Ezekiel 42 in Panjabi
1 ਫਿਰ ਉਹ ਮੈਨੂੰ ਉਤਰੀ ਰਾਹ ਵਿੱਚੋਂ ਬਾਹਰਲੇ ਵੇਹੜੇ ਵਿੱਚ ਲੈ ਗਿਆ ਅਤੇ ਉਸ ਕੋਠੜੀ ਵਿੱਚ ਜਿਹੜੀ ਵੱਖਰੀ ਥਾਂ ਅਤੇ ਮਕਾਨ ਦੇ ਸਾਹਮਣੇ ਉਤਰ ਵੱਲ ਸੀ, ਲੈ ਆਇਆ ।
2 ਸੌ ਹੱਥ ਲੰਮੇ ਥਾਂ ਦੇ ਸਾਹਮਣੇ ਉਤਰੀ ਦਰਵਾਜ਼ਾ ਸੀ, ਉਸ ਥਾਂ ਦੀ ਚੌੜਾਈ ਪੰਜਾਹ ਹੱਥ ਸੀ ।
3 ਅੰਦਰਲੇ ਵੇਹੜੇ ਦੇ ਵੀਹ ਹੱਥ ਦੇ ਫਾਸਲੇ ਦੇ ਸਾਹਮਣੇ, ਬਾਹਰਲੇ ਵੇਹੜੇ ਦੇ ਫਰਸ਼ ਦੇ ਸਾਹਮਣੇ ਕੋਠੜੀਆਂ ਦੀਆਂ ਤਿੰਨ ਛੱਤਾਂ ਇੱਕ ਦੂਜੀ ਦੇ ਸਾਹਮਣੇ ਸਨ ।
4 ਕੋਠੜੀਆਂ ਦੇ ਸਾਹਮਣੇ ਅੰਦਰ ਵੱਲ ਦਸ ਹੱਥ ਚੌੜਾ ਰਾਹ ਸੀ ਅਤੇ ਇੱਕ ਰਸਤਾ ਇੱਕ ਹੱਥ ਦਾ ਅਤੇ ਉਹਨਾਂ ਦੇ ਦਰਵਾਜ਼ੇ ਉਤਰ ਵੱਲ ਸਨ ।
5 ਉੱਪਰ ਦੀਆਂ ਕੋਠੜੀਆਂ ਛੋਟੀਆਂ ਸਨ, ਕਿਉਂ ਜੋ ਉਹਨਾਂ ਦੇ ਬਰਾਂਡਿਆਂ ਇਮਾਰਤ ਦੀ ਹੇਠਲੀ ਤੇ ਉੱਪਰਲੀ ਮੰਜ਼ਲ ਦੇ ਟਾਕਰੇ ਵਿੱਚ ਇਹਨਾਂ ਤੋਂ ਵਧੇਰੀ ਥਾਂ ਰੋਕ ਰੱਖੀ ਸੀ ।
6 ਕਿਉਂ ਜੋ ਉਹ ਤਿੰਨ ਮੰਜ਼ਲੀਆਂ ਸਨ, ਪਰ ਉਹਨਾਂ ਦੇ ਥੰਮ੍ਹ ਵੇਹੜੇ ਦੇ ਥੰਮਾਂ ਵਾਂਗੂੰ ਨਹੀਂ ਸਨ, ਇਸ ਕਰਕੇ ਉਹ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਤੋਂ ਧਰਤੀ ਉੱਤੋਂ ਤੰਗ ਸਨ ।
7 ਕੋਠੜੀਆਂ ਦੇ ਨੇੜੇ ਦੀ, ਬਾਹਰਲੇ ਵੇਹੜੇ ਵੱਲ ਦੀ, ਕੋਠੜੀਆਂ ਦੇ ਸਾਹਮਣੇ ਦੀ ਬਾਹਰਲੀ ਕੰਧ ਪੰਜਾਹ ਹੱਥ ਲੰਬੀ ਸੀ ।
8 ਕਿਉਂ ਜੋ ਬਾਹਰਲੇ ਵੇਹੜੇ ਦੀਆਂ ਕੋਠੜੀਆਂ ਦੀ ਲੰਬਾਈ ਪੰਜਾਹ ਹੱਥ ਸੀ ਅਤੇ ਹੈਕਲ ਦੇ ਸਾਹਮਣੇ ਸੌ ਹੱਥ ਦੀ ਲੰਮਾਈ ਸੀ ।
9 ਉਹਨਾਂ ਕੋਠੜੀਆਂ ਦੇ ਹੇਠਾਂ ਪੂਰਬ ਵੱਲ ਉਹ ਲਾਂਘਾ ਸੀ, ਜਿਸ ਵਿੱਚੋਂ ਬਾਹਰਲੇ ਵੇਹੜੇ ਵਿੱਚੋਂ ਅੰਦਰ ਆਉਂਦੇ ਸਨ ।
10 ਪੂਰਬੀ ਵੇਹੜੇ ਦੀ ਚੌੜੀ ਕੰਧ ਵਿੱਚ ਅਤੇ ਉਸ ਮੰਦਰ ਦੇ ਸਾਹਮਣੇ ਕੋਠੜੀਆਂ ਸਨ ।
11 ਉਹਨਾਂ ਦੇ ਸਾਹਮਣੇ ਇੱਕ ਅਜਿਹਾ ਰਾਹ ਸੀ, ਜਿਹਾ ਉਤਰੀ ਕੋਠੜੀਆਂ ਦੇ ਅੱਗੇ ਸੀ, ਉਹਨਾਂ ਦੀ ਲੰਮਾਈ ਅਤੇ ਚੌੜਾਈ ਬਰਾਬਰ ਸੀ ਅਤੇ ਉਹਨਾਂ ਦੇ ਸਾਰੇ ਲਾਂਘੇ ਉਹਨਾਂ ਦੀ ਤਰਤੀਬ ਅਤੇ ਉਹਨਾਂ ਦੇ ਦਰਵਾਜ਼ਿਆਂ ਦੇ ਅਨੁਸਾਰ ਸਨ ।
12 ਦੱਖਣ ਵੱਲ ਦੀਆਂ ਕੋਠੜੀਆਂ ਦੇ ਦਰਵਾਜ਼ਿਆਂ ਦੇ ਅਨੁਸਾਰ ਇੱਕ ਦਰਵਾਜ਼ਾ ਰਾਹ ਦੇ ਸਿਰੇ ਤੇ ਸੀ, ਅਰਥਾਤ ਸਿੱਧੀ ਕੰਧ ਦੇ ਰਾਹ ਤੇ ਪੂਰਬ ਦੀ ਵੱਲ ਜਿੱਥੋਂ ਉਹਨਾਂ ਵਿੱਚ ਵੜਦੇ ਸਨ ।
13 ਤਦ ਉਹ ਨੇ ਮੈਨੂੰ ਆਖਿਆ, ਉਤਰੀ ਅਤੇ ਦੱਖਣੀ ਕੋਠੜੀਆਂ ਜੋ ਵੱਖਰੀ ਥਾਂ ਦੇ ਅੱਗੇ ਹਨ, ਪਵਿੱਤਰ ਕੋਠੜੀਆਂ ਹਨ ਜਿੱਥੇ ਜਾਜਕ ਜਿਹੜੇ ਯਹੋਵਾਹ ਦੇ ਨੇੜੇ ਜਾਂਦੇ ਹਨ ਪਵਿੱਤਰ ਚੀਜ਼ਾਂ ਖਾਣਗੇ । ਪਵਿੱਤਰ ਚੀਜ਼ਾਂ, ਮੈਦੇ ਦੀ ਭੇਂਟ, ਪਾਪਾਂ ਦੀ ਬਲੀ ਅਤੇ ਦੋਸ਼ ਦੀ ਬਲੀ ਉੱਥੇ ਰੱਖਣਗੇ, ਕਿਉਂ ਜੋ ਉਹ ਸਥਾਨ ਪਵਿੱਤਰ ਹੈ ।
14 ਜਦੋਂ ਜਾਜਕ ਅੰਦਰ ਜਾਣ ਤਾਂ ਉਹ ਪਵਿੱਤਰ ਸਥਾਨ ਤੋਂ ਬਾਹਰਲੇ ਵੇਹੜੇ ਵਿੱਚ ਨਾ ਜਾਣ, ਸਗੋਂ ਆਪਣੇ ਸੇਵਾ ਕਰਨ ਸਮੇਂ ਦੇ ਬਸਤਰ ਉੱਥੇ ਹੀ ਲਾਹ ਦੇਣ, ਕਿਉਂ ਜੋ ਉਹ ਪਵਿੱਤਰ ਹਨ ਅਤੇ ਉਹ ਦੂਜੇ ਬਸਤਰ ਪਾ ਕੇ ਲੋਕਾਂ ਦੇ ਥਾਵਾਂ ਵਿੱਚ ਜਾਣ ।
15 ਸੋ ਜਦੋਂ ਉਹ ਅੰਦਰਲੇ ਭਵਨ ਨੂੰ ਮਿਣ ਚੁੱਕਿਆ, ਤਾਂ ਮੈਨੂੰ ਉਸ ਫਾਟਕ ਦੇ ਰਾਹ ਵਿੱਚ ਲਿਆਇਆ, ਜਿਸ ਦਾ ਮੂੰਹ ਪੂਰਬ ਵੱਲ ਸੀ ਅਤੇ ਉਸ ਨੂੰ ਚਾਰੇ ਪਾਸਿਓਂ ਮਿਣਿਆ ।
16 ਉਸ ਨੇ ਮਿਣਤੀ ਦੇ ਕਾਨੇ ਨਾਲ ਪੂਰਬ ਵੱਲ ਚੁਫੇਰੇ ਪੰਜ ਸੌ ਕਾਨੇ ਮਿਣੇ ।
17 ਉਸ ਨੇ ਮਿਣਤੀ ਦੇ ਕਾਨੇ ਨਾਲ ਉਤਰ ਵੱਲ ਚੁਫੇਰੇ ਪੰਜ ਸੌ ਕਾਨੇ ਮਿਣੇ ।
18 ਉਸ ਨੇ ਮਿਣਤੀ ਦੇ ਕਾਨੇ ਨਾਲ ਦੱਖਣ ਵੱਲ ਵੀ ਪੰਜ ਸੌ ਕਾਨੇ ਮਿਣੇ ।
19 ਉਸ ਨੇ ਪੱਛਮ ਵੱਲ ਮੁੜ ਕੇ ਮਿਣਤੀ ਦੇ ਕਾਨੇ ਨਾਲ ਪੰਜ ਸੌ ਕਾਨੇ ਮਿਣੇ ।
20 ਉਸ ਨੇ ਉਹ ਨੂੰ ਚੁਫੇਰਿਓਂ ਮਿਣਿਆ । ਉਹ ਦੇ ਚਾਰੇ ਪਾਸੇ ਇੱਕ ਕੰਧ ਪੰਜ ਸੌ ਕਾਨੇ ਲੰਮੀ ਅਤੇ ਪੰਜ ਸੌ ਕਾਨੇ ਚੌੜੀ ਸੀ, ਤਾਂ ਜੋ ਪਵਿੱਤਰ ਸਥਾਨ ਨੂੰ ਸਧਾਰਨ ਥਾਂ ਤੋਂ ਵੱਖਰਾ ਕਰੇ ।