Genesis 45 in Panjabi

1 ਯੂਸੁਫ਼ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਦੇ ਸਾਹਮਣੇ ਜਿਹੜੇ ਉਸ ਦੇ ਕੋਲ ਖੜ੍ਹੇ ਸਨ, ਰੋਕ ਨਾ ਸਕਿਆ, ਇਸ ਲਈ ਉਸ ਨੇ ਉੱਚੀ ਅਵਾਜ਼ ਨਾਲ ਆਖਿਆ, ਮੇਰੇ ਕੋਲੋਂ ਹਰ ਮਨੁੱਖ ਨੂੰ ਬਾਹਰ ਕੱਢ ਦਿਓ ਅਤੇ ਜਦ ਕੋਈ ਮਨੁੱਖ ਉਸ ਦੇ ਕੋਲ ਖੜ੍ਹਾ ਨਾ ਰਿਹਾ ਤਦ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ

2 ਅਤੇ ਉੱਚੀ-ਉੱਚੀ ਰੋਇਆ ਤਾਂ ਮਿਸਰੀਆਂ ਨੇ ਸੁਣਿਆ ਅਤੇ ਫ਼ਿਰਊਨ ਦੇ ਘਰਾਣੇ ਨੂੰ ਵੀ ਇਸ ਗੱਲ ਦੀ ਖ਼ਬਰ ਹੋਈ ।

3 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਯੂਸੁਫ਼ ਹਾਂ, ਕੀ ਮੇਰਾ ਪਿਤਾ ਅਜੇ ਜੀਉਂਦਾ ਹੈ ? ਪਰ ਉਸ ਦੇ ਭਰਾ ਉਸ ਨੂੰ ਉੱਤਰ ਨਾ ਦੇ ਸਕੇ ਕਿਉਂ ਜੋ ਉਸ ਦੇ ਅੱਗੇ ਘਬਰਾ ਗਏ ।

4 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ । ਤਦ ਓਹ ਉਸ ਦੇ ਨੇੜੇ ਆਏ ਅਤੇ ਉਸ ਨੇ ਆਖਿਆ, ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸੀਂ ਮਿਸਰ ਆਉਣ ਵਾਲਿਆਂ ਦੇ ਹੱਥ ਵੇਚਿਆ ਸੀ ।

5 ਹੁਣ ਤੁਸੀਂ ਨਾ ਪਛਤਾਓ ਅਤੇ ਨਾ ਹੀ ਘਬਰਾਓ ਕਿ ਤੁਸੀਂ ਮੈਨੂੰ ਇੱਧਰ ਵੇਚ ਦਿੱਤਾ ਸੀ ਕਿਉਂਕਿ ਪਰਮੇਸ਼ੁਰ ਨੇ ਤੁਹਾਡੀਆਂ ਜਾਨਾਂ ਬਚਾਉਣ ਲਈ ਮੈਨੂੰ ਤੁਹਾਡੇ ਅੱਗੇ ਭੇਜ ਦਿੱਤਾ ਸੀ ।

6 ਇਹਨਾਂ ਦੋ ਸਾਲਾਂ ਤੋਂ ਧਰਤੀ ਉੱਤੇ ਕਾਲ ਹੈ ਅਤੇ ਹੁਣੇ ਪੰਜ ਸਾਲ ਹੋਰ ਹਨ, ਜਿਨ੍ਹਾਂ ਵਿੱਚ ਨਾ ਵਾਹੀ ਤੇ ਨਾ ਵਾਢੀ ਹੋਵੇਗੀ ।

7 ਇਸ ਲਈ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਭੇਜਿਆ ਤਾਂ ਜੋ ਤੁਸੀਂ ਧਰਤੀ ਉੱਤੇ ਜੀਉਂਦੇ ਰਹੋ ਅਤੇ ਤੁਹਾਨੂੰ ਬਚਾ ਕੇ ਤੁਹਾਡੇ ਵੰਸ਼ ਨੂੰ ਜੀਉਂਦਾ ਰੱਖੇ ।

8 ਹੁਣ ਤੁਸੀਂ ਨਹੀਂ ਸਗੋਂ ਪਰਮੇਸ਼ੁਰ ਨੇ ਮੈਨੂੰ ਇੱਥੇ ਭੇਜਿਆ ਹੈ ਅਤੇ ਉਸ ਨੇ ਮੈਨੂੰ ਫ਼ਿਰਊਨ ਲਈ ਪਿਤਾ ਵਰਗਾ ਅਤੇ ਉਸ ਦੇ ਸਾਰੇ ਘਰ ਦਾ ਸਵਾਮੀ ਅਤੇ ਮਿਸਰ ਦੇ ਸਾਰੇ ਦੇਸ਼ ਦਾ ਹਾਕਮ ਠਹਿਰਾਇਆ ਹੈ ।

9 ਜਲਦੀ ਕਰੋ ਅਤੇ ਮੇਰੇ ਪਿਤਾ ਦੇ ਕੋਲ ਜਾਓ ਅਤੇ ਉਸ ਨੂੰ ਆਖੋ, ਤੇਰਾ ਪੁੱਤਰ ਯੂਸੁਫ਼ ਇਹ ਆਖਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਸਾਰੇ ਮਿਸਰ ਦੇਸ਼ ਦਾ ਮਾਲਕ ਬਣਾ ਦਿੱਤਾ ਹੈ । ਇਸ ਲਈ ਮੇਰੇ ਕੋਲ ਆ ਜਾਓ ਅਤੇ ਦੇਰੀ ਨਾ ਕਰੋ ।

10 ਤੁਸੀਂ ਗੋਸ਼ਨ ਦੇਸ਼ ਵਿੱਚ ਵੱਸੋਗੇ ਅਤੇ ਮੇਰੇ ਨਜ਼ਦੀਕ ਰਹੋਗੇ, ਤੁਸੀਂ ਅਤੇ ਤੁਹਾਡੇ ਬਾਲ ਬੱਚੇ ਅਤੇ ਤੁਹਾਡੇ ਬੱਚਿਆਂ ਦੇ ਬੱਚੇ ਅਤੇ ਤੁਹਾਡੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਤੁਹਾਡਾ ਹੈ ।

11 ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂ ਜੋ ਅਜੇ ਕਾਲ ਦੇ ਪੰਜ ਸਾਲ ਹੋਰ ਹਨ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਅਤੇ ਤੁਹਾਡਾ ਘਰਾਣਾ ਅਤੇ ਤੁਹਾਡੇ ਸਾਰੇ ਸੰਗੀ ਭੁੱਖ ਨਾਲ ਮਰ ਜਾਣ ।

12 ਅਤੇ ਵੇਖੋ, ਤੁਹਾਡੀਆਂ ਅੱਖਾਂ ਅਤੇ ਮੇਰੇ ਭਰਾ ਬਿਨਯਾਮੀਨ ਦੀਆਂ ਅੱਖਾਂ ਵੇਖਦੀਆਂ ਹਨ ਕਿ ਇਹ ਮੈਂ ਹੀ ਹਾਂ ਜੋ ਤੁਹਾਡੇ ਨਾਲ ਬੋਲਦਾ ਹੈ ।

13 ਤੁਸੀਂ ਮੇਰਾ ਸਾਰਾ ਪਰਤਾਪ ਜਿਹੜਾ ਮਿਸਰ ਵਿੱਚ ਹੈ, ਅਤੇ ਜੋ ਕੁਝ ਤੁਸੀਂ ਵੇਖਿਆ ਹੈ ਮੇਰੇ ਪਿਤਾ ਨੂੰ ਦੱਸਿਓ ਅਤੇ ਤੁਸੀਂ ਛੇਤੀ ਕਰੋ ਅਤੇ ਮੇਰੇ ਪਿਤਾ ਨੂੰ ਐਥੇ ਲੈ ਆਓ ।

14 ਤਦ ਉਹ ਆਪਣੇ ਭਰਾ ਬਿਨਯਾਮੀਨ ਦੇ ਗਲ੍ਹ ਲੱਗ ਕੇ ਰੋਇਆ ਅਤੇ ਬਿਨਯਾਮੀਨ ਉਸ ਦੇ ਗਲ੍ਹ ਲੱਗ ਕੇ ਰੋਇਆ ।

15 ਫਿਰ ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ ਅਤੇ ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਹ ਦੇ ਨਾਲ ਗੱਲਾਂ ਕੀਤੀਆਂ ।

16 ਇਹ ਖ਼ਬਰ ਫ਼ਿਰਊਨ ਦੇ ਘਰ ਸੁਣੀ ਗਈ ਕਿ ਯੂਸੁਫ਼ ਦੇ ਭਰਾ ਆਏ ਹਨ ਅਤੇ ਇਹ ਖ਼ਬਰ ਫ਼ਿਰਊਨ ਨੂੰ ਅਤੇ ਉਸ ਦੇ ਕਰਮਚਾਰੀਆਂ ਨੂੰ ਚੰਗੀ ਲੱਗੀ ।

17 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਆਪਣੇ ਭਰਾਵਾਂ ਨੂੰ ਆਖ ਕਿ ਇਹ ਕੰਮ ਕਰੋ: ਆਪਣੇ ਜਾਨਵਰ ਲੱਦੋ ਅਤੇ ਕਨਾਨ ਦੇ ਦੇਸ਼ ਨੂੰ ਜਾਓ,

18 ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਅਤੇ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਦੇਵਾਂਗਾ ਅਤੇ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ ।

19 ਹੁਣ ਤੈਨੂੰ ਇਹ ਆਗਿਆ ਹੈ: ਤੁਸੀਂ ਇਹ ਕਰੋ ਕਿ ਮਿਸਰ ਦੇਸ਼ ਤੋਂ ਗੱਡੇ ਲੈ ਜਾਓ ਅਤੇ ਆਪਣੇ ਬਾਲ ਬੱਚੇ ਅਤੇ ਆਪਣੀਆਂ ਪਤਨੀਆਂ ਅਤੇ ਆਪਣੇ ਪਿਤਾ ਨੂੰ ਲੈ ਆਓ ।

20 ਤੁਸੀਂ ਆਪਣੇ ਸਮਾਨ ਦਾ ਮੋਹ ਨਾ ਕਰਨਾ ਕਿਉਂ ਜੋ ਸਾਰੇ ਮਿਸਰ ਦੇਸ਼ ਦੇ ਪਦਾਰਥ ਤੁਹਾਡੇ ਹੀ ਹਨ ।

21 ਇਸਰਾਏਲ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਯੂਸੁਫ਼ ਨੇ ਫ਼ਿਰਊਨ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਨੂੰ ਗੱਡੇ ਦਿੱਤੇ ਅਤੇ ਉਨ੍ਹਾਂ ਨੂੰ ਰਸਤੇ ਲਈ ਭੋਜਨ ਸਮੱਗਰੀ ਦਿੱਤੀ ।

22 ਉਸ ਨੇ ਉਨ੍ਹਾਂ ਸਾਰਿਆਂ ਨੂੰ ਇੱਕ-ਇੱਕ ਜੋੜਾ ਬਸਤਰ ਦਿੱਤਾ ਪਰ ਬਿਨਯਾਮੀਨ ਨੂੰ ਤਿੰਨ ਸੌ ਚਾਂਦੀ ਦੇ ਸਿੱਕੇ ਅਤੇ ਪੰਜ ਜੋੜੇ ਬਸਤਰ ਦਿੱਤੇ ।

23 ਉਸ ਨੇ ਆਪਣੇ ਪਿਤਾ ਨੂੰ ਜੋ ਕੁਝ ਭੇਜਿਆ ਉਹ ਇਹ ਹੈ ਅਰਥਾਤ ਮਿਸਰ ਦੇ ਚੰਗੇ ਪਦਾਰਥਾਂ ਦੇ ਲੱਦੇ ਹੋਏ ਦਸ ਗਧੇ ਅਤੇ ਅੰਨ-ਦਾਣੇ ਅਤੇ ਆਪਣੇ ਪਿਤਾ ਦੇ ਰਸਤੇ ਲਈ ਹੋਰ ਭੋਜਨ-ਸਮੱਗਰੀ ਦੀਆਂ ਲੱਦੀਆਂ ਹੋਈਆਂ ਦਸ ਗਧੀਆਂ ।

24 ਤਦ ਉਸ ਨੇ ਆਪਣੇ ਭਰਾਵਾਂ ਨੂੰ ਵਿਦਿਆ ਕੀਤਾ ਅਤੇ ਓਹ ਚਲੇ ਗਏ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਕਿਤੇ ਰਸਤੇ ਵਿੱਚ ਝਗੜਾ ਨਾ ਕਰਿਓ ।

25 ਸੋ ਓਹ ਮਿਸਰ ਤੋਂ ਵਾਪਿਸ ਆਏ ਅਤੇ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੂਬ ਦੇ ਕੋਲ ਪਹੁੰਚੇ ।

26 ਅਤੇ ਉਸ ਨੂੰ ਦੱਸਿਆ ਕਿ ਯੂਸੁਫ਼ ਅਜੇ ਜੀਉਂਦਾ ਹੈ ਅਤੇ ਉਹ ਮਿਸਰ ਦੇ ਸਾਰੇ ਦੇਸ਼ ਉੱਤੇ ਰਾਜ ਕਰਦਾ ਹੈ, ਤਾਂ ਯਾਕੂਬ ਦਾ ਦਿਲ ਬੈਠ ਗਿਆ ਕਿਉਂ ਜੋ ਉਸ ਨੇ ਉਨ੍ਹਾਂ ਦੀ ਗੱਲ ਦਾ ਭਰੋਸਾ ਨਾ ਕੀਤਾ ।

27 ਫੇਰ ਉਨ੍ਹਾਂ ਨੇ ਯੂਸੁਫ਼ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਉਨ੍ਹਾਂ ਨੂੰ ਆਖੀਆਂ ਸਨ, ਉਸ ਨੂੰ ਦੱਸੀਆਂ । ਜਦ ਉਸ ਨੇ ਉਹ ਗੱਡੇ ਜਿਹੜੇ ਯੂਸੁਫ਼ ਨੇ ਉਹ ਦੇ ਲਿਆਉਣ ਲਈ ਭੇਜੇ ਸਨ ਵੇਖੇ ਤਾਂ ਉਨ੍ਹਾਂ ਦੇ ਪਿਤਾ ਯਾਕੂਬ ਦੀ ਜਾਨ ਵਿੱਚ ਜਾਨ ਆਈ ।

28 ਤਦ ਇਸਰਾਏਲ ਨੇ ਆਖਿਆ, ਇਹੋ ਬਹੁਤ ਹੈ ਕਿ ਮੇਰਾ ਪੁੱਤਰ ਯੂਸੁਫ਼ ਅਜੇ ਜੀਉਂਦਾ ਹੈ । ਮੈਂ ਜਾਂਵਾਂਗਾ ਅਤੇ ਆਪਣੇ ਮਰਨ ਤੋਂ ਪਹਿਲਾਂ ਉਸ ਨੂੰ ਵੇਖਾਂਗਾ ।