Ezekiel 18 in Panjabi

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2 ਤੁਸੀਂ ਇਸਰਾਏਲ ਦੀ ਭੂਮੀ ਦੇ ਵਿਰੁੱਧ ਕਿਉਂ ਇਹ ਕਹਾਵਤ ਆਖਦੇ ਹੋ ਕਿ ਪਿਤਾਵਾਂ ਨੇ ਖੱਟੇ ਅੰਗੂਰ ਖਾਧੇ ਅਤੇ ਬੱਚਿਆਂ ਦੇ ਦੰਦ ਦੁੱਖਣ ਲੱਗ ਪਏ ?

3 ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਤੁਸੀਂ ਫੇਰ ਇਸਰਾਏਲ ਵਿੱਚ ਇਹ ਕਹਾਵਤ ਨਹੀਂ ਆਖੋਗੇ ।

4 ਵੇਖੋ, ਸਾਰੀਆਂ ਜਾਨਾਂ ਮੇਰੀਆਂ ਹਨ । ਜਿਹੀ ਪਿਉ ਦੀ ਜਾਨ, ਵੈਸੀ ਹੀ ਪੁੱਤਰ ਦੀ ਜਾਨ ਵੀ ਮੇਰੀ ਹੈ । ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ ।

5 ਪਰ ਜਿਹੜਾ ਮਨੁੱਖ ਧਰਮੀ ਹੈ ਅਤੇ ਉਹ ਦੇ ਕੰਮ ਨਿਆਂ ਅਤੇ ਧਰਮ ਦੇ ਹਨ ।

6 ਜਿਸ ਨੇ ਪਹਾੜਾਂ ਉੱਤੇ ਨਹੀਂ ਖਾਧਾ, ਨਾ ਇਸਰਾਏਲ ਦੇ ਘਰਾਣੇ ਦੀਆਂ ਮੂਰਤੀਆਂ ਵੱਲ ਅੱਖ ਚੁੱਕੀ, ਨਾ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕੀਤਾ, ਨਾ ਮਾਸਿਕ ਧਰਮ ਵਾਲੀ ਔਰਤ ਦੇ ਨੇੜੇ ਗਿਆ,

7 ਨਾ ਕਿਸੇ ਨੂੰ ਦੁੱਖੀ ਕੀਤਾ, ਕਰਜ਼ਾਈ ਦੀ ਗਿਰਵੀ ਰੱਖੀ ਹੋਈ ਚੀਜ਼ ਮੋੜ ਦਿੱਤੀ ਅਤੇ ਜਬਰ ਕਰ ਕੇ ਕੁੱਝ ਖੋਹ ਨਹੀਂ ਲਿਆ ਪਰ ਭੁੱਖਿਆਂ ਨੂੰ ਆਪਣੀ ਰੋਟੀ ਖੁਆਈ ਅਤੇ ਨੰਗਿਆਂ ਨੂੰ ਕੱਪੜੇ ਪਵਾਏ ।

8 ਵਿਆਜ ਉੱਤੇ ਲੈਣ-ਦੇਣ ਨਹੀਂ ਕੀਤਾ, ਨਾ ਵਿਆਜ ਲਿਆ ਅਤੇ ਆਪਣਾ ਹੱਥ ਬਦੀ ਵੱਲ ਮੋੜਿਆ ਅਤੇ ਮਨੁੱਖਾਂ ਵਿੱਚ ਸੱਚਾ ਨਿਆਂ ਕੀਤਾ ।

9 ਮੇਰੀਆਂ ਬਿਧੀਆਂ ਉੱਤੇ ਤੁਰਿਆ ਅਤੇ ਮੇਰੇ ਹੁਕਮਾਂ ਦੀ ਪਾਲਣਾ ਕੀਤੀ, ਤਾਂ ਜੋ ਸੱਚਾਈ ਨਾਲ ਕੰਮ ਚਲਾਵੇ, ਉਹ ਧਰਮੀ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਹ ਜ਼ਰੂਰ ਜੀਉਂਦਾ ਰਹੇਗਾ ।

10 ਪਰ ਜੇਕਰ ਉਸ ਦੇ ਘਰ ਪੁੱਤਰ ਜੰਮੇ ਜਿਹੜਾ ਲੁਟੇਰਾ ਹੋਵੇ, ਖੂਨ ਕਰੇ ਅਤੇ ਇਹਨਾਂ ਕੰਮਾਂ ਵਿੱਚੋਂ ਕੋਈ ਇੱਕ ਕੰਮ ਕਰੇ

11 ਅਤੇ ਇਹਨਾਂ ਬਿਧੀਆਂ ਨੂੰ ਪੂਰਾ ਨਾ ਕਰੇ, ਸਗੋਂ ਪਹਾੜਾਂ ਉੱਤੇ ਖਾਵੇ ਅਤੇ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰੇ,

12 ਦੀਨ ਅਤੇ ਕੰਗਾਲ ਉੱਤੇ ਜ਼ੁਲਮ ਕਰੇ, ਜ਼ੁਲਮ ਕਰ ਕੇ ਲੁੱਟ-ਖੋਹ ਕਰੇ, ਗਿਰਵੀ ਰੱਖੀ ਹੋਈ ਚੀਜ਼ ਮੋੜ ਕੇ ਨਾ ਦੇਵੇ, ਮੂਰਤੀਆਂ ਵੱਲ ਆਪਣੀਆਂ ਅੱਖਾਂ ਚੁੱਕੇ ਅਤੇ ਘਿਣਾਉਣਾ ਕੰਮ ਕਰੇ,

13 ਵਿਆਜ ਉੱਤੇ ਲੈਣ-ਦੇਣ ਕਰੇ ਅਤੇ ਵਿਆਜ ਲਵੇ, ਤਾਂ ਕੀ ਉਹ ਜੀਉਂਦਾ ਰਹੇਗਾ ? ਉਹ ਕਦੀ ਜੀਉਂਦਾ ਨਹੀਂ ਰਹੇਗਾ, ਉਸ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ, ਉਹ ਜ਼ਰੂਰ ਮਰੇਗਾ, ਉਸ ਦਾ ਖੂਨ ਉਹ ਦੇ ਉੱਤੇ ਹੋਵੇਗਾ ।

14 ਵੇਖੋ, ਜੇਕਰ ਉਸ ਦੇ ਘਰ ਅਜਿਹਾ ਪੁੱਤਰ ਜੰਮੇ ਜਿਹੜਾ ਆਪਣੇ ਪਿਉ ਦੇ ਸਾਰੇ ਪਾਪ ਵੇਖੇ, ਜਿਹੜੇ ਉਸ ਕੀਤੇ ਅਤੇ ਭੈ ਖਾ ਕੇ ਉਹ ਜਿਹੇ ਕੰਮ ਨਾ ਕਰੇ

15 ਅਤੇ ਪਹਾੜਾਂ ਉੱਤੇ ਨਾ ਖਾਵੇ ਅਤੇ ਇਸਰਾਏਲ ਦੇ ਘਰਾਣੇ ਦੀਆਂ ਮੂਰਤੀਆਂ ਵੱਲ ਆਪਣੀਆਂ ਅੱਖਾਂ ਨਾ ਚੁੱਕੇ, ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਨਾ ਕਰੇ

16 ਅਤੇ ਕਿਸੇ ਉੱਤੇ ਜ਼ੁਲਮ ਨਾ ਕਰੇ, ਕੋਈ ਚੀਜ਼ ਗਿਰਵੀ ਨਾ ਰੱਖੇ, ਜ਼ੁਲਮ ਕਰ ਕੇ ਕੁੱਝ ਖੋਹ ਨਾ ਲਵੇ, ਪਰ ਭੁੱਖੇ ਨੂੰ ਆਪਣੀ ਰੋਟੀ ਖੁਆਵੇ ਅਤੇ ਨੰਗੇ ਨੂੰ ਕੱਪੜੇ ਪਵਾਵੇ,

17 ਕੰਗਾਲ ਉੱਤੇ ਦੋਸ਼ ਲਾਉਣ ਤੋਂ ਆਪਣਾ ਹੱਥ ਮੋੜ ਲਵੇ, ਵਿਆਜ ਤੇ ਵਾਧਾ ਨਾ ਲਵੇ, ਪਰ ਮੇਰੇ ਹੁਕਮਾਂ ਨੂੰ ਪੂਰਾ ਕਰੇ ਅਤੇ ਮੇਰੀਆਂ ਬਿਧੀਆਂ ਵਿੱਚ ਤੁਰੇ, ਉਹ ਆਪਣੇ ਪਿਉ ਦੀ ਬਦੀ ਕਾਰਨ ਨਹੀਂ ਮਰੇਗਾ, ਉਹ ਜ਼ਰੂਰ ਜੀਉਂਦਾ ਰਹੇਗਾ ।

18 ਪਰ ਉਸ ਦਾ ਪਿਉ ਆਪਣੀ ਬਦੀ ਦੇ ਕਾਰਨ ਮਰੇਗਾ, ਕਿਉਂ ਜੋ ਉਸ ਨੇ ਬੇਤਰਸੀ ਨਾਲ ਜ਼ੁਲਮ ਕੀਤੇ, ਆਪਣੇ ਭਰਾਵਾਂ ਨੂੰ ਜ਼ੁਲਮ ਨਾਲ ਲੁੱਟਿਆ ਅਤੇ ਆਪਣੇ ਲੋਕਾਂ ਦੇ ਵਿਚਕਾਰ ਕੁਕਰਮ ਕੀਤੇ ।

19 ਫਿਰ ਵੀ ਤੁਸੀਂ ਆਖਦੇ ਹੋ ਕਿ ਪੁੱਤਰ ਪਿਉ ਦੀ ਬਦੀ ਕਿਉਂ ਨਹੀਂ ਚੁੱਕਦਾ ? ਜਦੋਂ ਪੁੱਤਰ ਨੇ ਨਿਆਂ ਤੇ ਧਰਮ ਕੀਤਾ, ਮੇਰੀਆਂ ਸਾਰੀਆਂ ਬਿਧੀਆਂ ਦੀ ਪਾਲਣਾ ਕੀਤੀ ਅਤੇ ਉਹਨਾਂ ਉੱਤੇ ਅਮਲ ਕੀਤਾ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ ।

20 ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ । ਪੁੱਤਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤਰ ਦੀ ਬਦੀ ਚੁੱਕੇਗਾ । ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹ ਦੇ ਉੱਤੇ ਹੋਵੇਗੀ ।

21 ਪਰ ਜੇਕਰ ਦੁਸ਼ਟ ਆਪਣੇ ਸਾਰੇ ਪਾਪਾਂ ਤੋਂ ਜੋ ਉਸ ਕੀਤੇ ਹਨ ਮੁੜੇ ਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਕਰੇ ਅਤੇ ਨਿਆਂ ਅਤੇ ਧਰਮ ਉੱਤੇ ਅਮਲ ਕਰੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਾ ਮਰੇਗਾ ।

22 ਉਹ ਸਾਰੇ ਅਪਰਾਧ ਜੋ ਉਸ ਨੇ ਕੀਤੇ ਹਨ, ਉਹ ਦੇ ਲਈ ਚੇਤੇ ਨਾ ਕੀਤੇ ਜਾਣਗੇ । ਉਹ ਆਪਣੇ ਧਰਮ ਵਿੱਚ ਜਿਹੜਾ ਉਸ ਕੀਤਾ, ਜੀਉਂਦਾ ਰਹੇਗਾ ।

23 ਪ੍ਰਭੂ ਯਹੋਵਾਹ ਦਾ ਵਾਕ ਹੈ, ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਕੀ ਇਸ ਵਿੱਚ ਨਹੀਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ ?

24 ਪਰ ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਹ ਸਾਰੇ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਕਰਦਾ ਹੈ, ਤਾਂ ਕੀ ਉਹ ਜੀਉਂਦਾ ਰਹੇਗਾ ? ਉਸ ਦਾ ਸਾਰਾ ਧਰਮ ਜੋ ਉਸ ਕੀਤਾ ਚੇਤੇ ਨਾ ਕੀਤਾ ਜਾਵੇਗਾ । ਉਹ ਆਪਣੀ ਬੇਈਮਾਨੀ ਅਤੇ ਪਾਪ ਵਿੱਚ ਜੋ ਉਸ ਨੇ ਕੀਤਾ, ਮਰੇਗਾ ।

25 ਫਿਰ ਵੀ ਤੁਸੀਂ ਆਖਦੇ ਹੋ ਕਿ ਪ੍ਰਭੂ ਯਹੋਵਾਹ ਦਾ ਮਾਰਗ ਠੀਕ ਨਹੀਂ ਹੈ । ਹੇ ਇਸਰਾਏਲ ਦੇ ਘਰਾਣੇ, ਸੁਣੋ ! ਕੀ ਮੇਰਾ ਮਾਰਗ ਠੀਕ ਨਹੀਂ ਹੈ ? ਕੀ ਇਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ ?

26 ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਸ ਵਿੱਚ ਮਰੇ, ਤਾਂ ਉਹ ਆਪਣੀ ਬਦੀ ਵਿੱਚ ਜੋ ਉਸ ਕੀਤੀ ਮਰੇਗਾ ।

27 ਜੇਕਰ ਦੁਸ਼ਟ ਆਪਣੀ ਦੁਸ਼ਟਤਾਈ ਤੋਂ ਜਿਹੜੀ ਉਸ ਕੀਤੀ ਹੈ, ਮੁੜੇ ਅਤੇ ਉਹ ਕੰਮ ਕਰੇ ਜੋ ਨਿਆਂ ਅਤੇ ਧਰਮ ਦਾ ਹੈ, ਤਾਂ ਉਹ ਆਪਣੀ ਜਾਨ ਜੀਉਂਦੀ ਰੱਖੇਗਾ ।

28 ਇਸ ਲਈ ਕਿ ਉਸ ਨੇ ਸੋਚਿਆ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਤੋਂ ਜੋ ਉਹ ਕਰਦਾ ਸੀ ਮੁੜਿਆ, ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਾ ਮਰੇਗਾ ।

29 ਫਿਰ ਵੀ ਇਸਰਾਏਲ ਦਾ ਘਰਾਣਾ ਆਖਦਾ ਹੈ, ਪ੍ਰਭੂ ਦਾ ਮਾਰਗ ਠੀਕ ਨਹੀਂ । ਹੇ ਇਸਰਾਏਲ ਦੇ ਘਰਾਣੇ, ਕੀ ਮੇਰਾ ਮਾਰਗ ਠੀਕ ਨਹੀਂ ? ਕੀ ਇਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ ?

30 ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਹਰ ਇੱਕ ਮਨੁੱਖ ਦਾ ਨਿਆਂ ਉਸ ਦੇ ਚਾਲ-ਚੱਲਣ ਦੇ ਅਨੁਸਾਰ ਹੀ ਕਰਾਂਗਾ । ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ, ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ ।

31 ਉਹਨਾਂ ਸਾਰੇ ਅਪਰਾਧਾਂ ਨੂੰ ਜਿਹਨਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ । ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ ?

32 ਕਿਉਂ ਜੋ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਮਰਨ ਵਾਲੇ ਦੀ ਮੌਤ ਤੋਂ ਖ਼ੁਸ਼ੀ ਨਹੀਂ, ਇਸ ਲਈ ਮੁੜੋ ਅਤੇ ਜੀਉਂਦੇ ਰਹੋ ।