Isaiah 15 in Panjabi

1 ਮੋਆਬ ਦੇ ਵਿਖੇ ਅਗੰਮ ਵਾਕ, - ਮੋਆਬ ਦਾ ਆਰ ਨਗਰ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ, ਮੋਆਬ ਦਾ ਕੀਰ ਨਗਰ ਵੀ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ ।

2 ਦੀਬੋਨ ਆਪਣੇ ਮੰਦਰ ਨੂੰ ਅਤੇ ਉਸ ਦੀਆਂ ਉੱਚਿਆਈਆਂ ਉੱਤੇ, ਰੋਣ ਲਈ ਉਤਾਹਾਂ ਗਿਆ, ਨਬੋ ਉੱਤੇ ਅਤੇ ਮੇਦਬਾ ਉੱਤੇ ਮੋਆਬ ਧਾਹਾਂ ਮਾਰਦਾ ਹੈ । ਉਹਨਾਂ ਵਿੱਚ ਹਰੇਕ ਦਾ ਸਿਰ ਰੋਡਾ ਹੈ, ਅਤੇ ਹਰੇਕ ਦੀ ਦਾੜ੍ਹੀ ਮੁੰਨੀ ਹੋਈ ਹੈ ।

3 ਗਲੀਆਂ ਵਿੱਚ ਉਹ ਤੱਪੜ ਪਾਉਂਦੇ ਹਨ, ਕੋਠਿਆਂ ਉੱਤੇ ਅਤੇ ਚੌਕਾਂ ਵਿੱਚ ਹਰੇਕ ਰੋ-ਰੋ ਕੇ ਧਾਹਾਂ ਮਾਰਦਾ ਹੈ ।

4 ਹਸ਼ਬੋਨ ਅਤੇ ਅਲਾਲੇਹ ਚਿੱਲਾਉਂਦੇ ਹਨ, ਯਹਸ ਤੱਕ ਉਨ੍ਹਾਂ ਦੀ ਅਵਾਜ਼ ਸੁਣਾਈ ਦਿੰਦੀ ਹੈ । ਇਸ ਲਈ ਮੋਆਬ ਦੇ ਸ਼ਸਤਰ ਧਾਰੀ ਚੀਕ-ਚਿਹਾੜਾ ਪਾਉਂਦੇ ਹਨ, ਉਹ ਦਾ ਜੀ ਉਹ ਦੇ ਵਿੱਚ ਕੰਬ ਜਾਂਦਾ ਹੈ ।

5 ਮੇਰਾ ਦਿਲ ਮੋਆਬ ਲਈ ਦੁਹਾਈ ਦਿੰਦਾ ਹੈ, ਉਹ ਦੇ ਭਗੌੜੇ ਸੋਆਰ ਤੱਕ ਅਤੇ ਅਗਲਥ-ਸ਼ਲੀਸ਼ੀਯਾਹ ਤੱਕ ਭੱਜੇ ਜਾਂਦੇ ਹਨ, ਉਹ ਤਾਂ ਲੂਹੀਥ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ, ਉਹ ਤਾਂ ਹੋਰੋਨਇਮ ਦੇ ਰਾਹ ਉੱਤੇ, ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ ।

6 ਨਿਮਰੀਮ ਦੇ ਪਾਣੀ ਤਾਂ ਸੁੱਕ ਗਏ, ਘਾਹ ਮੁਰਝਾ ਗਿਆ, ਹਰਾ ਘਾਹ ਮੁੱਕ ਗਿਆ ਅਤੇ ਹਰਿਆਈ ਹੈ ਹੀ ਨਹੀਂ ।

7 ਇਸ ਲਈ ਜੋ ਵੀ ਮਾਲ-ਧਨ ਉਨ੍ਹਾਂ ਨੇ ਕਮਾਇਆ ਅਤੇ ਜੋ ਕੁਝ ਜੋੜ-ਜੋੜ ਕੇ ਇਕੱਠਾ ਕੀਤਾ, ਉਸ ਨੂੰ ਬੈਂਤਾਂ ਦੇ ਨਾਲੇ ਦੇ ਪਾਰ ਚੁੱਕ ਕੇ ਲੈ ਜਾਣਗੇ ।

8 ਚਿੱਲਾਉਣਾ ਤਾਂ ਮੋਆਬ ਦੀਆਂ ਹੱਦਾਂ ਤੱਕ ਗੂੰਜ ਉੱਠਿਆ ਹੈ, ਉਹ ਦੀਆਂ ਧਾਹਾਂ ਅਗਲਇਮ ਤੱਕ ਅਤੇ ਉਹ ਦਾ ਵਿਰਲਾਪ ਬਏਰ-ਏਲੀਮ ਤੱਕ ਪਹੁੰਚਦਾ ਹੈ ।

9 ਦੀਮੋਨ ਦੇ ਪਾਣੀ ਤਾਂ ਲਹੂ ਹੀ ਲਹੂ ਹਨ, ਪਰ ਤਾਂ ਵੀ ਮੈਂ ਦੀਮੋਨ ਉੱਤੇ ਹੋਰ ਵੀ ਲਿਆਵਾਂਗਾ, ਮੋਆਬ ਦੇ ਬਚਿਆਂ ਹੋਇਆਂ ਉੱਤੇ ਅਤੇ ਦੇਸ ਦੇ ਬਕੀਏ ਉੱਤੇ ਬੱਬਰ ਸ਼ੇਰ ਲਿਆਵਾਂਗਾ ।