Jeremiah 31 in Panjabi

1 ਉਸ ਸਮੇਂ, ਯਹੋਵਾਹ ਦਾ ਵਾਕ ਹੈ, ਮੈਂ ਇਸਰਾਏਲ ਦੇ ਸਾਰਿਆਂ ਘਰਾਣਿਆਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ।

2 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਉਹ ਲੋਕ ਜਿਹੜੇ ਤਲਵਾਰ ਤੋਂ ਬਚ ਰਹੇ, ਉਹ ਉਜਾੜ ਵਿੱਚ ਕਿਰਪਾ ਦੇ ਭਾਗੀ ਹੋਏ, ਹਾਂ, ਇਸਰਾਏਲ, ਜਦ ਅਰਾਮ ਲਈ ਗਿਆ ।

3 ਯਹੋਵਾਹ ਨੇ ਦੂਰੋਂ ਮੈਨੂੰ ਵਿਖਾਈ ਦਿੱਤੀ, ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਇਸ ਲਈ ਮੈਂ ਦਯਾ ਨਾਲ ਤੈਨੂੰ ਖਿਚਿਆ ਹੈ ।

4 ਮੈਂ ਤੈਨੂੰ ਫਿਰ ਉਸਾਰਾਂਗਾ ਅਤੇ ਤੂੰ ਉਸਾਰੀ ਜਾਵੇਂਗੀ, ਹੇ ਇਸਰਾਏਲ ਦੀਏ ਕੁਆਰੀਏ, ਤੂੰ ਆਪਣੀਆਂ ਖੰਜਰੀਆਂ ਨਾਲ ਫੇਰ ਬਾਹਰ ਜਾਵੇਂਗੀ, ਅਤੇ ਹੱਸਣ ਵਾਲੀਆਂ ਦੇ ਨਾਚ ਵਿੱਚ ਬਾਹਰ ਨਿਕਲੇਂਗੀ

5 ਤੂੰ ਫਿਰ ਅੰਗੂਰਾਂ ਦਾ ਬਾਗ, ਸਾਮਰਿਯਾ ਦੇ ਪਹਾੜ ਵਿੱਚ ਲਾਵੇਂਗੀ, ਲਾਉਣ ਵਾਲੇ ਲਾਉਣਗੇ, ਅਤੇ ਉਹਨਾਂ ਦੇ ਫਲਾਂ ਦਾ ਭੋਗ ਲਾਉਣਗੇ ।

6 ਇੱਕ ਦਿਨ ਆਵੇਗਾ ਕਿ ਅਫਰਾਈਮ ਦੇ ਪਹਾੜ ਉੱਤੇ ਰਾਖੇ ਪੁਕਾਰਨਗੇ, ਉੱਠੋ ਭਈ ਅਸੀਂ ਸੀਯੋਨ ਨੂੰ, ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਈਏ ! ।

7 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਯਾਕੂਬ ਦੇ ਆਨੰਦ ਲਈ ਜੈਕਾਰਾ ਗਜਾਓ, ਅਤੇ ਕੌਮਾਂ ਦੇ ਮੁਖੀਏ ਲਈ ਲਲਕਾਰੋ ! ਸੁਣਾਓ, ਉਸਤਤ ਕਰੋ ਅਤੇ ਆਖੋ, ਯਹੋਵਾਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਕੀਏ ਨੂੰ ਬਚਾ ਲੈ !

8 ਵੇਖੋ, ਮੈਂ ਉੱਤਰ ਦੇ ਦੇਸ ਵੱਲੋਂ ਉਹਨਾਂ ਨੂੰ ਲਿਆਵਾਂਗਾ, ਮੈਂ ਉਹਨਾਂ ਨੂੰ ਧਰਤੀ ਦੇ ਦੂਰ ਦਿਆਂ ਹਿੱਸਿਆਂ ਤੋਂ ਇਕੱਠਾ ਕਰਾਂਗਾ, ਉਹਨਾਂ ਵਿੱਚ ਅੰਨ੍ਹੇ ਅਤੇ ਲੰਙੇ, ਗਰਭਣੀ ਔਰਤ ਅਤੇ ਜਣਨ ਦੀਆਂ ਪੀੜਾਂ ਵਾਲੀ ਇਕੱਠੀਆਂ, ਅਤੇ ਇੱਕ ਵੱਡੀ ਸਭਾ ਇੱਥੇ ਮੁੜੇਗੀ !

9 ਉਹ ਰੋਂਦੇ ਹੋਏ ਆਉਣਗੇ, ਮੈਂ ਉਹਨਾਂ ਦੀ ਅਰਦਾਸਾਂ ਨਾਲ ਅਗਵਾਈ ਕਰਾਂਗਾ, ਮੈਂ ਪਾਣੀ ਦੀਆਂ ਨਦੀਆਂ ਉੱਤੇ ਉਹਨਾਂ ਨੂੰ ਲੈ ਜਾਂਵਾਂਗਾ, ਅਤੇ ਉਸ ਸਿੱਧੇ ਰਾਹ ਵਿੱਚ ਜਿੱਥੇ ਉਹ ਠੋਕਰ ਨਾ ਖਾਣ, ਕਿਉਂ ਜੋ ਮੈਂ ਇਸਰਾਏਲ ਦਾ ਪਿਤਾ ਹਾਂ, ਅਤੇ ਅਫ਼ਰਾਈਮ ਮੇਰਾ ਪਲੋਠਾ ਹੈ ।

10 ਹੇ ਕੌਮੋਂ ਯਹੋਵਾਹ ਦਾ ਬਚਨ ਸੁਣੋ, ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ, ਅਤੇ ਆਖੋ, ਉਹ ਜਿਸ ਇਸਰਾਏਲ ਨੂੰ ਖੇਰੂੰ ਖੇਰੂੰ ਕੀਤਾ ਉਹ ਨੂੰ ਇਕੱਠਾ ਕਰੇਗਾ, ਅਤੇ ਆਜੜੀ ਵਾਂਗੂੰ ਆਪਣੇ ਇੱਜੜ ਦੀ ਰਾਖੀ ਕਰੇਗਾ,

11 ਕਿਉਂ ਜੋ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਉਹ ਨੂੰ ਉਹ ਦੇ ਹੱਥੋਂ ਜਿਹੜਾ ਉਹ ਦੇ ਨਾਲੋਂ ਤਕੜਾ ਸੀ ਛੁਡਾਇਆ ਹੈ ।

12 ਉਹ ਆਉਣਗੇ ਅਤੇ ਸੀਯੋਨ ਦੀ ਚੋਟੀ ਉੱਤੇ ਜੈਕਾਰੇ ਗਜਾਉਣਗੇ, ਅਤੇ ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕਣਗੇ, ਅੰਨ, ਨਵੀਂ ਮੈਂ ਅਤੇ ਤੇਲ, ਇੱਜੜ ਦੇ ਬੱਚੇ ਅਤੇ ਗਾਈਆਂ ਬਲਦ ਦੇ ਕਾਰਨ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ ।

13 ਉਸ ਵੇਲੇ ਕੁਆਰੀ ਨੱਚਣ ਨਾਲ, ਅਤੇ ਜੁਆਨ ਅਤੇ ਬੁੱਢੇ ਵੀ ਇਕੱਠੇ ਅਨੰਦ ਹੋਣਗੇ, ਮੈਂ ਉਹਨਾਂ ਦੇ ਸਿਆਪੇ ਨੂੰ ਖੁਸ਼ੀ ਵਿੱਚ ਪਲਟ ਦਿਆਂਗਾ, ਮੈਂ ਉਹਨਾਂ ਨੂੰ ਦਿਲਾਸਾ ਦਿਆਂਗਾ, ਮੈਂ ਉਹਨਾਂ ਦੇ ਗ਼ਮ ਦੇ ਥਾਂ ਉਹਨਾਂ ਨੂੰ ਅਨੰਦ ਕਰਾਂਗਾ ।

14 ਮੈਂ ਜਾਜਕਾਂ ਦੀ ਜਾਨ ਨੂੰ ਚਰਬੀ ਨਾਲ ਰਜਾਵਾਂਗਾ, ਮੇਰੀ ਪਰਜਾ ਮੇਰੀ ਭਲਿਆਈ ਨਾਲ ਨਿਹਾਲ ਹੋਵੇਗੀ, ਯਹੋਵਾਹ ਦਾ ਵਾਕ ਹੈ ।

15 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ, ਰਾਖਲੇ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤੱਸਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ ।

16 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਆਪਣੀ ਅਵਾਜ਼ ਨੂੰ ਰੋਣ ਤੋਂ ਮਨਾ ਕਰ ਅਤੇ ਆਪਣੀਆ ਅੱਖਾਂ ਨੂੰ ਅੰਝੂਆਂ ਤੋਂ ਕਿਉਂ ਜੋ ਤੇਰੇ ਕੰਮਾਂ ਦਾ ਤੈਨੂੰ ਵੱਟਾ ਮਿਲੇਗਾ ਯਹੋਵਾਹ ਦਾ ਵਾਕ ਹੈ, ਉਹ ਵੈਰੀਆਂ ਦੇ ਦੇਸ ਵਿੱਚੋਂ ਫਿਰ ਮੁੜਨਗੇ ।

17 ਤੇਰੇ ਭਵਿੱਖਤ ਸਮੇਂ ਲਈ ਆਸਾ ਹੈ, ਯਹੋਵਾਹ ਦਾ ਵਾਕ ਹੈ । ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ ।

18 ਮੈਂ ਸੱਚ-ਮੁੱਚ ਅਫਰਾਈਮ ਨੂੰ ਬੁਸ ਬੁਸ ਕਰਦਾ ਸੁਣਿਆ, ਤੈ ਮੈਨੂੰ ਤਾੜਿਆ ਅਤੇ ਮੈਂ ਤਾੜ ਝੱਲੀ, ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂ ਜੋ ਤੂੰ ਯਹੋਵਾਹ ਮੇਰਾ ਪਰਮੇਸ਼ੁਰ ਹੈ ।

19 ਮੇਰੇ ਮੁੜ ਆਉਣ ਦੇ ਪਿੱਛੋਂ ਮੈਂ ਪੱਛਤਾਇਆ, ਮੇਰੇ ਸਿਖਾਏ ਜਾਣ ਦੇ ਪਿੱਛੋਂ ਮੈਂ ਆਪਣੇ ਪੱਟ ਉੱਤੇ ਹੱਥ ਮਾਰਿਆ, ਮੈਨੂੰ ਨਮੋਸ਼ੀ ਆਈ ਅਤੇ ਮੈਂ ਹੱਕਾ-ਬੱਕਾ ਹੋ ਗਿਆ, ਕਿਉਂ ਜੋ ਮੈਂ ਆਪਣੀ ਜੁਆਨੀ ਦੀ ਬਦਨਾਮੀ ਚੁੱਕੀ ।

20 ਕੀ ਅਫ਼ਰਾਈਮ ਮੇਰਾ ਪਿਆਰਾ ਪੁੱਤਰ ਹੈ ? ਕੀ ਉਹ ਲਾਡਲਾ ਬੱਚਾ ਹੈ ? ਜਦ ਕਦੀ ਵੀ ਮੈਂ ਉਹ ਦੇ ਵਿਰੁੱਧ ਬੋਲਦਾ ਹਾਂ, ਤਦ ਵੀ ਮੈਂ ਹੁਣ ਤੱਕ ਉਹ ਨੂੰ ਚੇਤੇ ਰੱਖਦਾ ਹਾਂ, ਮੇਰਾ ਦਿਲ ਉਹ ਦੇ ਲਈ ਤਰਸਦਾ ਹੈ, ਮੈਂ ਸੱਚ-ਮੁੱਚ ਉਸ ਦੇ ਉੱਤੇ ਰਹਮ ਕਰਾਂਗਾ, ਯਹੋਵਾਹ ਦਾ ਵਾਕ ਹੈ ।

21 ਆਪਣੇ ਲਈ ਰਾਹ ਦੇ ਨਿਸ਼ਾਨ ਕਾਇਮ ਕਰ, ਅਤੇ ਆਪਣੇ ਲਈ ਮੁਨਾਰੇ ਬਣਾ, ਆਪਣਾ ਦਿਲ ਸ਼ਾਹੀ ਰਾਹ ਵੱਲ ਲਾ, ਹਾਂ, ਉਸ ਰਾਹ ਵੱਲ ਜਿਸ ਦੇ ਉੱਤੋਂ ਦੀ ਤੂੰ ਗਈ, ਹੇ ਇਸਰਾਏਲ ਦੀਏ ਕੁਆਰੀਏ, ਮੁੜ ਆ, ਤੂੰ ਆਪਣੇ ਇਹਨਾਂ ਸ਼ਹਿਰਾਂ ਵਿੱਚ ਮੁੜ ਆ !

22 ਤੂੰ ਕਦ ਤੱਕ ਅਵਾਰਾ ਫਿਰੇਂਗੀ, ਹੇ ਫਿਰਤੂ ਧੀਏ ? ਕਿਉਂ ਜੋ ਯਹੋਵਾਹ ਨੇ ਧਰਤੀ ਉੱਤੇ ਇੱਕ ਨਵੀਂ ਚੀਜ ਉਤਪਨ ਕੀਤੀ ਹੈ. ਭਈ ਔਰਤ ਮਰਦ ਨੂੰ ਘੇਰ ਲਵੇਂਗੀ ! ।

23 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਇੱਕ ਵਾਰ ਫਿਰ ਉਹ ਇਹ ਗੱਲ ਯਹੂਦਾਹ ਦੇ ਦੇਸ ਅਤੇ ਉਹਨਾਂ ਦੇ ਸ਼ਹਿਰਾਂ ਵਿੱਚ ਆਖਣਗੇ, ਜਦ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਹੇ ਧਰਮ ਦੀ ਵਸੋਂ ਅਤੇ ਪਵਿੱਤਰ ਪਹਾੜ, ਯਹੋਵਾਹ ਤੈਨੂੰ ਬਰਕਤ ਦੇਵੇ ! ।

24 ਯਹੂਦਾਹ ਅਤੇ ਉਸ ਦੇ ਸਾਰੇ ਸ਼ਹਿਰ ਉਸ ਦੇ ਵਿੱਚ ਇਕੱਠੇ ਵੱਸਣਗੇ, ਹਾਲੀ ਅਤੇ ਉਹ ਜਿਹੜੇ ਇੱਜੜਾਂ ਨਾਲ ਫਿਰਦੇ ਹਨ

25 ਕਿਉਂ ਜੋ ਮੈਂ ਥੱਕੇ ਹੋਏ ਦੀ ਜਾਨ ਨੂੰ ਤਰਿਪਤ ਕਰਾਂਗਾ ਅਤੇ ਹਰੇਕ ਉਦਾਸ ਜਾਨ ਨੂੰ ਰਜਾ ਦਿਆਂਗਾ

26 ਇਸ ਉੱਤੇ ਮੈਂ ਜਾਗ ਉੱਠਿਆ ਅਤੇ ਵੇਖਿਆ ਅਤੇ ਮੇਰੀ ਨੀਂਦ ਮੇਰੇ ਲਈ ਮਿੱਠੀ ਸੀ ।

27 ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਵਿੱਚ ਅਤੇ ਯਹੂਦਾਹ ਦੇ ਘਰਾਣੇ ਵਿੱਚ ਆਦਮੀ ਦਾ ਬੀ ਅਤੇ ਡੰਗਰ ਦਾ ਬੀ ਬੀਜਾਂਗਾ

28 ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਵੇਂ ਮੈਂ ਉਹਨਾਂ ਦੀ ਤਾੜ ਵਿੱਚ ਬੈਠਾ ਭਈ ਮੈਂ ਉਹਨਾਂ ਨੂੰ ਪੁੱਟਾਂ ਅਤੇ ਢਾਹਵਾਂ, ਉਲਟਾਵਾਂ ਅਤੇ ਨਾਸ ਕਰਾਂ ਅਤੇ ਬੁਰਿਆਈ ਲਿਆਵਾਂ ਤਿਵੇਂ ਮੈਂ ਤਾੜ ਵਿੱਚ ਬੈਠਾਂਗਾ ਭਈ ਮੈਂ ਉਹਨਾਂ ਨੂੰ ਬਣਾਵਾਂ ਅਤੇ ਲਾਵਾਂ, ਯਹੋਵਾਹ ਦਾ ਵਾਕ ਹੈ

29 ਉਹਨਾਂ ਦਿਨਾਂ ਵਿੱਚ ਉਹ ਨਾ ਆਖਣਗੇ, - ਪਿਉ-ਦਾਦਿਆਂ ਨੇ ਖੱਟੇ ਅੰਗੂਰ ਖਾਧੇ, ਅਤੇ ਬੱਚਿਆਂ ਦੇ ਦੰਦ ਦੁਖਣ ਲੱਗ ਪਏ ।

30 ਹਰੇਕ ਆਪਣੀ ਬਦੀ ਦੇ ਕਾਰਨ ਮਰੇਗਾ ਅਤੇ ਹਰੇਕ ਜਿਹੜਾ ਖੱਟੇ ਅੰਗੂਰ ਖਾਏਗਾ ਉਹ ਦੇ ਦੰਦ ਦੁਖਣਗੇ

31 ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਗਾ

32 ਉਸ ਨੇਮ ਵਾਂਗੂੰ ਨਹੀਂ ਜਿਹੜਾ ਉਹਨਾਂ ਦੇ ਪਿਉ-ਦਾਦਿਆਂ ਨਾਲ ਬੰਨ੍ਹਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਈ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਉਹਨਾਂ ਦਾ ਵਿਆਂਧੜ ਸਾਂ, ਯਹੋਵਾਹ ਦਾ ਵਾਕ ਹੈ

33 ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ । ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ

34 ਉਹ ਫਿਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਉਹ ਸਾਰੀਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੱਕ ਮੈਨੂੰ ਜਾਣ ਲੈਣਗੇ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ ।

35 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੋ ਦਿਨ ਦੇ ਚਾਨਣ ਲਈ ਸੂਰਜ ਦਿੰਦਾ, ਅਤੇ ਰਾਤ ਦੇ ਚਾਨਣ ਲਈ ਚੰਦ ਅਤੇ ਤਾਰਿਆਂ ਦੀ ਬਿਧੀ, ਜੋ ਸਮੁੰਦਰ ਨੂੰ ਐਉਂ ਉਛਾਲਦਾ ਹੈ, ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ ।

36 ਜੇ ਇਹ ਬਿਧੀਆਂ ਮੇਰੇ ਅੱਗੋਂ ਹਟਾਈਆਂ ਜਾਣ, ਯਹੋਵਾਹ ਦਾ ਵਾਕ ਹੈ, ਤਾਂ ਇਸਰਾਏਲ ਦੀ ਨਸਲ ਵੀ ਜਾਂਦੀ ਰਹੇਗੀ, ਭਈ ਉਹ ਸਦਾ ਲਈ ਮੇਰੇ ਅੱਗੇ ਕੌਮ ਨਾ ਰਹੇ ।

37 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਉੱਪਰੋਂ ਅਕਾਸ਼ ਮਿਣਿਆ ਜਾਵੇ, ਅਤੇ ਹੇਠਾਂ ਧਰਤੀ ਦੀਆਂ ਨੀਹਾਂ ਦੀ ਭਾਲ ਕੀਤੀ ਜਾਵੇ, ਤਦ ਮੈਂ ਵੀ ਇਸਰਾਏਲ ਦੀ ਸਾਰੀ ਨਸਲ ਨੂੰ ਉਹਨਾਂ ਦੇ ਸਾਰੇ ਕੰਮਾਂ ਦੇ ਕਾਰਨ ਰੱਦ ਦਿਆਂਗਾ, ਯਹੋਵਾਹ ਦਾ ਵਾਕ ਹੈ ।

38 ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸ਼ਹਿਰ ਯਹੋਵਾਹ ਦੇ ਲਈ ਹਨਨਏਲ ਦੇ ਬੁਰਜ ਤੋਂ ਨੁੱਕਰ ਦੇ ਫਾਟਕ ਤੱਕ ਬਣਾਇਆ ਜਾਵੇਗਾ

39 ਫੇਰ ਮਿਣਨ ਦੀ ਰੱਸੀ ਸਿੱਧੀ ਗਾਰੇਬ ਦੀ ਪਹਾੜੀ ਉੱਤੋਂ ਦੀ ਹੁੰਦੀ ਹੋਈ ਗੋਆਹ ਨੂੰ ਘੇਰ ਲਵੇਗੀ

40 ਤਾਂ ਲੋਥਾਂ ਅਤੇ ਸੁਆਹ ਦੀ ਸਾਰੀ ਵਾਦੀ ਅਤੇ ਸਾਰੇ ਖੇਤ ਕਿਦਰੋਨ ਦੇ ਨਾਲੇ ਤੱਕ ਅਤੇ ਘੇੜੇ ਫਾਟਕ ਦੀ ਨੁੱਕਰ ਤੱਕ ਚੜ੍ਹਦੇ ਪਾਸੇ ਵੱਲ ਯਹੋਵਾਹ ਲਈ ਪਵਿੱਤਰ ਹੋਣਗੇ ਅਤੇ ਉਹ ਫਿਰ ਸਦਾ ਤੱਕ ਨਾ ਕਦੀ ਪੁੱਟਿਆ ਜਾਵੇਗਾ ਨਾ ਡੇਗਿਆ ਜਾਵੇਗਾ ।