਨਾਲ ਉਸ ਤਰ੍ਹਾਂ ਖੇਡੇਂਗਾ ਜਿਵੇਂ ਪੰਛੀ ਨਾਲ, ਜਾਂ ਆਪਣੀਆਂ ਕੁੜੀਆਂ ਦਾ ਜੀ ਬਹਿਲਾਉਣ ਲਈ ਉਹ ਨੂੰ ਬੰਨ੍ਹ ਕੇ ਰੱਖੇਂਗਾ ?

6 ਕੀ ਮਾਛੀ ਉਹ ਦਾ ਸੌਦਾ ਕਰਨਗੇ, ਕੀ ਉਹ ਵਪਾਰੀਆਂ ਵਿੱਚ ਉਹ ਨੂੰ ਵੰਡਣਗੇ ?

7 ਕੀ ਤੂੰ ਉਹ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈਂ, ਜਾਂ ਉਹ ਦੇ ਸਿਰ ਨੂੰ ਮਾਛੀਆਂ ਦੇ ਤ੍ਰਿਸੂਲਾਂ ਨਾਲ ?

8 ਜੇਕਰ ਤੂੰ ਆਪਣਾ ਹੱਥ ਉਸ ਦੇ ਉੱਤੇ ਧਰੇਂ ਤਾਂ ਤੂੰ ਉਸ ਲੜਾਈ ਨੂੰ ਹਮੇਸ਼ਾ ਯਾਦ ਰੱਖੇਂਗਾ,- ਤੂੰ ਫੇਰ ਕਦੇ ਅਜਿਹਾ ਨਾ ਕਰੇਂਗਾ !

9 ਵੇਖ, ਉਸ ਨੂੰ ਫੜ੍ਹਨ ਦੀ ਆਸ ਰੱਖਣੀ ਵਿਅਰਥ ਹੈ, ਉਸ ਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ ?

10 ਕੋਈ ਐਨੀ ਤੱਤੀ ਤਬੀਅਤ ਦਾ ਨਹੀਂ, ਜੋ ਉਹ ਦੇ ਛੇੜਨ ਦੀ ਹਿੰਮਤ ਕਰੇ, ਫੇਰ ਕੌਣ ਹੈ ਜੋ ਮੇਰੇ ਸਨਮੁੱਖ ਖੜ੍ਹਾ ਰਹਿ ਸਕੇ ?

11 ਕਿਸ ਨੇ ਪਹਿਲਾਂ ਮੈਨੂੰ ਕੁਝ ਦਿੱਤਾ ਕਿ ਮੈਨੂੰ ਕੁਝ ਮੋੜਨਾ ਪਵੇ ? ਜੋ ਕੁਝ ਅਕਾਸ਼ ਦੇ ਹੇਠ ਹੈ, ਸੋ ਮੇਰਾ ਹੈ ।

12 ਮੈਂ ਉਹ ਦੇ ਅੰਗਾਂ ਦੇ ਵਿਖੇ, ਅਤੇ ਉਹ ਦੇ ਮਹਾਂ-ਬਲ ਤੇ ਉਹ ਦੇ ਢਾਂਚੇ ਦੇ ਸੁਹੱਪਣ ਵਿਖੇ ਚੁੱਪ ਨਾ ਰਹਾਂਗਾ ।

13 ਕੌਣ ਉਹ ਦੇ ਉੱਪਰ ਦਾ ਲਿਬਾਸ ਉਤਾਰ ਸਕਦਾ ਹੈ ? ਕੌਣ ਉਹ ਦੇ ਦੋਹਾਂ ਜਬਾੜਿਆਂ ਵਿੱਚ ਆਵੇਗਾ ?

14 ਕੌਣ ਉਹ ਦੇ ਮੂੰਹ ਦੇ ਕਵਾੜਾਂ ਨੂੰ ਖੋਲ੍ਹ ਸਕਦਾ ਹੈ ? ਉਹ ਦੇ ਦੰਦਾਂ ਦਾ ਘੇਰਾ ਭਿਆਣਕ ਹੈ !

15 ਉਹ ਦੇ ਛਿਲਕੇ ਦੀਆਂ ਧਾਰੀਆਂ ਉਹ ਦਾ ਘਮੰਡ ਹਨ, ਉਹ ਜਾਣੋ ਘੁੱਟ ਕੇ ਮੋਹਰ ਨਾਲ ਜੋੜਿਆਂ ਗਈਆਂ ਹਨ,

16 ਉਹ ਇੱਕ ਦੂਜੇ ਦੇ ਐਨੇ ਨੇੜੇ ਹਨ ਕਿ ਹਵਾ ਵੀ ਉਹਨਾਂ ਦੇ ਵਿੱਚੋਂ ਦੀ ਨਹੀਂ ਲੰਘ ਸਕਦੀ ।

17 ਉਹ ਇੱਕ ਦੂਜੇ ਦੇ ਨਾਲ-ਨਾਲ ਹਨ, ਉਹ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ ਕਿ ਅਲੱਗ ਨਹੀਂ ਹੋ ਸਕਦੀਆਂ ।

18 ਉਹ ਦੀਆਂ ਛਿੱਕਾਂ ਤੋਂ ਚਾਨਣ ਚਮਕ ਉੱਠਦਾ ਹੈ, ਉਹ ਦੀਆਂ ਅੱਖਾਂ ਸਵੇਰ ਦੀਆਂ ਪਲਕਾਂ ਜਿਹੀਆਂ ਹਨ !

19 ਉਹ ਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿੱਕਲਦੀਆਂ ਹਨ, ਅਤੇ ਅੱਗ ਦੀਆਂ ਚਿੰਗਿਆੜੀਆਂ ਉੱਡਦੀਆਂ ਹਨ ।

20 ਉਹ ਦੀਆਂ ਨਾਸਾਂ ਵਿੱਚੋਂ ਧੂੰਆਂ ਨਿੱਕਲਦਾ ਹੈ, ਜਿਵੇਂ ਉੱਬਲਦੀ ਦੇਗ ਜਾਂ ਧੁਖਦਿਆਂ ਕਾਨਿਆਂ ਤੋਂ !

21 ਉਹ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ, ਅਤੇ ਉਹ ਦੇ ਮੂੰਹੋਂ ਅੰਗਾਰੇ ਨਿੱਕਲਦੇ ਹਨ !

22 ਉਹ ਦੀ ਧੌਣ ਵਿੱਚ ਬਲ ਬਣਿਆ ਰਹਿੰਦਾ ਹੈ, ਅਤੇ ਭੈ ਉਹ ਦੇ ਅੱਗੇ ਨੱਚਦਾ ਹੈ !

23 ਉਹ ਦੇ ਮਾਸ ਦੀਆਂ ਤਹਿਆਂ ਸਟੀਆਂ ਹੋਈਆਂ ਹਨ, ਉਹ ਉਸ ਦੇ ਉੱਤੇ ਜੰਮੀਆਂ ਹੋਈਆਂ ਹਨ, ਉਹ ਹਿੱਲ ਨਹੀਂ ਸਕਦੀਆਂ ।

24 ਉਹ ਦਾ ਦਿਲ ਪੱਥਰ ਵਾਂਗੂੰ ਪੱਕਾ ਹੈ, ਸਗੋਂ ਚੱਕੀ ਦੇ ਹੇਠਲੇ ਪੁੜ ਵਾਂਗੂੰ ਪੱਕਾ ਹੈ ।

25 ਜਦ ਉਹ ਉੱਠਦਾ ਹੈ ਤਾਂ ਬਲਵਾਨ ਵੀ ਡਰ ਜਾਂਦੇ ਹਨ, ਉਹ ਘਬਰਾਹਟ ਨਾਲ ਸੁੱਧ-ਬੁੱਧ ਖੋਹ ਦਿੰਦੇ ਹਨ !

26 ਭਾਵੇਂ ਤਲਵਾਰ ਉਹ ਦੇ ਕੋਲ ਪਹੁੰਚੇ, ਉਸ ਤੋਂ ਕੁਝ ਨਹੀਂ ਬਣਦਾ, ਅਤੇ ਨਾ ਬਰਛੀ ਨਾ ਭਾਲੇ ਨਾ ਤੀਰ ਤੋਂ ।

27 ਉਹ ਲੋਹੇ ਨੂੰ ਕੱਖ ਵਰਗਾ ਅਤੇ ਪਿੱਤਲ ਨੂੰ ਗਲੀ ਹੋਈ ਲੱਕੜ ਸਮਝਦਾ ਹੈ !

28 ਤੀਰ ਉਹ ਨੂੰ ਭਜਾ ਨਹੀਂ ਸਕਦੇ, ਗੁਲੇਲ ਦੇ ਪੱਥਰ ਉਹ ਦੇ ਲਈ ਤਿਣਕੇ ਬਣ ਜਾਂਦੇ ਹਨ ।

29 ਲਾਠੀਆਂ ਵੀ ਤਿਣਕੇ ਦੇ ਤੁੱਲ ਗਿਣੀਆਂ ਜਾਂਦੀਆਂ ਹਨ, ਸਾਂਗ ਦੇ ਖੜਕਣ ਉੱਤੇ ਉਹ ਹੱਸਦਾ ਹੈ ।

30 ਉਹ ਦੇ ਹੇਠਲੇ ਹਿੱਸੇ ਤੇਜ਼ ਠੀਕਰਿਆਂ ਵਾਂਗੂੰ ਹਨ, ਉਹ ਜਾਣੋ ਚਿੱਕੜ ਉੱਤੇ ਫਲ੍ਹਾ ਫੇਰਦਾ ਹੈ ।

31 ਉਹ ਡੂੰਘੇ ਪਾਣੀਆਂ ਨੂੰ ਦੇਗ ਵਾਂਗੂੰ ਉਛਾਲ ਦਿੰਦਾ ਹੈ, ਉਹ ਸਮੁੰਦਰ ਨੂੰ ਮੱਲ੍ਹਮ ਦੀ ਡੱਬੀ ਵਾਂਗੂੰ ਬਣਾ ਦਿੰਦਾ ਹੈ ।

32 ਉਹ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ, ਭਈ ਜਾਣੋ ਡੂੰਘਿਆਈ ਉੱਤੇ ਧੌਲੇ ਆਏ ਹੋਏ ਹਨ ।

33 ਧਰਤੀ ਉੱਤੇ ਉਹ ਦੇ ਤੁੱਲ ਕੋਈ ਨਹੀਂ, ਉਹ ਬਿਨ੍ਹਾਂ ਖ਼ੌਫ਼ ਦੇ ਸਿਰਜਿਆ ਗਿਆ !

34 ਉਹ ਹਰੇਕ ਉੱਚੇ ਨੂੰ ਵੇਖਦਾ ਰਹਿੰਦਾ ਹੈ, ਉਹ ਸਾਰੇ ਘਮੰਡੀਆਂ ਉੱਤੇ ਰਾਜਾ ਹੈ ।”