Job 40 in Panjabi
1 ਫੇਰ ਯਹੋਵਾਹ ਨੇ ਅਯੂੱਬ ਨੂੰ ਇਹ ਵੀ ਆਖਿਆ,
2 “ਕੀ ਝਗੜਾਲੂ ਸਰਬ ਸ਼ਕਤੀਮਾਨ ਨਾਲ ਲੜੇ ? ਜਿਹੜਾ ਪਰਮੇਸ਼ੁਰ ਨਾਲ ਬਹਿਸ ਕਰਦਾ ਹੈ, ਉਹ ਉੱਤਰ ਦੇਵੇ !
3 ਤਦ ਅਯੂੱਬ ਨੇ ਯਹੋਵਾਹ ਨੂੰ ਆਖਿਆ
4 ਵੇਖ, ਮੈਂ ਨਿਕੰਮਾ ਹਾਂ, ਮੈਂ ਕੀ ਉੱਤਰ ਦੇਵਾਂ ? ਮੈਂ ਆਪਣਾ ਹੱਥ ਮੂੰਹ ਤੇ ਰੱਖਦਾ ਹਾਂ ।
5 ਇੱਕ ਵਾਰ ਮੈਂ ਬੋਲ ਚੁੱਕਿਆ, ਅਤੇ ਮੈਂ ਉੱਤਰ ਨਹੀਂ ਦਿਆਂਗਾ, ਸਗੋਂ ਦੋ ਵਾਰ ਅਤੇ ਹੁਣ ਮੈਂ ਕੁਝ ਹੋਰ ਨਾ ਆਖਾਂਗਾ !
6 ਅੱਗੋਂ ਯਹੋਵਾਹ ਨੇ ਅਯੂੱਬ ਨੂੰ ਵਾਵਰੋਲੇ ਵਿੱਚੋਂ ਉੱਤਰ ਦੇ ਕੇ ਆਖਿਆ,
7 ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ ! ਮੈਂ ਤੈਥੋਂ ਸਵਾਲ ਕਰਾਂਗਾ, ਅਤੇ ਤੂੰ ਮੈਨੂੰ ਉੱਤਰ ਦੇ !
8 ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਂਗਾ ? ਕੀ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ ਤਾਂ ਜੋ ਤੂੰ ਨਿਰਦੋਸ਼ ਠਹਿਰੇਂ ?
9 ਕੀ ਤੇਰਾ ਬਲ ਪਰਮੇਸ਼ੁਰ ਵਰਗਾ ਹੈ, ਅਤੇ ਤੂੰ ਉਹ ਦੇ ਵਰਗੀ ਅਵਾਜ਼ ਨਾਲ ਗੱਜ ਸਕਦਾ ਹੈਂ ? ।
10 ਆਪਣੇ ਆਪ ਨੂੰ ਮਹਿਮਾ ਤੇ ਪਰਤਾਪ ਨਾਲ ਸਜਾ, ਅਤੇ ਆਦਰ ਅਤੇ ਤੇਜ ਨੂੰ ਪਹਿਨ ਲੈ !
11 ਆਪਣੇ ਕਹਿਰ ਦੇ ਹੜ੍ਹਾਂ ਨੂੰ ਵਗਾ ਦੇ, ਅਤੇ ਹਰੇਕ ਹੰਕਾਰੀ ਨੂੰ ਵੇਖ ਅਤੇ ਅਧੀਨ ਕਰ, -
12 ਹਰੇਕ ਹੰਕਾਰੀ ਨੂੰ ਵੇਖ ਅਤੇ ਨੀਵਾਂ ਕਰ, ਅਤੇ ਦੁਸ਼ਟਾਂ ਨੂੰ ਉਹਨਾਂ ਦੇ ਥਾਂ ਵਿੱਚ ਮਿੱਧ ਸੁੱਟ !
13 ਉਹਨਾਂ ਨੂੰ ਇਕੱਠੇ ਧੂੜ ਵਿੱਚ ਲੁਕਾ ਦੇ, ਓਹਲੇ ਵਿੱਚ ਉਹਨਾਂ ਦੇ ਮੂੰਹ ਬੰਨ੍ਹ ਦੇ,
14 ਤਦ ਮੈਂ ਵੀ ਮੰਨ ਲਵਾਂਗਾ, ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ !
15 ਜ਼ਰਾ ਦਰਿਆਈ ਘੋੜੇ ਨੂੰ ਵੇਖ, ਜਿਸ ਨੂੰ ਮੈਂ ਤੇਰੇ ਨਾਲ ਬਣਾਇਆ ਹੈ, ਉਹ ਬਲ਼ਦ ਵਾਂਗੂੰ ਘਾਹ ਖਾਂਦਾ ਹੈ ।
16 ਵੇਖ, ਉਹ ਦਾ ਬਲ ਉਹ ਦੀ ਕਮਰ ਵਿੱਚ ਹੈ, ਅਤੇ ਉਹ ਦਾ ਜ਼ੋਰ ਉਹ ਦੇ ਢਿੱਡ ਦੇ ਪੱਠਿਆਂ ਵਿੱਚ ਹੈ !
17 ਉਹ ਆਪਣੀ ਪੂਛ ਦਿਆਰ ਵਾਂਗੂੰ ਹਿਲਾਉਂਦਾ ਹੈ, ਉਹ ਦੇ ਪੱਟਾਂ ਦੀਆਂ ਨਾੜਾਂ ਇੱਕ ਦੂਜੀ ਨਾਲ ਮਿਲੀਆਂ ਹੋਈਆਂ ਹਨ ।
18 ਉਹ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ, ਉਹ ਦੇ ਅੰਗ ਲੋਹੇ ਦੇ ਅਰਲਾਂ ਵਾਂਗੂੰ ਹਨ ।
19 ਉਹ ਪਰਮੇਸ਼ੁਰ ਦੇ ਕੰਮਾਂ ਦਾ ਅਰੰਭ ਹੈ, ਉਹ ਦਾ ਸਿਰਜਣਹਾਰ ਹੀ ਆਪਣੀ ਤਲਵਾਰ ਉਹ ਦੇ ਨੇੜੇ ਲਿਆ ਸਕਦਾ ਹੈ !
20 ਪਹਾੜਾਂ ਉੱਤੇ ਉਸ ਦੇ ਲਈ ਚਾਰਾ ਮਿਲਦਾ ਹੈ, ਜਿੱਥੇ ਜੰਗਲ ਦੇ ਸਾਰੇ ਜਾਨਵਰ ਖੇਡਦੇ ਹਨ ।
21 ਕਮਲ ਦੇ ਫੁੱਲਾਂ ਹੇਠ ਅਤੇ ਕਾਨਿਆਂ ਤੇ ਖੋਭਿਆਂ ਦੀ ਓਟ ਦੇ ਹੇਠ ਉਹ ਲੇਟਦਾ ਹੈ ।
22 ਕਮਲ ਦੇ ਬੂਟੇ ਉਹ ਨੂੰ ਆਪਣੀ ਛਾਂ ਵਿੱਚ ਲੁਕਾ ਲੈਂਦੇ ਹਨ, ਨਾਲੇ ਦੀਆਂ ਬੈਂਤਾਂ ਉਹ ਨੂੰ ਘੇਰ ਲੈਂਦੀਆਂ ਹਨ ।
23 ਵੇਖ, ਜੇ ਦਰਿਆ ਰੋਹ ਵਿਖਾਵੇ, ਤਾਂ ਵੀ ਉਹ ਨਹੀਂ ਕੰਬਦਾ, ਭਾਵੇਂ ਯਰਦਨ ਮੂੰਹ ਤੱਕ ਚੜ੍ਹ ਜਾਵੇ, ਉਹ ਬੇਖੌਫ਼ ਰਹਿੰਦਾ ਹੈ ।
24 ਉਹ ਦੇ ਵੇਖਦਿਆਂ ਕੌਣ ਉਹ ਨੂੰ ਫੜ੍ਹ ਸਕਦਾ ਹੈ, ਜਾਂ ਫੰਦਾ ਲਾ ਕੇ ਉਹ ਨੂੰ ਨੱਥ ਸਕਦਾ ਹੈ ?