Acts 21 in Panjabi

1 ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਉਨ੍ਹਾਂ ਤੋਂ ਵਿਦਾ ਹੋ ਕੇ ਜਹਾਜ਼ ਖੋਲ੍ਹ ਦਿੱਤਾ ਤਾਂ ਸਿੱਧੇ ਰਾਹ ਕੋਸ ਨੂੰ ਆਏ ਅਤੇ ਦੂਜੇ ਦਿਨ ਰੋਦੁਸ ਨੂੰ, ਫਿਰ ਉੱਥੋਂ ਪਾਤਰ੍ਹਾਂ ਨੂੰ ।

2 ਅਤੇ ਇੱਕ ਜਹਾਜ਼ ਫ਼ੈਨੀਕੇ ਨੂੰ ਜਾਣ ਵਾਲਾ ਵੇਖ ਕੇ ਅਸੀਂ ਉਸ ਉੱਤੇ ਸਵਾਰ ਹੋਏ ਅਤੇ ਤੁਰ ਪਏ ।

3 ਜਦੋਂ ਕੁਪਰੁਸ ਵਿਖਾਈ ਦਿੱਤਾ ਤਾਂ ਉਹ ਨੂੰ ਖੱਬੇ ਹੱਥ ਛੱਡ ਕੇ ਸੀਰਿਯਾ ਨੂੰ ਚੱਲੇ ਅਤੇ ਸੂਰ ਵਿੱਚ ਜਾ ਉੱਤਰੇ, ਕਿਉਂ ਜੋ ਉੱਥੇ ਜਹਾਜ਼ ਦਾ ਮਾਲ ਉਤਾਰਨਾ ਸੀ ।

4 ਅਤੇ ਚੇਲਿਆਂ ਨੂੰ ਲੱਭ ਕੇ ਅਸੀਂ ਸੱਤ ਦਿਨ ਉੱਥੇ ਠਹਿਰੇ । ਉਨ੍ਹਾਂ ਨੇ ਆਤਮਾ ਦੇ ਰਾਹੀਂ ਪੌਲੁਸ ਨੂੰ ਆਖਿਆ ਜੋ ਯਰੂਸ਼ਲਮ ਨੂੰ ਨਾ ਜਾ ।

5 ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਉਨ੍ਹਾਂ ਦਿਨਾਂ ਨੂੰ ਪੂਰੇ ਕਰ ਚੁੱਕੇ ਤਾਂ ਉੱਥੋਂ ਹੋ ਕੇ ਤੁਰ ਪਏ, ਉਹ ਸਾਰੇ ਔਰਤਾਂ ਅਤੇ ਬੱਚਿਆਂ ਨਾਲ ਨਗਰ ਦੇ ਬਾਹਰ ਤੱਕ ਸਾਡੇ ਨਾਲ ਆਏ ਅਤੇ ਸਮੁੰਦਰ ਦੇ ਕੰਢੇ ਤੇ ਗੋਡੇ ਟੇਕ ਕੇ ਅਸੀਂ ਪ੍ਰਾਰਥਨਾ ਕੀਤੀ ।

6 ਅਤੇ ਇੱਕ ਦੂਜੇ ਤੋਂ ਵਿਦਿਆ ਹੋ ਕੇ ਅਸੀਂ ਜਹਾਜ਼ ਉੱਤੇ ਸਵਾਰ ਹੋਏ ਪਰ ਉਹ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ ।

7 ਅਸੀਂ ਸੂਰ ਤੋਂ ਸਮੁੰਦਰ ਦਾ ਸਫ਼ਰ ਖ਼ਤਮ ਕਰਕੇ, ਤੁਲਮਾਇਸ ਵਿੱਚ ਪਹੁੰਚੇ ਅਤੇ ਭਰਾਵਾਂ ਦੀ ਸੁੱਖ-ਸਾਂਦ ਪੁੱਛ ਕੇ ਇੱਕ ਦਿਨ ਉਨ੍ਹਾਂ ਨਾਲ ਰਹੇ ।

8 ਫੇਰ ਅਗਲੇ ਦਿਨ ਅਸੀਂ ਤੁਰ ਕੇ ਕੈਸਰਿਯਾ ਵਿੱਚ ਆਏ ਅਤੇ ਫ਼ਿਲਿਪੁੱਸ ਖੁਸ਼ਖਬਰੀ ਦੇ ਪਰਚਾਰਕ ਦੇ ਘਰ ਜਾ ਕੇ ਉਹ ਦੇ ਨਾਲ ਰਹੇ । ਉਹ ਉਨ੍ਹਾਂ ਸੱਤਾਂ ਵਿੱਚੋਂ ਇੱਕ ਸੀ ।

9 ਉਹ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ ।

10 ਜਦੋਂ ਅਸੀਂ ਕਈ ਦਿਨ ਉੱਥੇ ਠਹਿਰੇ ਤਾਂ ਆਗਬੁਸ ਨਾਮ ਦਾ ਇੱਕ ਨਬੀ ਯਹੂਦਿਯਾ ਤੋਂ ਆਇਆ ।

11 ਉਹ ਨੇ ਸਾਡੇ ਕੋਲ ਆ ਕੇ ਪੌਲੁਸ ਦਾ ਕਮਰ ਪਟਕਾ ਚੁੱਕ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ, ਪਵਿੱਤਰ ਆਤਮਾ ਇਸ ਤਰ੍ਹਾਂ ਆਖਦਾ ਹੈ ਕਿ ਯਹੂਦੀ ਲੋਕ ਯਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਹ ਦਾ ਇਹ ਪਟਕਾ ਹੈ, ਇਸੇ ਤਰ੍ਹਾਂ ਬੰਨ੍ਹਣਗੇ ਅਤੇ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ ।

12 ਜਦੋਂ ਇਹ ਗੱਲਾਂ ਸੁਣੀਆਂ ਤਾਂ ਅਸੀਂ ਅਤੇ ਉੱਥੋਂ ਦੇ ਰਹਿਣ ਵਾਲਿਆਂ ਨੇ ਵੀ ਉਹ ਦੀ ਮਿੰਨਤ ਕੀਤੀ ਕਿ ਯਰੂਸ਼ਲਮ ਨੂੰ ਨਾ ਜਾਵੇ ।

13 ਤਦ ਪੌਲੁਸ ਨੇ ਉੱਤਰ ਦਿੱਤਾ, ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ ? ਕਿਉਂ ਜੋ ਮੈਂ ਪ੍ਰਭੂ ਯਿਸੂ ਦੇ ਨਾਮ ਦੇ ਲਈ ਯਰੂਸ਼ਲਮ ਵਿੱਚ ਕੇਵਲ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ ।

14 ਜਦੋਂ ਉਹ ਨੇ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਰਹੇ ਕਿ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ ।

15 ਇਨ੍ਹਾਂ ਦਿਨਾਂ ਤੋਂ ਬਾਅਦ ਅਸੀਂ ਤਿਆਰੀ ਕਰ ਕੇ, ਯਰੂਸ਼ਲਮ ਨੂੰ ਤੁਰ ਪਏ ।

16 ਅਤੇ ਕੈਸਰਿਯਾ ਤੋਂ ਵੀ ਕਈ ਚੇਲੇ ਸਾਡੇ ਨਾਲ ਚੱਲੇ ਅਤੇ ਸਾਨੂੰ ਮਨਾਸੋਨ ਕੁਪਰੁਸੀ ਨਾਮ ਦੇ ਇੱਕ ਪੁਰਾਣੇ ਚੇਲੇ ਕੋਲ ਲੈ ਆਏ, ਜਿਸ ਦੇ ਕੋਲ ਅਸੀਂ ਠਹਿਰਨਾ ਸੀ ।

17 ਜਦੋਂ ਅਸੀਂ ਯਰੂਸ਼ਲਮ ਵਿੱਚ ਆ ਪਹੁੰਚੇ ਤਾਂ ਭਰਾਵਾਂ ਨੇ ਖੁਸ਼ੀ ਨਾਲ ਸਾਡਾ ਸਵਾਗਤ ਕੀਤਾ ।

18 ਦੂਜੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਦੇ ਘਰ ਗਿਆ ਅਤੇ ਸਾਰੇ ਬਜ਼ੁਰਗ ਉੱਥੇ ਹਾਜ਼ਰ ਸਨ ।

19 ਅਤੇ ਉਸ ਨੇ ਉਹਨਾਂ ਨੂੰ ਪਰਨਾਮ ਕਰ ਕੇ, ਉਸ ਨੇ ਇੱਕ-ਇੱਕ ਕਰਕੇ ਉਹ ਸਾਰੇ ਜੋ ਕੰਮ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਵਿੱਚ ਉਹ ਦੀ ਸੇਵਕਾਈ ਦੇ ਦੁਆਰਾ ਕੀਤੇ ਸਨ, ਸੁਣਾ ਦਿੱਤੇ ।

20 ਸੋ ਉਨ੍ਹਾਂ ਨੇ ਸੁਣ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, ਭਾਈ, ਤੂੰ ਵੇਖਦਾ ਹੈਂ ਜੋ ਯਹੂਦੀਆਂ ਵਿੱਚ ਕਈ ਹਜ਼ਾਰ ਵਿਸ਼ਵਾਸੀ ਹਨ ਅਤੇ ਸਭ ਬਿਵਸਥਾ ਦੇ ਲਈ ਗੈਰਤ ਵਾਲੇ ਹਨ ।

21 ਅਤੇ ਉਨ੍ਹਾਂ ਤੇਰੀ ਇਹ ਖ਼ਬਰ ਸੁਣੀ ਹੈ ਕਿ ਤੂੰ ਸਾਰੇ ਯਹੂਦੀਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚ ਵੱਸਦੇ ਹਨ, ਇਹ ਸਿਖਾਉਂਦਾ ਹੈਂ ਕਿ ਮੂਸਾ ਨੂੰ ਤਿਆਗੋ ਅਤੇ ਆਖਦਾ ਹੈਂ ਜੋ ਆਪਣਿਆਂ ਬਾਲਕਾਂ ਦੀ ਸੁੰਨਤ ਨਾ ਕਰਵਾਓ ਅਤੇ ਰੀਤਾਂ ਉੱਤੇ ਨਾ ਚੱਲੋ ।

22 ਸੋ ਹੁਣ ਕੀ ਕੀਤਾ ਜਾਵੇ ? ਉਹ ਜ਼ਰੂਰ ਸੁਣ ਲੈਣਗੇ ਜੋ ਤੂੰ ਆਇਆ ਹੈਂ ।

23 ਇਸ ਲਈ ਤੂੰ ਇਸ ਤਰ੍ਹਾਂ ਕਰ ਜਿਵੇਂ ਅਸੀਂ ਤੈਨੂੰ ਦੱਸਦੇ ਹਾਂ । ਸਾਡੇ ਕੋਲ ਚਾਰ ਪੁਰਖ ਹਨ ਜਿਨ੍ਹਾਂ ਮੰਨਤ ਮੰਨੀ ਹੈ ।

24 ਤੂੰ ਉਨ੍ਹਾਂ ਨੂੰ ਲੈ ਕੇ ਆਪਣੇ ਆਪ ਨੂੰ ਉਨ੍ਹਾਂ ਦੇ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਲਈ ਕੁੱਝ ਖ਼ਰਚ ਕਰ ਤਾਂ ਜੋ ਉਹ ਆਪਣੇ ਸਿਰ ਮੁਨਾਉਣ ਤਾਂ ਸਭ ਲੋਕ ਜਾਣਨਗੇ ਕਿ ਜਿਹੜੀਆਂ ਗੱਲਾਂ ਉਹ ਦੇ ਵਿਖੇ ਅਸੀਂ ਸੁਣੀਆਂ ਹਨ ਉਹਨਾਂ ਵਿੱਚ ਸੱਚਾਈ ਨਹੀਂ ਹੈ, ਸਗੋਂ ਇਹ ਕੀ ਉਹ ਆਪ ਵੀ ਬਿਵਸਥਾ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ ।

25 ਪਰ ਪਰਾਈਆਂ ਕੌਮਾਂ ਦੇ ਹੱਕ ਵਿੱਚ ਜਿਨ੍ਹਾਂ ਵਿਸ਼ਵਾਸ ਕੀਤਾ ਹੈ ਅਸੀਂ ਇਹ ਲਿਖ ਭੇਜਿਆ ਸੀ ਕਿ ਉਹ ਮੂਰਤਾਂ ਦੇ ਚੜ੍ਹਾਵੇ, ਲਹੂ, ਗਲ਼ ਘੁੱਟੇ ਹੋਏ ਦੇ ਮਾਸ ਅਤੇ ਹਰਾਮਕਾਰੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ ।

26 ਤਦ ਪੌਲੁਸ ਨੇ ਉਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਅਤੇ ਦੂਜੇ ਦਿਨ ਉਨ੍ਹਾਂ ਨਾਲ ਆਪਣੇ ਆਪ ਨੂੰ ਸ਼ੁੱਧ ਕਰ ਕੇ ਹੈਕਲ ਵਿੱਚ ਗਿਆ ਅਤੇ ਸ਼ੁੱਧ ਹੋਣ ਦੇ ਦਿਨਾਂ ਦੇ ਪੂਰੇ ਹੋਣ ਦੀ ਖ਼ਬਰ ਦਿੰਦਾ ਗਿਆ, ਜਦੋਂ ਤੱਕ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਭੇਟ ਚੜ੍ਹਾਈ ਨਾ ਗਈ ।

27 ਜਦ ਉਹ ਸੱਤ ਦਿਨ ਪੂਰੇ ਹੋਣ ਲੱਗੇ ਤਾਂ ਉਹਨਾਂ ਯਹੂਦੀਆਂ ਨੇ ਜਿਹੜੇ ਏਸ਼ੀਆ ਦੇ ਸਨ, ਉਹ ਨੂੰ ਹੈਕਲ ਵਿੱਚ ਵੇਖ ਕੇ ਸਾਰੀ ਭੀੜ ਨੂੰ ਭੜਕਾਇਆ ।

28 ਅਤੇ ਪੌਲੁਸ ਨੂੰ ਫੜ ਲਿਆ ਅਤੇ ਦੁਹਾਈ ਦੇਣ ਲੱਗੇ, ਹੇ ਇਸਰਾਏਲੀ ਮਰਦੋ ਇੱਥੇ ਆਓ ਅਤੇ ਮਦਦ ਕਰੋ ! ਇਹ ਉਹ ਮਨੁੱਖ ਹੈ ਜਿਹੜਾ ਹਰ ਥਾਂ ਸਾਡੀ ਕੌਮ, ਬਿਵਸਥਾ ਅਤੇ ਇਸ ਥਾਂ ਦੇ ਵਿਰੁੱਧ ਸਭਨਾਂ ਨੂੰ ਸਿੱਖਿਆ ਦਿੰਦਾ ਹੈ ! ਅਤੇ ਉਸ ਨੇ ਯੂਨਾਨੀਆਂ ਨੂੰ ਵੀ ਹੈਕਲ ਵਿੱਚ ਲਿਆਂਦਾ ਅਤੇ ਇਸ ਪਵਿੱਤਰ ਥਾਂ ਨੂੰ ਭਰਿਸ਼ਟ ਕੀਤਾ ਹੈ ।

29 ਇਸ ਲਈ ਜੋ ਉਨ੍ਹਾਂ ਨੇ ਇਸ ਤੋਂ ਪਹਿਲਾਂ ਸ਼ਹਿਰ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਉਹ ਦੇ ਨਾਲ ਦੇਖਿਆ ਸੀ ਅਤੇ ਸ਼ੱਕ ਕੀਤਾ ਜੋ ਪੌਲੁਸ ਉਹ ਨੂੰ ਹੈਕਲ ਵਿੱਚ ਲਿਆਇਆ ਹੋਵੇਗਾ ।

30 ਤਦ ਸਾਰੇ ਸ਼ਹਿਰ ਵਿੱਚ ਰੌਲ਼ਾ ਪਿਆ ਅਤੇ ਲੋਕ ਦੌੜ ਕੇ ਇਕੱਠੇ ਹੋਏ, ਉਹ ਪੌਲੁਸ ਨੂੰ ਫੜ੍ਹ ਕੇ ਹੈਕਲੋਂ ਬਾਹਰ ਲੈ ਆਏ ਅਤੇ ਝੱਟ ਦਰਵਾਜ਼ੇ ਬੰਦ ਕੀਤੇ ਗਏ ।

31 ਜਦੋਂ ਉਹ ਉਸ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਫੌਜ ਦੇ ਸਰਦਾਰ ਨੂੰ ਖ਼ਬਰ ਪਹੁੰਚੀ ਕਿ ਸਾਰੇ ਯਰੂਸ਼ਲਮ ਵਿੱਚ ਭਗਦੜ ਮੱਚ ਗਈ ਹੈ ।

32 ਤਾਂ ਉਹ ਉਸੇ ਵੇਲੇ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਲੈ ਕੇ ਉਨ੍ਹਾਂ ਵੱਲ ਦੌੜ ਪਿਆ ਅਤੇ ਉਹ ਲੋਕ ਸਰਦਾਰ ਅਤੇ ਸਿਪਾਹੀਆਂ ਨੂੰ ਵੇਖ ਕੇ ਪੌਲੁਸ ਨੂੰ ਮਾਰਨ ਤੋਂ ਹੱਟ ਗਏ ।

33 ਤਦ ਸਰਦਾਰ ਨੇ ਨੇੜੇ ਆ ਕੇ ਉਹ ਨੂੰ ਫੜ ਲਿਆ ਅਤੇ ਹੁਕਮ ਦਿੱਤਾ ਕਿ ਉਹ ਨੂੰ ਦੋ ਸੰਗਲਾਂ ਨਾਲ ਬੰਨ੍ਹ ਲਓ ਅਤੇ ਪੁੱਛਿਆ ਜੋ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ ?

34 ਤਦ ਭੀੜ ਵਿੱਚੋਂ ਕਈ ਕੁੱਝ ਕਹਿਣ ਲੱਗੇ ਅਤੇ ਕਈ ਕੁੱਝ, ਜਦੋਂ ਉਹ ਉਸ ਰੌਲ਼ੇ ਦੇ ਕਾਰਨ ਅਸਲੀ ਗੱਲ ਪਤਾ ਨਾ ਕਰ ਸਕਿਆ ਤਾਂ ਉਸ ਨੇ ਹੁਕਮ ਦਿੱਤਾ ਕਿ ਇਹ ਨੂੰ ਕਿਲੇ ਵਿੱਚ ਲੈ ਜਾਓ ।

35 ਅਤੇ ਜਦੋਂ ਉਹ ਪੌੜੀਆਂ ਉੱਤੇ ਪਹੁੰਚਿਆ ਤਾਂ ਇਸ ਤਰ੍ਹਾਂ ਹੋਇਆ ਜੋ ਹਿੰਸਕ ਭੀੜ ਦੇ ਕਾਰਨ, ਸਿਪਾਹੀਆਂ ਨੇ ਉਹ ਨੂੰ ਚੁੱਕ ਲਿਆ ।

36 ਕਿਉਂ ਜੋ ਲੋਕਾਂ ਦੀ ਭੀੜ ਇਹ ਰੌਲ਼ਾ ਪਾਉਂਦੀ ਮਗਰ ਚੱਲੀ ਆਉਂਦੀ ਸੀ ਕਿ ਇਹ ਨੂੰ ਮਾਰ ਦਿਓ ! ।

37 ਜਦੋਂ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਲੱਗੇ ਤਾਂ ਉਹ ਨੇ ਸਰਦਾਰ ਨੂੰ ਕਿਹਾ, ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁੱਝ ਆਖਾਂ ? ਉਹ ਬੋਲਿਆ, ਕੀ, ਤੂੰ ਯੂਨਾਨੀ ਬੋਲੀ ਜਾਣਦਾ ਹੈਂ ?

38 ਕੀ ਤੂੰ ਉਹੋ ਮਿਸਰੀ ਨਹੀਂ ਹੈਂ, ਜਿਹੜਾ ਕੁੱਝ ਦਿਨ ਪਹਿਲਾਂ ਦੰਗਾ ਕਰ ਕੇ ਡਾਕੂਆਂ ਦੇ ਚਾਰ ਹਜ਼ਾਰ ਆਦਮੀਆਂ ਨੂੰ ਜੰਗਲ ਵਿੱਚ ਲੈ ਗਿਆ ਸੀ ।

39 ਪੌਲੁਸ ਨੇ ਕਿਹਾ, ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ, ਜੋ ਕੋਈ ਮਾੜਾ ਸ਼ਹਿਰ ਨਹੀਂ ਹੈ ਅਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਲੋਕਾਂ ਨਾਲ ਬੋਲਣ ਦੀ ਆਗਿਆ ਦੇ ।

40 ਜਦੋਂ ਉਸ ਨੇ ਆਗਿਆ ਦਿੱਤੀ ਤਾਂ ਪੌਲੁਸ ਨੇ ਪੌੜੀਆਂ ਉੱਤੇ ਖੜੇ ਹੋ ਕੇ ਲੋਕਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਅਤੇ ਜਦੋਂ ਉਹ ਸਭ ਚੁੱਪ-ਚਾਪ ਹੋ ਗਏ ਤਾਂ ਉਹ ਇਬਰਾਨੀ ਭਾਸ਼ਾ ਵਿੱਚ ਬੋਲਣ ਲੱਗਾ ਅਤੇ ਆਖਿਆ :