Ezekiel 1 in Panjabi
1 ਤੀਹਵੇਂ ਸਾਲ ਦੇ ਚੌਥੇ ਮਹੀਨੇ ਦੀ ਪੰਜ ਤਾਰੀਖ਼ ਨੂੰ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਕਬਾਰ ਨਹਿਰ ਉੱਤੇ ਗੁਲਾਮਾਂ ਦੇ ਵਿਚਕਾਰ ਸੀ, ਤਾਂ ਅਕਾਸ਼ ਖੁੱਲ੍ਹ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਣ ਦੇਖੇ ।
2 ਉਸ ਮਹੀਨੇ ਦੀ ਪੰਜ ਤਾਰੀਖ਼ ਨੂੰ ਯਹੋਯਾਕੀਨ ਰਾਜੇ ਦੀ ਗੁਲਾਮੀ ਦੇ ਪੰਜਵੇਂ ਸਾਲ ਵਿੱਚ
3 ਯਹੋਵਾਹ ਦਾ ਬਚਨ, ਬੂਜ਼ੀ ਦੇ ਪੁੱਤਰ ਹਿਜ਼ਕੀਏਲ ਜਾਜਕ ਕੋਲ ਆਇਆ, ਜੋ ਕਸਦੀਆਂ ਦੇ ਦੇਸ ਵਿੱਚ ਕਬਾਰ ਨਹਿਰ ਉੱਤੇ ਸੀ ਅਤੇ ਉੱਥੇ ਯਹੋਵਾਹ ਦਾ ਹੱਥ ਉਸ ਦੇ ਉੱਤੇ ਸੀ ।
4 ਜਦੋਂ ਮੈਂ ਵੇਖਿਆ ਤਾਂ ਵੇਖੋ, ਉੱਤਰ ਵੱਲੋਂ ਵੱਡੀ ਹਨ੍ਹੇਰੀ ਆਈ, ਇੱਕ ਵੱਡਾ ਬੱਦਲ ਜੋ ਅੱਗ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਾਲਿਓਂ ਪਿੱਤਲ ਵਰਗੀ ਕੋਈ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ ।
5 ਉਸ ਵਿੱਚ ਚਾਰ ਜੀਵ ਸਨ ਅਤੇ ਉਹਨਾਂ ਦਾ ਰੂਪ ਇਹ ਸੀ: ਉਹ ਮਨੁੱਖ ਵਰਗੇ ਸਨ,
6 ਹਰੇਕ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ
7 ਅਤੇ ਉਹਨਾਂ ਦੇ ਪੈਰ ਸਿੱਧੇ ਸਨ ਅਤੇ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਵੱਛੇ ਦੇ ਪੈਰਾਂ ਦੀਆਂ ਤਲੀਆਂ ਵਰਗੀਆਂ ਸਨ ਅਤੇ ਉਹ ਮਾਂਜੇ ਹੋਏ ਪਿੱਤਲ ਵਾਂਗੂੰ ਚਮਕਦੇ ਸਨ ।
8 ਉਹਨਾਂ ਦੇ ਚਾਰੇ ਪਾਸੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਸਨ ਅਤੇ ਚਾਰਾਂ ਦੇ ਚਿਹਰੇ ਅਤੇ ਖੰਭ ਇਸ ਤਰ੍ਹਾਂ ਸਨ
9 ਕਿ ਉਹਨਾਂ ਦੇ ਖੰਭ ਇੱਕ ਦੂਜੇ ਨਾਲ ਜੁੜੇ ਹੋਏ ਸਨ । ਉਹ ਤੁਰਦੇ ਹੋਏ ਮੁੜਦੇ ਨਹੀਂ ਸਨ, ਉਹ ਸਾਰੇ ਸਿੱਧੇ ਆਪਣੇ ਮੂੰਹਾਂ ਦੀ ਸੇਧ ਵਿੱਚ ਚੱਲਦੇ ਸਨ ।
10 ਉਹਨਾਂ ਦੇ ਚਿਹਰੇ ਮਨੁੱਖ ਦੇ ਚਿਹਰੇ ਵਰਗੇ ਸਨ, ਉਹਨਾਂ ਚਾਰਾਂ ਦੇ ਸੱਜੇ ਪਾਸੇ ਬੱਬਰ ਸ਼ੇਰ ਦੇ ਚਿਹਰੇ ਸਨ, ਉਹਨਾਂ ਚਾਰਾਂ ਦੇ ਖੱਬੇ ਪਾਸੇ ਬਲਦ ਦੇ ਚਿਹਰੇ ਸਨ ਅਤੇ ਉਹਨਾਂ ਪਿੱਛਲੇ ਪਾਸੇ ਉਕਾਬ ਦੇ ਚਿਹਰੇ ਸਨ ।
11 ਉਹਨਾਂ ਦੇ ਚਿਹਰੇ ਅਤੇ ਉਹਨਾਂ ਦੇ ਖੰਭ ਉੱਪਰੋਂ ਅੱਡ ਅੱਡ ਸਨ, ਹਰੇਕ ਦੇ ਦੋ ਖੰਭ ਦੂਜੇ ਦੇ ਦੋ ਖੰਭਾਂ ਨਾਲ ਜੁੜੇ ਹੋਏ ਸਨ ਅਤੇ ਬਾਕੀ ਦੋ-ਦੋ ਖੰਭਾਂ ਨਾਲ ਉਹਨਾਂ ਦਾ ਸਰੀਰ ਢੱਕਿਆ ਹੋਇਆ ਸੀ ।
12 ਉਹਨਾਂ ਵਿੱਚੋਂ ਹਰੇਕ ਸਿੱਧਾ ਆਪਣੇ ਚਿਹਰੇ ਦੀ ਸੇਧ ਵਿੱਚ ਤੁਰਦਾ ਸੀ, ਜਿੱਧਰ ਜਾਣ ਨੂੰ ਆਤਮਾ ਅਗਵਾਈ ਕਰਦਾ ਸੀ, ਉਹ ਜਾਂਦੇ ਸਨ ਅਤੇ ਉਹ ਤੁਰਦੇ ਹੋਏ ਮੁੜਦੇ ਨਹੀਂ ਸਨ ।
13 ਉਹਨਾਂ ਜੀਵਾਂ ਦਾ ਰੂਪ ਅੱਗ ਦੇ ਭੱਖਦੇ ਹੋਏ ਕੋਲਿਆਂ ਅਤੇ ਮਸ਼ਾਲਾਂ ਵਰਗਾ ਸੀ, ਇੱਕ ਚਮਕਦੀ ਹੋਈ ਅੱਗ ਜੀਵਾਂ ਦੇ ਵਿਚਾਲੇ ਇੱਧਰ-ਉੱਧਰ ਆਉਂਦੀ ਜਾਂਦੀ ਸੀ ਅਤੇ ਉਸ ਅੱਗ ਵਿੱਚੋਂ ਬਿਜਲੀ ਨਿੱਕਲਦੀ ਸੀ ।
14 ਜੀਵਾਂ ਦਾ ਦੌੜਨਾ ਅਤੇ ਮੁੜਨਾ ਬਿਜਲੀ ਵਾਂਗੂੰ ਦਿਖਾਈ ਦਿੰਦਾ ਸੀ ।
15 ਮੈਂ ਉਹਨਾਂ ਜੀਵਾਂ ਨੂੰ ਵੇਖਿਆ ਤਾਂ ਵੇਖੋ, ਕਿ ਉਹਨਾਂ ਚਾਰਾਂ ਜੀਵਾਂ ਦੇ ਹਰ ਚਿਹਰੇ ਦੇ ਕੋਲ ਧਰਤੀ ਉੱਤੇ ਇੱਕ-ਇੱਕ ਪਹੀਆ ਸੀ ।
16 ਉਹਨਾਂ ਪਹੀਆਂ ਦਾ ਰੂਪ ਅਤੇ ਬਣਾਵਟ ਇਹ ਸੀ: ਹਰੇਕ ਪਹੀਆ ਪੁਖਰਾਜ ਵਾਂਗੂੰ ਚਮਕਦਾ ਸੀ ਅਤੇ ਉਹ ਚਾਰੇ ਇੱਕੋ ਜਿਹੇ ਸਨ; ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਵਿੱਚ ਹੋਵੇ ।
17 ਜਦੋਂ ਪਹੀਏ ਚੱਲਦੇ ਸਨ, ਉਹ ਕਿਸੇ ਵੀ ਦਿਸ਼ਾ ਦੇ ਵਿੱਚ ਚੱਲਦੇ ਹੋਏ, ਕਿਸੇ ਹੋਰ ਦਿਸ਼ਾ ਦੇ ਵਿੱਚ ਮੁੜਦੇ ਨਹੀਂ ਸਨ ।
18 ਉਹਨਾਂ ਦੇ ਚੱਕੇ ਵੱਡੇ ਉੱਚੇ ਤੇ ਡਰਾਉਣੇ ਸਨ, ਅਤੇ ਉਹਨਾਂ ਚਾਰਾਂ ਚੱਕਿਆਂ ਦੇ ਦੁਆਲੇ ਅੱਖਾਂ ਹੀ ਅੱਖਾਂ ਸਨ ।
19 ਜਦੋਂ ਉਹ ਜੀਵ ਤੁਰਦੇ ਸਨ, ਤਾਂ ਉਹਨਾਂ ਦੇ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਉਹ ਜੀਵ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਪਹੀਏ ਵੀ ਚੁੱਕੇ ਜਾਂਦੇ ਸਨ ।
20 ਜਿੱਥੇ ਕਿਤੇ ਆਤਮਾ ਜਾਣਾ ਚਾਹੁੰਦਾ ਸੀ, ਉਹ ਜਾਂਦੇ ਸਨ । ਪਹੀਏ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਵਿੱਚ ਸੀ ।
21 ਜਦੋਂ ਜੀਵ ਤੁਰਦੇ ਸਨ, ਤਾਂ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਜੀਵ ਰੁਕਦੇ ਸਨ, ਤਾਂ ਪਹੀਏ ਵੀ ਰੁੱਕ ਜਾਂਦੇ ਸਨ ਅਤੇ ਜਦੋਂ ਉਹ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਉਹ ਪਹੀਏ ਵੀ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਦੇ ਵਿੱਚ ਸੀ ।
22 ਜੀਵਾਂ ਦੇ ਸਿਰ ਉੱਤੇ ਅੰਬਰ ਸੀ, ਉਹ ਬਲੌਰ ਦੇ ਰੰਗ ਵਰਗਾ ਸੀ ਅਤੇ ਉਹਨਾਂ ਦੇ ਸਿਰਾਂ ਦੇ ਉੱਪਰ ਤਾਣਿਆ ਹੋਇਆ ਸੀ ।
23 ਉਸ ਅੰਬਰ ਦੇ ਹੇਠਾਂ ਉਹਨਾਂ ਦੇ ਖੰਭ ਇੱਕ ਦੂਜੇ ਦੀ ਸੇਧ ਵਿੱਚ ਸਨ, ਹਰੇਕ ਦੇ ਦੋਵਾਂ ਖੰਭਾ ਨਾਲ ਉਹਨਾਂ ਦਾ ਇੱਕ ਪਾਸਾ ਢੱਕਿਆ ਹੋਇਆ ਸੀ ਅਤੇ ਦੋਵਾਂ ਨਾਲ ਉਹਨਾਂ ਦੇ ਸਰੀਰ ਦਾ ਦੂਜਾ ਪਾਸਾ ਢੱਕਿਆ ਹੋਇਆ ਸੀ ।
24 ਜਦੋਂ ਉਹ ਤੁਰਦੇ ਸਨ, ਤਾਂ ਉਹਨਾਂ ਦੇ ਖੰਭਾਂ ਦੀ ਅਵਾਜ਼ ਬਹੁਤੇ ਪਾਣੀਆਂ ਦੀ ਅਵਾਜ਼ ਵਰਗੀ, ਸਰਬ ਸ਼ਕਤੀਮਾਨ ਦੀ ਅਵਾਜ਼ ਵਰਗੀ ਅਤੇ ਸੈਨਾਂ ਦੀ ਅਵਾਜ਼ ਵਰਗੀ ਸੀ । ਜਦੋਂ ਉਹ ਰੁਕਦੇ ਸਨ ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ ।
25 ਉਸ ਅੰਬਰ ਵਿੱਚੋਂ ਜਿਹੜਾ ਉਹਨਾਂ ਦੇ ਸਿਰਾਂ ਉੱਤੇ ਸੀ, ਇੱਕ ਅਵਾਜ਼ ਆਉਂਦੀ ਸੀ ਅਤੇ ਜਦੋਂ ਉਹ ਖੜ੍ਹੇ ਹੁੰਦੇ ਸਨ, ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ ।
26 ਜੋ ਅੰਬਰ ਉਹਨਾਂ ਦੇ ਸਿਰ ਉੱਪਰ ਸੀ, ਉਸ ਉੱਤੇ ਨੀਲਮ ਪੱਥਰ ਦਾ ਬਣਿਆ ਹੋਇਆ, ਕੁੱਝ ਸਿੰਘਾਸਣ ਜਿਹਾ ਸੀ ਅਤੇ ਉਸ ਸਿੰਘਾਸਣ ਦੇ ਉੱਤੇ ਮਨੁੱਖ ਜਿਹਾ ਕੋਈ ਰੂਪ ਦਿਖਾਈ ਦਿੰਦਾ ਸੀ ।
27 ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੱਕ ਚਮਕਦੇ ਹੋਏ ਪਿੱਤਲ ਜਿਹਾ ਅੱਗ ਦੇ ਰੂਪ ਵਰਗਾ, ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੱਕ ਮੈਂ ਅੱਗ ਦਾ ਰੂਪ ਵੇਖਿਆ ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ ।
28 ਜਿਵੇਂ ਵਰਖਾ ਦੇ ਦਿਨ ਬੱਦਲ ਵਿੱਚ ਧਣੁਖ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਚਾਰੇ ਪਾਸੇ ਦਾ ਪਰਕਾਸ਼ ਦਿਖਾਈ ਦਿੰਦਾ ਸੀ । ਇਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ, ਉਸ ਨੂੰ ਵੇਖਦੇ ਹੀ ਮੈਂ ਮੂਧੇ ਮੂੰਹ ਡਿੱਗਿਆ ਅਤੇ ਮੈਂ ਇੱਕ ਅਵਾਜ਼ ਸੁਣੀ, ਜਿਵੇਂ ਕੋਈ ਗੱਲਾਂ ਕਰਦਾ ਹੈ ।