Esther 1 in Panjabi

1 ਅਹਸ਼ਵੇਰੋਸ਼ ਰਾਜਾ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ ( ਇਹ ਉਹ ਅਹਸ਼ਵੇਰੋਸ਼ ਹੈ, ਜਿਹੜਾ ਹਿੰਦੁਸਤਾਨ ਤੋਂ ਕੂਸ਼ ਦੇਸ਼ ਤੱਕ ਇੱਕ ਸੌ ਸਤਾਈ ਸੂਬਿਆਂ ਉੱਤੇ ਰਾਜ ਕਰਦਾ ਸੀ )

2 ਕਿ ਉਨ੍ਹਾਂ ਦਿਨਾਂ ਵਿੱਚ ਜਦੋਂ ਅਹਸ਼ਵੇਰੋਸ਼ ਰਾਜਾ ਆਪਣੀ ਰਾਜ ਗੱਦੀ ਉੱਤੇ ਜਿਹੜੀ ਸ਼ੂਸ਼ਨ ਦੇ ਮਹਿਲ ਵਿੱਚ ਸੀ, ਬਿਰਾਜਮਾਨ ਸੀ,

3 ਤਦ ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿੱਚ ਆਪਣਿਆਂ ਸਾਰਿਆਂ ਹਾਕਮਾਂ ਅਤੇ ਅਧਿਕਾਰੀਆਂ ਦੀ ਦਾਵਤ ਕੀਤੀ । ਫ਼ਾਰਸ ਅਤੇ ਮਾਦਾ ਦੇ ਸੈਨਾਪਤੀ ਅਤੇ ਸੂਬਿਆਂ ਦੇ ਪ੍ਰਧਾਨ ਅਤੇ ਹਾਕਮ ਵੀ ਉੱਥੇ ਹਾਜ਼ਰ ਸਨ ।

4 ਉਹ ਉਨ੍ਹਾਂ ਨੂੰ ਬਹੁਤ ਦਿਨਾਂ ਅਰਥਾਤ ਇੱਕ ਸੌ ਅੱਸੀ ਦਿਨਾਂ ਤੱਕ ਆਪਣੇ ਪਰਤਾਪੀ ਰਾਜ ਦਾ ਧਨ ਅਤੇ ਬਹੁਮੁੱਲੇ ਪਦਾਰਥ ਆਪਣੀ ਮਹਾਨਤਾ ਦਰਸਾਉਣ ਲਈ ਵਿਖਾਉਂਦਾ ਰਿਹਾ ।

5 ਜਦ ਇਹ ਦਿਨ ਬੀਤ ਗਏ, ਤਾਂ ਰਾਜੇ ਨੇ ਭਾਵੇਂ ਵੱਡਾ ਭਾਵੇਂ ਛੋਟਾ ਅਰਥਾਤ ਉਨ੍ਹਾਂ ਸਾਰਿਆਂ ਲੋਕਾਂ ਦੀ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਇਕੱਠੇ ਹੋਏ ਸਨ, ਸੱਤ ਦਿਨ ਤੱਕ ਸ਼ਾਹੀ ਬਾਗ ਦੇ ਵਿਹੜੇ ਵਿੱਚ ਦਾਵਤ ਕੀਤੀ ।

6 ਉੱਥੇ ਸਫ਼ੇਦ ਅਤੇ ਨੀਲੇ ਰੰਗ ਦੇ ਮਹੀਨ ਪਰਦੇ ਸਨ, ਜੋ ਮਹੀਨ ਸਫ਼ੇਦ ਅਤੇ ਬੈਂਗਣੀ ਰੰਗ ਦੀਆਂ ਡੋਰੀਆਂ ਨਾਲ ਚਾਂਦੀ ਦੇ ਛੱਲਿਆਂ ਵਿੱਚ, ਸੰਗਮਰਮਰ ਦੇ ਥੰਮ੍ਹਾਂ ਨਾਲ ਬੰਨ੍ਹੇ ਹੋਏ ਸਨ, ਅਤੇ ਉੱਥੇ ਦੀਆਂ ਚੌਂਕੀਆਂ ਸੋਨੇ ਅਤੇ ਚਾਂਦੀ ਦੀਆਂ ਸਨ ਅਤੇ ਲਾਲ ਤੇ ਚਿੱਟੇ ਤੇ ਪੀਲੇ ਤੇ ਕਾਲੇ ਸੰਗਮਰਮਰ ਨਾਲ ਬਣੇ ਹੋਏ ਫ਼ਰਸ਼ ਉੱਤੇ ਰੱਖੀਆਂ ਹੋਈਆਂ ਸਨ ।

7 ਉਸ ਦਾਵਤ ਵਿੱਚ ਸ਼ਾਹੀ ਮਧ ਭਿੰਨ-ਭਿੰਨ ਪ੍ਰਕਾਰ ਦੇ ਭਾਂਡਿਆਂ ਵਿੱਚ ਰਾਜਾ ਦੀ ਰੀਤ ਅਨੁਸਾਰ ਵੱਡੀ ਮਾਤਰਾ ਵਿੱਚ ਪੀਣ ਨੂੰ ਦਿੱਤੀ ਗਈ ।

8 ਦਾਖ਼ਰਸ ਦਾ ਪੀਣਾ ਰੀਤ ਦੇ ਅਨੁਸਾਰ ਹੁੰਦਾ ਸੀ, ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਪਿਲਾ ਸਕਦਾ ਸੀ, ਕਿਉਂਕਿ ਰਾਜਾ ਨੇ ਆਪਣੇ ਮਹਿਲ ਦੇ ਸਾਰੇ ਭੰਡਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਹਰੇਕ ਮਹਿਮਾਨ ਨਾਲ ਉਸ ਦੀ ਮਰਜ਼ੀ ਦੇ ਅਨੁਸਾਰ ਹੀ ਵਰਤਾਉ ਕੀਤਾ ਜਾਵੇ ।

9 ਰਾਣੀ ਵਸ਼ਤੀ ਨੇ ਵੀ ਰਾਜਾ ਅਹਸ਼ਵੇਰੋਸ਼ ਦੇ ਸ਼ਾਹੀ ਮਹਿਲ ਵਿੱਚ ਇਸਤਰੀਆਂ ਲਈ ਦਾਵਤ ਕੀਤੀ ।

10 ਸੱਤਵੇਂ ਦਿਨ, ਜਦੋਂ ਰਾਜਾ ਦਾ ਦਿਲ ਮਧ ਨਾਲ ਮਗਨ ਸੀ, ਤਦ ਉਸ ਨੇ ਮਹੂਮਾਨ, ਬਿਜ਼ਥਾ, ਹਰਬੋਨਾ, ਬਿਗਥਾ, ਅਬਗਥਾ, ਜ਼ੇਥਰ ਅਤੇ ਕਰਕਸ ਨਾਮਕ ਸੱਤਾਂ ਖੁਸਰਿਆਂ ਨੂੰ ਜਿਹੜੇ ਅਹਸ਼ਵੇਰੋਸ਼ ਰਾਜਾ ਦੇ ਸਨਮੁਖ ਸੇਵਾ ਕਰਦੇ ਸਨ, ਹੁਕਮ ਦਿੱਤਾ

11 ਕਿ ਰਾਣੀ ਵਸ਼ਤੀ ਨੂੰ ਸ਼ਾਹੀ ਮੁਕਟ ਪਹਿਨਾ ਕੇ ਰਾਜਾ ਦੇ ਸਨਮੁਖ ਲਿਆਉਣ, ਤਾਂ ਜੋ ਦੇਸ਼-ਦੇਸ਼ ਦੇ ਲੋਕਾਂ ਨੂੰ ਅਤੇ ਹਾਕਮਾਂ ਨੂੰ ਉਸ ਦੀ ਸੁੰਦਰਤਾ ਵਿਖਾਏ ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ ।

12 ਪਰ ਰਾਣੀ ਵਸ਼ਤੀ ਨੇ ਰਾਜਾ ਦੇ ਹੁਕਮ ਅਨੁਸਾਰ ਜਿਹੜਾ ਖੁਸਰਿਆਂ ਦੇ ਰਾਹੀਂ ਦਿੱਤਾ ਸੀ, ਆਉਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਰਾਜਾ ਬਹੁਤ ਗੁੱਸੇ ਹੋਇਆ ਅਤੇ ਗੁੱਸੇ ਨਾਲ ਭੜਕ ਉੱਠਿਆ ।

13 ਤਦ ਰਾਜਾ ਨੇ ਸਾਰੇ ਕਾਨੂੰਨਾਂ ਅਤੇ ਨਿਯਮਾਂ ਨੂੰ ਜਾਣਨ ਵਾਲੇ ਬੁੱਧਵਾਨਾਂ ਨੂੰ ਪੁੱਛਿਆ ਕਿਉਂਕਿ ਉਹ ਸਾਰੇ ਕਾਨੂੰਨ ਬਣਾਉਣ ਅਤੇ ਨਿਆਂ ਕਰਨ ਲਈ ਇਸੇ ਤਰ੍ਹਾਂ ਹੀ ਕਰਦਾ ਸੀ ।

14 ਰਾਜਾ ਦੇ ਨਜ਼ਦੀਕ ਰਹਿਣ ਵਾਲੇ ਫ਼ਾਰਸ ਅਤੇ ਮਾਦਾ ਦੇ ਸੱਤ ਹਾਕਮ ਸਨ, ਅਰਥਾਤ ਕਰਸ਼ਨਾ, ਸ਼ੇਥਾਰ, ਅਧਮਾਥਾ, ਤਰਸ਼ੀਸ਼, ਮਰਸ, ਮਰਸਨਾ, ਅਤੇ ਮਮੂਕਾਨ, ਇਹਨਾਂ ਨੂੰ ਰਾਜਾ ਕੋਲ ਜਾਣ ਦਾ ਖ਼ਾਸ ਅਧਿਕਾਰ ਪ੍ਰਾਪਤ ਸੀ ਅਤੇ ਇਹ ਰਾਜ ਵਿੱਚ ਉੱਚੀਆਂ-ਉੱਚੀਆਂ ਪਦਵੀਆਂ ਉੱਤੇ ਨਿਯੁਕਤ ਸਨ ।

15 ਰਾਜੇ ਨੇ ਉਨ੍ਹਾਂ ਨੂੰ ਪੁੱਛਿਆ, “ਅਸੀਂ ਰਾਣੀ ਵਸ਼ਤੀ ਨਾਲ ਕਾਨੂੰਨ ਦੇ ਅਨੁਸਾਰ ਕੀ ਕਰੀਏ ? ਕਿਉਂ ਜੋ ਉਸ ਨੇ ਰਾਜਾ ਅਹਸ਼ਵੇਰੋਸ਼ ਦਾ ਹੁਕਮ ਜਿਹੜਾ ਖੁਸਰਿਆਂ ਦੇ ਰਾਹੀਂ ਦਿੱਤਾ ਗਿਆ ਸੀ, ਨਹੀਂ ਮੰਨਿਆ ? “

16 ਤਦ ਮਮੂਕਾਨ ਨੇ ਰਾਜਾ ਅਤੇ ਹਾਕਮਾਂ ਦੇ ਸਨਮੁਖ ਉੱਤਰ ਦਿੱਤਾ, “ਰਾਣੀ ਵਸ਼ਤੀ ਨੇ ਸਿਰਫ਼ ਰਾਜਾ ਦਾ ਹੀ ਨਹੀਂ ਪਰ ਸਾਰੇ ਹਾਕਮਾਂ ਅਤੇ ਸਾਰੀ ਪਰਜਾ ਦਾ ਜਿਹੜੀ ਅਹਸ਼ਵੇਰੋਸ਼ ਰਾਜਾ ਦੇ ਸਾਰੇ ਸੂਬਿਆਂ ਵਿੱਚ ਹੈ, ਅਪਮਾਨ ਕੀਤਾ ਹੈ

17 ਕਿਉਂਕਿ ਰਾਣੀ ਦੀ ਇਸ ਹਰਕਤ ਦੀ ਚਰਚਾ ਸਾਰੀਆਂ ਇਸਤਰੀਆਂ ਵਿੱਚ ਹੋਵੇਗੀ ਅਤੇ ਜਦ ਉਹ ਸੁਣਨਗੀਆਂ ਕਿ ਰਾਜਾ ਅਹਸ਼ਵੇਰੋਸ਼ ਨੇ ਰਾਣੀ ਵਸ਼ਤੀ ਨੂੰ ਆਪਣੇ ਸਨਮੁਖ ਲਿਆਉਣ ਦਾ ਹੁਕਮ ਦਿੱਤਾ ਪਰ ਉਹ ਨਾ ਆਈ, ਤਾਂ ਉਨ੍ਹਾਂ ਦੀ ਨਿਗਾਹ ਵਿੱਚ ਉਨ੍ਹਾਂ ਦੇ ਪਤੀ ਤੁੱਛ ਜਾਣੇ ਜਾਣਗੇ ।

18 ਅੱਜ ਦੇ ਦਿਨ ਫ਼ਾਰਸ ਅਤੇ ਮਾਦਾ ਦੇ ਹਾਕਮਾਂ ਦੀਆਂ ਪਤਨੀਆਂ ਜਿਨ੍ਹਾਂ ਨੇ ਰਾਣੀ ਦੀ ਇਹ ਗੱਲ ਸੁਣੀ ਹੈ, ਉਹ ਵੀ ਰਾਜਾ ਅਤੇ ਹਾਕਮਾਂ ਨੂੰ ਅਜਿਹਾ ਹੀ ਆਖਣਗੀਆਂ, ਇਸ ਤਰ੍ਹਾਂ ਨਿਰਾਦਰ ਅਤੇ ਕ੍ਰੋਧ ਦਾ ਕੋਈ ਅੰਤ ਨਾ ਹੋਵੇਗਾ ।

19 ਜੇਕਰ ਰਾਜਾ ਨੂੰ ਇਹ ਗੱਲ ਚੰਗੀ ਲੱਗੇ ਤਾਂ ਉਸ ਦੀ ਵੱਲੋਂ ਇੱਕ ਸ਼ਾਹੀ ਹੁਕਮ ਜਾਰੀ ਕੀਤਾ ਜਾਵੇ, ਅਤੇ ਉਹ ਫ਼ਾਰਸੀਆਂ ਅਤੇ ਮਾਦੀਆਂ ਦੇ ਕਾਨੂੰਨਾਂ ਵਿੱਚ ਲਿਖਿਆ ਵੀ ਜਾਵੇ ਤਾਂ ਜੋ ਉਸ ਨੂੰ ਬਦਲਿਆ ਨਾ ਜਾ ਸਕੇ ਕਿ ਹੁਣ ਤੋਂ ਰਾਣੀ ਵਸ਼ਤੀ ਰਾਜਾ ਅਹਸ਼ਵੇਰੋਸ਼ ਦੇ ਸਨਮੁਖ ਕਦੀ ਨਾ ਆਵੇ, ਅਤੇ ਰਾਜਾ ਉਸ ਦੀ ਸ਼ਾਹੀ ਪਦਵੀ ਕਿਸੇ ਹੋਰ ਨੂੰ ਦੇ ਦੇਵੇ ਜਿਹੜੀ ਉਸ ਤੋਂ ਚੰਗੀ ਹੋਵੇ ।

20 ਜਦ ਰਾਜਾ ਦਾ ਇਹ ਹੁਕਮ ਉਸ ਦੇ ਸਾਰੇ ਰਾਜ ਵਿੱਚ ਜੋ ਕਿ ਬਹੁਤ ਵੱਡਾ ਹੈ, ਜਾਰੀ ਕੀਤਾ ਜਾਵੇਗਾ ਤਦ ਸਾਰੀਆਂ ਇਸਤਰੀਆਂ ਸੁਣਨਗੀਆਂ ਅਤੇ ਆਪਣੇ-ਆਪਣੇ ਪਤੀਆਂ ਦਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਆਦਰ ਕਰਨਗੀਆਂ ।”

21 ਇਹ ਗੱਲ ਰਾਜਾ ਨੂੰ ਅਤੇ ਹਾਕਮਾਂ ਨੂੰ ਚੰਗੀ ਲੱਗੀ ਅਤੇ ਰਾਜਾ ਨੇ ਮਮੂਕਾਨ ਦੇ ਆਖੇ ਅਨੁਸਾਰ ਕੀਤਾ ।

22 ਤਾਂ ਉਸ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਹਰ ਸੂਬੇ ਦੀ ਭਾਸ਼ਾ ਅਨੁਸਾਰ ਹੁਕਮਨਾਮੇ ਭੇਜੇ ਤਾਂ ਜੋ ਹਰ ਪੁਰਖ ਆਪਣੇ-ਆਪਣੇ ਘਰ ਉੱਤੇ ਅਧਿਕਾਰ ਰੱਖੇ ਅਤੇ ਆਪਣੀ ਜਾਤੀ ਦੀ ਭਾਸ਼ਾ ਵਿੱਚ ਇਸ ਗੱਲ ਦਾ ਪ੍ਰਚਾਰ ਕਰੇ ।