Amos 4 in Panjabi

1 “ਹੇ ਬਾਸ਼ਾਨ ਦੀਓ ਗਊਓ, ਇਹ ਬਚਨ ਸੁਣੋ ! ਜਿਹੜੀਆਂ ਸਾਮਰਿਯਾ ਦੇ ਪਹਾੜ ਉੱਤੇ ਹੋ, ਤੁਸੀਂ ਗਰੀਬਾਂ ਨੂੰ ਸਤਾਉਂਦੀਆਂ ਹੋ, ਕੰਗਾਲਾਂ ਨੂੰ ਕੁਚਲਦਿਆਂ ਹੋ ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ, 'ਮਧ ਲਿਆਓ ਤਾਂ ਜੋ ਅਸੀਂ ਪੀ ਲਈਏ !'

2 ਪ੍ਰਭੂ ਯਹੋਵਾਹ ਨੇ ਆਪਣੀ ਪਵਿੱਤਰਤਾਈ ਦੀ ਸੌਂਹ ਖਾਧੀ ਹੈ, “ਵੇਖੋ, ਉਹ ਦਿਨ ਤੁਹਾਡੇ ਉੱਤੇ ਆ ਰਹੇ ਹਨ ਕਿ ਉਹ ਤੁਹਾਨੂੰ ਕੁੰਡੀਆਂ ਨਾਲ, ਸਗੋਂ ਤੁਹਾਡੇ ਬਚੇ ਹੋਇਆਂ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ ਖਿੱਚ ਕੇ ਲੈ ਜਾਣਗੇ !

3 ਤੁਸੀਂ ਵਾੜੇ ਦੀਆਂ ਦਰਾਰਾਂ ਵਿੱਚੋਂ ਸਿੱਧੀਆਂ ਨਿੱਕਲ ਜਾਓਗੀਆਂ, ਅਤੇ ਤੁਸੀਂ ਹਰਮੋਨ ਵਿੱਚ ਸੁੱਟੀਆਂ ਜਾਓਗੀਆਂ”, ਪ੍ਰਭੂ ਯਹੋਵਾਹ ਦਾ ਵਾਕ ਹੈ ।

4 “ਬੈਤਏਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ ਆ ਕੇ ਹੋਰ ਅਪਰਾਧ ਕਰੋ ! ਸਵੇਰ ਨੂੰ ਆਪਣੀਆਂ ਬਲੀਆਂ ਅਤੇ ਤੀਜੇ ਦਿਨ ਆਪਣੇ ਦਸਵੰਧ ਲੈ ਆਓ ।

5 ਧੰਨਵਾਦ ਦੀ ਭੇਟ ਖ਼ਮੀਰ ਮਿਲਾ ਕੇ ਚੜ੍ਹਾਓ ਅਤੇ ਖੁਸ਼ੀ ਦੀਆਂ ਭੇਟਾਂ ਲਈ ਹੋਕਾ ਦਿਓ, ਅਤੇ ਉਨ੍ਹਾਂ ਦਾ ਪ੍ਰਚਾਰ ਕਰੋ ! ਕਿਉਂ ਜੋ, ਹੇ ਇਸਰਾਏਲੀਓ, ਅਜਿਹਾ ਕਰਨਾ ਤੁਹਾਨੂੰ ਪਸੰਦ ਹੈ”, ਪ੍ਰਭੂ ਯਹੋਵਾਹ ਦਾ ਵਾਕ ਹੈ ।

6 “ਮੈਂ ਤਾਂ ਤੁਹਾਡੇ ਸਾਰੇ ਸ਼ਹਿਰਾਂ ਵਿੱਚ ਦੰਦਾਂ ਦੀ ਸਫ਼ਾਈ ਦਿੱਤੀ ਅਤੇ ਤੁਹਾਡੇ ਸਾਰੇ ਸਥਾਨਾਂ ਵਿੱਚ ਰੋਟੀ ਦੀ ਘਾਟ ਹੈ, ਤਾਂ ਵੀ ਤੁਸੀਂ ਮੇਰੀ ਵੱਲ ਨਾ ਮੁੜੇ”, ਪ੍ਰਭੂ ਯਹੋਵਾਹ ਦਾ ਵਾਕ ਹੈ ।

7 “ਸੋ ਮੈਂ ਵੀ ਤੁਹਾਡੇ ਤੋਂ ਮੀਂਹ ਨੂੰ ਰੋਕ ਰੱਖਿਆ, ਜਦ ਕਿ ਵਾਢੀ ਦੇ ਤਿੰਨ ਮਹੀਨੇ ਰਹਿ ਗਏ ਸਨ, ਮੈਂ ਇੱਕ ਸ਼ਹਿਰ ਉੱਤੇ ਮੀਂਹ ਵਰ੍ਹਾਇਆ ਅਤੇ ਦੂਜੇ ਸ਼ਹਿਰ ਉੱਤੇ ਨਾ ਵਰ੍ਹਾਇਆ, ਇੱਕ ਖੇਤ ਉੱਤੇ ਵਰਖਾ ਪਈ ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ ਗਿਆ ।

8 ਇਸ ਲਈ ਦੋ ਤਿੰਨ ਸ਼ਹਿਰਾਂ ਦੇ ਲੋਕ ਇੱਕ ਸ਼ਹਿਰ ਵਿੱਚ ਪਾਣੀ ਪੀਣ ਲਈ ਆਏ, ਪਰ ਉਨ੍ਹਾਂ ਦੀ ਪਿਆਸ ਨਾ ਬੁੱਝੀ, ਪਰ ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ”, ਪ੍ਰਭੂ ਯਹੋਵਾਹ ਦਾ ਵਾਕ ਹੈ ।

9 “ਮੈਂ ਤੁਹਾਡੇ ਬਹੁਤ ਸਾਰੇ ਬਾਗਾਂ ਅਤੇ ਤੁਹਾਡੇ ਅੰਗੂਰੀ ਬਾਗਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ ਅਤੇ ਤੁਹਾਡੇ ਹੰਜੀਰ ਦੇ ਰੁੱਖਾਂ ਅਤੇ ਤੁਹਾਡੇ ਜ਼ੈਤੂਨ ਦੇ ਰੁੱਖਾਂ ਨੂੰ ਟਿੱਡੀਆਂ ਨੇ ਖਾ ਲਿਆ, ਪਰ ਫਿਰ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ”, ਪ੍ਰਭੂ ਯਹੋਵਾਹ ਦਾ ਵਾਕ ਹੈ ।

10 ਮੈਂ ਤੁਹਾਡੇ ਉੱਤੇ ਮਿਸਰ ਦੇਸ਼ ਜਿਹੀ ਬਵਾ ਭੇਜੀ, ਮੈਂ ਤੁਹਾਡੇ ਜੁਆਨਾਂ ਨੂੰ ਤਲਵਾਰ ਨਾਲ ਵੱਢਿਆ ਅਤੇ ਤੁਹਾਡੇ ਘੋੜਿਆਂ ਨੂੰ ਖੋਹ ਲਿਆ, ਮੈਂ ਤੁਹਾਡੀਆਂ ਛਾਉਣੀਆਂ ਦੀ ਦੁਰਗੰਧ ਤੁਹਾਡੀਆਂ ਨਾਸਾਂ ਵਿੱਚ ਪਹੁੰਚਾਈ, ਪਰ ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ”, ਪ੍ਰਭੂ ਯਹੋਵਾਹ ਦਾ ਵਾਕ ਹੈ ।

11 “ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਲਟਾਅ ਦਿੱਤਾ ਜਿਵੇਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਨੂੰ ਉਲਟਾਅ ਦਿੱਤਾ ਸੀ ਅਤੇ ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗੂੰ ਸੀ, ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ”, ਪ੍ਰਭੂ ਯਹੋਵਾਹ ਦਾ ਵਾਕ ਹੈ ।

12 “ਇਸ ਲਈ ਹੇ ਇਸਰਾਏਲ ! ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਅਤੇ ਇਸ ਲਈ ਕਿ ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾ !”

13 ਵੇਖ, ਪਹਾੜਾਂ ਨੂੰ ਸਿਰਜਣ ਵਾਲਾ ਅਤੇ ਪੌਣ ਦਾ ਕਰਤਾ, ਜੋ ਮਨੁੱਖ ਨੂੰ ਉਸ ਦੇ ਮਨ ਦੇ ਵਿਚਾਰ ਦੱਸਦਾ ਹੈ ਅਤੇ ਸਵੇਰ ਨੂੰ ਹਨੇਰਾ ਕਰਨ ਵਾਲਾ ਅਤੇ ਜੋ ਧਰਤੀ ਦੀਆਂ ਉੱਚਿਆਈਆਂ ਉੱਤੇ ਚੱਲਦਾ ਹੈ, - ਯਹੋਵਾਹ, ਸੈਨਾਂ ਦਾ ਪਰਮੇਸ਼ੁਰ ਉਸ ਦਾ ਨਾਮ ਹੈ !