Galatians 5 in Panjabi

1 ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ, ਇਸ ਲਈ ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜਾਵੋ ।

2 ਵੇਖੋ, ਮੈਂ ਪੌਲੁਸ ਤੁਹਾਨੂੰ ਆਖਦਾ ਹਾਂ ਕਿ ਜੇ ਤੁਸੀਂ ਸੁੰਨਤ ਕਰਾਵੋ ਤਾਂ ਮਸੀਹ ਕੋਲੋਂ ਤੁਹਾਨੂੰ ਕੁੱਝ ਲਾਭ ਨਾ ਹੋਵੇਗਾ ।

3 ਸਗੋਂ ਮੈਂ ਹਰੇਕ ਮਨੁੱਖ ਉੱਤੇ ਜਿਹੜਾ ਸੁੰਨਤ ਕਰਾਉਂਦਾ ਹੈ ਫਿਰ ਗਵਾਹੀ ਭਰਦਾ ਹਾਂ ਜੋ ਉਹ ਨੂੰ ਸਾਰੀ ਬਿਵਸਥਾ ਮੰਨਣੀ ਪਵੇਗੀ ।

4 ਤੁਸੀਂ ਜੋ ਬਿਵਸਥਾ ਨਾਲ ਧਰਮੀ ਬਣਨਾ ਚਾਹੁੰਦੇ ਹੋ, ਸੋ ਮਸੀਹ ਤੋਂ ਅਲੱਗ ਹੋ ਗਏ ਅਤੇ ਕਿਰਪਾ ਤੋਂ ਡਿੱਗ ਗਏ ਹੋ ।

5 ਅਸੀਂ ਤਾਂ ਆਤਮਾ ਦੇ ਕਾਰਨ ਵਿਸ਼ਵਾਸ ਨਾਲ ਆਸ ਕੀਤੀ ਹੋਈ ਧਾਰਮਿਕਤਾ ਦੀ ਉਡੀਕ ਕਰਦੇ ਹਾਂ ।

6 ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਕੁੱਝ ਕੰਮ ਦੀ ਹੈ; ਪਰ ਸਗੋਂ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ ।

7 ਤੁਸੀਂ ਤਾਂ ਚੰਗੀ ਤਰ੍ਹਾਂ ਦੌੜਦੇ ਸੀ ! ਕਿਸ ਨੇ ਤੁਹਾਨੂੰ ਰੋਕ ਦਿੱਤਾ ਕਿ ਤੁਸੀਂ ਸਚਿਆਈ ਨੂੰ ਨਾ ਮੰਨੋ ?

8 ਇਸ ਤਰ੍ਹਾਂ ਦੀ ਸਿੱਖਿਆ ਤੁਹਾਡੇ ਸੱਦਣ ਵਾਲੇ ਦੀ ਵੱਲੋਂ ਨਹੀਂ ।

9 ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ ।

10 ਮੈਨੂੰ ਪ੍ਰਭੂ ਵਿੱਚ ਤੁਹਾਡੀ ਵੱਲੋਂ ਭਰੋਸਾ ਹੈ ਜੋ ਤੁਸੀਂ ਕੋਈ ਹੋਰ ਵਿਚਾਰ ਨਾ ਕਰੋਗੇ, ਪਰ ਜਿਹੜਾ ਤੁਹਾਨੂੰ ਡਰਾਉਂਦਾ ਹੈ ਉਹ ਭਾਵੇਂ ਕੋਈ ਵੀ ਹੋਵੇ ਆਪਣੀ ਸਜ਼ਾ ਭੋਗੇਗਾ !

11 ਪਰ ਹੇ ਭਰਾਵੋ, ਜੇ ਮੈਂ ਹੁਣ ਤੱਕ ਸੁੰਨਤ ਦਾ ਪ੍ਰਚਾਰ ਕਰਦਾ ਹਾਂ ਤਾਂ ਹੁਣ ਤੱਕ ਸਤਾਇਆ ਕਿਉਂ ਜਾਂਦਾ ਹਾਂ ? ਤਦ ਸਲੀਬ ਦੀ ਠੋਕਰ ਤਾਂ ਜਾਂਦੀ ਰਹੀ ।

12 ਕੀ ਹੁੰਦਾ ਕਿ ਉਹ ਜਿਹੜੇ ਤੁਹਾਨੂੰ ਡਰਾਉਂਦੇ ਹਨ, ਆਪਣਾ ਅੰਗ ਹੀ ਵੱਢ ਲੈਂਦੇ ! ।

13 ਹੇ ਭਰਾਵੋ, ਤੁਸੀਂ ਤਾਂ ਅਜ਼ਾਦੀ ਲਈ ਸੱਦੇ ਗਏ ਹੋ ਪਰ ਆਪਣੀ ਅਜ਼ਾਦੀ ਨੂੰ ਸਰੀਰ ਲਈ ਮੌਕਾ ਜਾਣ ਕੇ ਨਾ ਵਰਤੋ ਸਗੋਂ ਪਿਆਰ ਦੇ ਰਾਹੀਂ ਇੱਕ ਦੂਜੇ ਦੀ ਸੇਵਾ ਕਰੋ ।

14 ਕਿਉਂ ਜੋ ਸਾਰੀ ਬਿਵਸਥਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਕਿ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ ।

15 ਪਰ ਜੇ ਤੁਸੀਂ ਇੱਕ ਦੂਜੇ ਨੂੰ ਦੰਦਾਂ ਨਾਲ ਪਾੜ ਖਾਓ ਤਾਂ ਚੌਕਸ ਰਹੋ ਕੀ ਕਿਤੇ ਤੁਸੀਂ ਇੱਕ ਦੂਜੇ ਦਾ ਨਾਸ ਨਾ ਕਰ ਦੇਵੋਂ ! ।

16 ਪਰ ਮੈਂ ਆਖਦਾ ਹਾਂ, ਤੁਸੀਂ ਆਤਮਾ ਦੇ ਦੁਆਰਾ ਚੱਲੋ ਤਾਂ ਸਰੀਰ ਦੀ ਲਾਲਸਾ ਨੂੰ ਕਦੇ ਪੂਰਾ ਨਾ ਕਰੋਗੇ ।

17 ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ, ਅਤੇ ਆਤਮਾ ਸਰੀਰ ਦੇ ਵਿਰੁੱਧ ਹੈ ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਨਾ ਕਰ ਸਕੋ ।

18 ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਬਿਵਸਥਾ ਦੇ ਅਧੀਨ ਨਹੀਂ ਹੋ ।

19 ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ । ਉਹ ਇਹ ਹਨ - ਹਰਾਮਕਾਰੀ, ਗੰਦ-ਮੰਦ, ਲੁੱਚਪੁਣਾ,

20 ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਕ੍ਰੋਧ, ਵਿਰੋਧ, ਫੁੱਟਾਂ, ਬਿਦਤਾਂ,

21 ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜਿਹੇ ਕੰਮ । ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ ਕਿ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਹੋਣਗੇ ।

22 ਪਰ ਆਤਮਾ ਦਾ ਫਲ ਇਹ ਹੈ - ਪਿਆਰ , ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ,

23 ਨਰਮਾਈ, ਸੰਜਮ । ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ ।

24 ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਵਾਂ ਅਤੇ ਲਾਲਸਾ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ ।

25 ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ ।

26 ਅਸੀਂ ਘਮੰਡੀ ਹੋ ਕੇ ਨਾ ਇੱਕ ਦੂਜੇ ਨੂੰ ਖਿਝਾਈਏ ਅਤੇ ਨਾ ਇੱਕ ਦੂਜੇ ਨਾਲ ਖਾਰ ਰੱਖੀਏ ।