Genesis 13 in Panjabi

1 ਤਦ ਅਬਰਾਮ ਆਪਣੀ ਪਤਨੀ ਅਤੇ ਸਭ ਕੁਝ ਜੋ ਉਹ ਦੇ ਕੋਲ ਸੀ ਅਤੇ ਲੂਤ ਨੂੰ ਵੀ ਆਪਣੇ ਨਾਲ ਲੈ ਕੇ ਮਿਸਰ ਤੋਂ ਕਨਾਨ ਦੇ ਦੱਖਣ ਵੱਲ ਗਿਆ ।

2 ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ ।

3 ਉਹ ਦੱਖਣ ਤੋਂ ਸਫ਼ਰ ਕਰਦਾ ਬੈਤ-ਏਲ ਦੀ ਉਸ ਥਾਂ ਤੱਕ ਪਹੁੰਚਿਆ ਜਿੱਥੇ ਉਸ ਨੇ ਪਹਿਲਾਂ ਆਪਣਾ ਤੰਬੂ ਬੈਤ-ਏਲ ਅਤੇ ਅਈ ਦੇ ਵਿਚਕਾਰ ਲਾਇਆ ਸੀ ।

4 ਇਹ ਸਥਾਨ ਉਸ ਜਗਵੇਦੀ ਦਾ ਹੈ, ਜੋ ਉਸ ਨੇ ਪਹਿਲਾਂ ਬਣਾਈ ਸੀ ਅਤੇ ਉੱਥੇ ਅਬਰਾਮ ਨੇ ਯਹੋਵਾਹ ਨੂੰ ਪੁਕਾਰਿਆ ਸੀ ।

5 ਲੂਤ ਦੇ ਕੋਲ ਵੀ ਜਿਹੜਾ ਅਬਰਾਮ ਨਾਲ ਚੱਲਦਾ ਸੀ, ਇੱਜੜ, ਗਾਈਆਂ-ਬਲਦ ਅਤੇ ਤੰਬੂ ਸਨ ।

6 ਇਸ ਲਈ ਉਸ ਦੇਸ਼ ਵਿੱਚ ਉਨ੍ਹਾਂ ਦੋਵਾਂ ਦੇ ਇਕੱਠੇ ਰਹਿਣ ਲਈ ਸਥਾਨ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਇੰਨ੍ਹਾਂ ਮਾਲ-ਧਨ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ ।

7 ਅਬਰਾਮ ਅਤੇ ਲੂਤ ਦੇ ਆਜੜੀਆਂ ਵਿਚਕਾਰ ਝਗੜਾ ਹੋ ਗਿਆ । ਉਸ ਸਮੇਂ ਕਨਾਨੀ ਅਤੇ ਪਰਿੱਜੀ ਲੋਕ ਉਸ ਦੇਸ਼ ਵਿੱਚ ਵੱਸਦੇ ਸਨ ।

8 ਅਬਰਾਮ ਨੇ ਲੂਤ ਨੂੰ ਆਖਿਆ, ਮੇਰੇ ਅਤੇ ਤੇਰੇ ਵਿੱਚ, ਅਤੇ ਮੇਰੇ ਅਤੇ ਤੇਰੇ ਆਜੜੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ, ਕਿਉਂ ਜੋ ਅਸੀਂ ਭਰਾ ਹਾਂ । ਭਲਾ, ਸਾਰਾ ਦੇਸ਼ ਤੇਰੇ ਅੱਗੇ ਨਹੀਂ ਹੈ ?

9 ਇਸ ਲਈ ਮੈਥੋਂ ਵੱਖਰਾ ਹੋ ਜਾ । ਜੇ ਤੂੰ ਖੱਬੇ ਪਾਸੇ ਜਾਵੇਂ, ਤਾਂ ਮੈਂ ਸੱਜੇ ਪਾਸੇ ਜਾਂਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ, ਤਾਂ ਮੈਂ ਖੱਬੇ ਪਾਸੇ ਜਾਂਵਾਂਗਾ ।

10 ਤਦ ਲੂਤ ਨੇ ਆਪਣੀਆਂ ਅੱਖਾਂ ਚੁੱਕ ਕੇ ਯਰਦਨ ਨਦੀ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਸਿੰਜਿਆ ਹੋਇਆ ਸੀ । ਇਸ ਤੋਂ ਪਹਿਲਾਂ ਕਿ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਨਾਸ਼ ਕੀਤਾ, ਤਦ ਤੱਕ ਉਹ ਯਹੋਵਾਹ ਦੇ ਬਾਗ਼ ਵਰਗਾ ਸੀ ਸਗੋਂ ਸੋਆਰ ਨੂੰ ਜਾਂਦੇ ਹੋਏ ਮਿਸਰ ਦੇਸ਼ ਵਰਗਾ ਉਪਜਾਊ ਸੀ ।

11 ਇਸ ਲਈ ਲੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣ ਲਿਆ ਅਤੇ ਪੂਰਬ ਵੱਲ ਚੱਲਿਆ ਗਿਆ ਅਤੇ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ ।

12 ਅਬਰਾਮ ਕਨਾਨ ਦੇਸ਼ ਵਿੱਚ ਵੱਸਿਆ ਪਰ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਵੱਸਿਆ ਅਤੇ ਸਦੂਮ ਦੇ ਕੋਲ ਆਪਣਾ ਤੰਬੂ ਲਾਇਆ ।

13 ਸਦੂਮ ਦੇ ਲੋਕ ਯਹੋਵਾਹ ਦੇ ਅੱਗੇ ਵੱਡੇ ਦੁਸ਼ਟ ਅਤੇ ਮਹਾਂ ਪਾਪੀ ਸਨ ।

14 ਜਦ ਅਬਰਾਮ ਲੂਤ ਤੋਂ ਅਲੱਗ ਹੋ ਗਿਆ ਤਾਂ ਯਹੋਵਾਹ ਨੇ ਅਬਰਾਮ ਨੂੰ ਆਖਿਆ, ਆਪਣੀਆਂ ਅੱਖਾਂ ਚੁੱਕ ਕੇ ਇਸ ਸਥਾਨ ਤੋਂ ਜਿੱਥੇ ਤੂੰ ਹੁਣ ਹੈਂ, ਉੱਤਰ-ਦੱਖਣ ਅਤੇ ਪੂਰਬ-ਪੱਛਮ ਵੱਲ ਵੇਖ,

15 ਕਿਉਂਕਿ ਇਹ ਸਾਰੀ ਧਰਤੀ ਜੋ ਤੂੰ ਵੇਖਦਾ ਹੈਂ, ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਸਦਾ ਲਈ ਦੇ ਦਿਆਂਗਾ ।

16 ਮੈਂ ਤੇਰੀ ਅੰਸ ਧਰਤੀ ਦੀ ਧੂੜ ਵਰਗੀ ਅਜਿਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ, ਤਾਂ ਉਹ ਤੇਰੀ ਅੰਸ ਨੂੰ ਵੀ ਗਿਣ ਸਕੇਗਾ ।

17 ਉੱਠ ਅਤੇ ਇਸ ਦੇਸ਼ ਦੀ ਲੰਬਾਈ ਚੌੜਾਈ ਵਿੱਚ ਤੁਰ ਫਿਰ ਕਿਉਂ ਜੋ ਮੈਂ ਇਹ ਤੈਨੂੰ ਦੇ ਦਿਆਂਗਾ ।

18 ਇਸ ਤੋਂ ਬਾਅਦ ਅਬਰਾਮ ਨੇ ਆਪਣਾ ਤੰਬੂ ਪੁੱਟਿਆ ਅਤੇ ਮਮਰੇ ਦੇ ਬਲੂਤਾਂ ਕੋਲ, ਜਿਹੜੇ ਹਬਰੋਨ ਵਿੱਚ ਹਨ, ਜਾ ਵੱਸਿਆ ਅਤੇ ਉੱਥੇ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ।