Genesis 11 in Panjabi

1 ਸਾਰੀ ਧਰਤੀ ਉੱਤੇ ਇੱਕੋ ਹੀ ਬੋਲੀ ਅਤੇ ਇੱਕੋ ਹੀ ਭਾਸ਼ਾ ਸੀ ।

2 ਉਸ ਵੇਲੇ ਲੋਕਾਂ ਨੂੰ ਪੂਰਬ ਵੱਲ ਜਾਂਦੇ ਹੋਏ, ਇੱਕ ਮੈਦਾਨ ਸਿਨਾਰ ਦੇਸ਼ ਵਿੱਚ ਲੱਭਿਆ ਅਤੇ ਉੱਥੇ ਉਹ ਵੱਸ ਗਏ ।

3 ਤਦ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਕਾਈਏ, ਉਨ੍ਹਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ ।

4 ਫਿਰ ਉਨ੍ਹਾਂ ਨੇ ਆਖਿਆ ਕਿ ਆਉ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ ਜਿਸ ਦੀ ਚੋਟੀ ਅਕਾਸ਼ ਤੱਕ ਹੋਵੇ ਅਤੇ ਅਜਿਹਾ ਕਰਕੇ ਅਸੀਂ ਨਾਮ ਕਮਾਈਏ ਅਜਿਹਾ ਨਾ ਹੋਵੇ ਜੋ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ ।

5 ਜਦ ਲੋਕ ਉਸ ਸ਼ਹਿਰ ਅਤੇ ਬੁਰਜ ਨੂੰ ਬਣਾ ਰਹੇ ਸਨ ਤਦ ਯਹੋਵਾਹ ਉਸ ਨੂੰ ਵੇਖਣ ਲਈ ਉਤਰਿਆ ।

6 ਯਹੋਵਾਹ ਨੇ ਆਖਿਆ, ਵੇਖੋ, ਇਹ ਲੋਕ ਇੱਕ ਹਨ, ਇਹਨਾਂ ਸਾਰਿਆਂ ਦੀ ਬੋਲੀ ਵੀ ਇੱਕ ਹੈ ਅਤੇ ਇਹਨਾਂ ਨੇ ਇਸ ਕੰਮ ਨੂੰ ਅਰੰਭ ਕੀਤਾ ਹੈ, ਜੋ ਕੁਝ ਵੀ ਉਹ ਕਰਨ ਦਾ ਯਤਨ ਕਰਨਗੇ ਹੁਣ ਉਨ੍ਹਾਂ ਲਈ ਕੁਝ ਵੀ ਰੁਕਾਵਟ ਨਾ ਹੋਵੇਗੀ ।

7 ਇਸ ਲਈ ਆਓ ਅਸੀਂ ਉਤਰੀਏ, ਉਨ੍ਹਾਂ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦੇਈਏ ਤਾਂ ਜੋ ਉਹ ਇੱਕ ਦੂਜੇ ਦੀ ਭਾਸ਼ਾ ਨਾ ਸਮਝ ਸਕਣ ।

8 ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ । ਇਸ ਲਈ ਉਹਨਾਂ ਨੇ ਉਸ ਸ਼ਹਿਰ ਦਾ ਨਿਰਮਾਣ ਕਰਨਾ ਬੰਦ ਕਰ ਦਿੱਤਾ ।

9 ਇਸ ਕਾਰਨ ਉਨ੍ਹਾਂ ਨੇ ਉਸ ਨਗਰ ਦਾ ਨਾਮ ਬਾਬਲ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਸਾਰੀ ਧਰਤੀ ਦੀ ਭਾਸ਼ਾ ਉਲਟ-ਪੁਲਟ ਕਰ ਦਿੱਤੀ ਅਤੇ ਉੱਥੋਂ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ ।

10 ਇਹ ਸ਼ੇਮ ਦੀ ਵੰਸ਼ਾਵਲੀ ਹੈ । ਸ਼ੇਮ ਸੌ ਸਾਲ ਦਾ ਸੀ ਅਤੇ ਜਲ ਪਰਲੋ ਤੋਂ ਦੋ ਸਾਲ ਬਾਅਦ ਉਸ ਤੋਂ ਅਰਪਕਸਦ ਜੰਮਿਆ ।

11 ਅਰਪਕਸਦ ਦੇ ਜਨਮ ਤੋਂ ਬਾਅਦ, ਸ਼ੇਮ ਪੰਜ ਸੌ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।

12 ਜਦ ਅਰਪਕਸਦ ਪੈਂਤੀਆਂ ਸਾਲਾਂ ਦਾ ਹੋਇਆ ਤਾਂ ਉਸ ਤੋਂ ਸ਼ਲਹ ਜੰਮਿਆ ।

13 ਅਤੇ ਅਰਪਕਸਦ ਸ਼ਲਹ ਦੇ ਜਨਮ ਤੋਂ ਬਾਅਦ ਚਾਰ ਸੌ ਤਿੰਨ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।

14 ਜਦ ਸ਼ਲਹ ਤੀਹ ਸਾਲ ਦਾ ਹੋਇਆ ਤਾਂ ਏਬਰ ਜੰਮਿਆ ।

15 ਸ਼ਲਹ ਏਬਰ ਦੇ ਜਨਮ ਤੋਂ ਬਾਅਦ ਚਾਰ ਸੌ ਤਿੰਨ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।

16 ਅਤੇ ਏਬਰ ਚੌਂਤੀ ਸਾਲ ਦਾ ਹੋਇਆ ਤਾਂ ਉਸ ਤੋਂ ਪੇਲੇਗ ਜੰਮਿਆ ।

17 ਏਬਰ ਪੇਲੇਗ ਦੇ ਜਨਮ ਤੋਂ ਬਾਅਦ ਚਾਰ ਸੌ ਤੀਹ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।

18 ਜਦ ਪੇਲੇਗ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਰਊ ਜੰਮਿਆ ।

19 ਪੇਲੇਗ ਰਊ ਦੇ ਜਨਮ ਤੋਂ ਬਾਅਦ ਦੋ ਸੌ ਨੌ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।

20 ਰਊ ਬੱਤੀ ਸਾਲ ਦਾ ਹੋਇਆ ਤਾਂ ਉਸ ਤੋਂ ਸਰੂਗ ਜੰਮਿਆ ।

21 ਰਊ ਸਰੂਗ ਦੇ ਜਨਮ ਤੋਂ ਬਾਅਦ ਦੋ ਸੌ ਸੱਤ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।

22 ਜਦ ਸਰੂਗ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਨਾਹੋਰ ਜੰਮਿਆ ।

23 ਸਰੂਗ ਨਾਹੋਰ ਦੇ ਜਨਮ ਤੋਂ ਬਾਅਦ ਦੋ ਸੌ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।

24 ਜਦ ਨਾਹੋਰ ਉਨੱਤੀ ਸਾਲ ਦਾ ਹੋਇਆ ਤਾਂ ਉਸ ਤੋਂ ਤਾਰਹ ਜੰਮਿਆ ।

25 ਨਾਹੋਰ ਤਾਰਹ ਦੇ ਜਨਮ ਤੋਂ ਬਾਅਦ ਇੱਕ ਸੌ ਉੱਨੀ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।

26 ਤਾਰਹ ਸੱਤਰ ਸਾਲ ਦਾ ਹੋਇਆ ਤਾਂ ਉਸ ਤੋਂ ਅਬਰਾਮ, ਨਾਹੋਰ ਅਤੇ ਹਾਰਾਨ ਜੰਮੇ ।

27 ਇਹ ਤਾਰਹ ਦੀ ਵੰਸ਼ਾਵਲੀ ਹੈ । ਤਾਰਹ ਤੋਂ ਅਬਰਾਮ, ਨਾਹੋਰ ਅਤੇ ਹਾਰਾਨ ਜੰਮੇ ਅਤੇ ਹਾਰਾਨ ਤੋਂ ਲੂਤ ਜੰਮਿਆ ।

28 ਹਾਰਾਨ ਆਪਣੀ ਜਨਮ ਭੂਮੀ ਅਰਥਾਤ ਕਸਦੀਆਂ ਦੇ ਊਰ ਨਗਰ ਵਿੱਚ ਮਰ ਗਿਆ ਜਦ ਕਿ ਉਸਦਾ ਪਿਤਾ ਤਾਰਹ ਅਜੇ ਜਿਉਂਦਾ ਸੀ ।

29 ਅਬਰਾਮ ਅਤੇ ਨਾਹੋਰ ਦੋਵਾਂ ਨੇ ਵਿਆਹ ਕਰ ਲਿਆ । ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ, ਜਿਹੜੀ ਹਾਰਾਨ ਦੀ ਧੀ ਸੀ ਜੋ ਮਿਲਕਾਹ ਅਤੇ ਯਿਸਕਾਹ ਦਾ ਪਿਤਾ ਸੀ ।

30 ਪਰ ਸਾਰਈ ਬਾਂਝ ਸੀ, ਉਸ ਦੇ ਕੋਈ ਬੱਚਾ ਨਹੀਂ ਸੀ ।

31 ਤਾਰਹ ਆਪਣੇ ਪੁੱਤਰ ਅਬਰਾਮ ਤੇ ਆਪਣੇ ਪੋਤੇ ਲੂਤ, ਜੋ ਹਾਰਾਨ ਦਾ ਪੁੱਤਰ ਸੀ, ਆਪਣੀ ਨੂੰਹ ਸਾਰਈ, ਜੋ ਅਬਰਾਮ ਦੀ ਪਤਨੀ ਸੀ, ਇਹਨਾਂ ਸਾਰਿਆਂ ਨੂੰ ਲੈ ਕੇ ਕਸਦੀਮ ਦੇ ਊਰ ਨਗਰ ਤੋਂ ਨਿਕਲ ਕੇ ਕਨਾਨ ਦੇਸ਼ ਨੂੰ ਜਾਣ ਲਈ ਨਿੱਕਲਿਆ; ਪਰ ਓਹ ਹਾਰਾਨ ਵਿੱਚ ਆ ਕੇ ਉੱਥੇ ਵੱਸ ਗਏ ।

32 ਜਦ ਤਾਰਹ ਦੀ ਉਮਰ ਦੋ ਸੌ ਪੰਜ ਸਾਲ ਦੀ ਸੀ ਤਦ ਉਹ ਹਾਰਾਨ ਦੇਸ਼ ਵਿੱਚ ਮਰ ਗਿਆ ।