Acts 15 in Panjabi
1 ਕਈ ਆਦਮੀ ਯਹੂਦਿਯਾ ਤੋਂ ਆ ਕੇ, ਭਰਾਵਾਂ ਨੂੰ ਸਿਖਾਉਣ ਲੱਗੇ ਕਿ ਜੇ ਮੂਸਾ ਦੀ ਰੀਤ ਦੇ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ ।
2 ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ-ਵਿਵਾਦ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ ।
3 ਜਦੋਂ ਉਹ ਕਲੀਸਿਯਾ ਵੱਲੋਂ ਕੁੱਝ ਦੂਰ ਪਹੁੰਚਾਏ ਗਏ ਤਾਂ ਫ਼ੈਨੀਕੇ ਅਤੇ ਸਾਮਰਿਯਾ ਦੇ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨ ਫਿਰਾਉਣ ਦੀ ਖੁਸ਼ਖਬਰੀ ਸੁਣਾਉਂਦੇ ਗਏ ਅਤੇ ਸਭ ਭਰਾਵਾਂ ਨੂੰ ਬਹੁਤ ਖੁਸ਼ ਕੀਤਾ ।
4 ਜਦੋਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਕਲੀਸਿਯਾ, ਰਸੂਲਾਂ ਅਤੇ ਬਜ਼ੁਰਗਾਂ ਨੇ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਨੇ ਜੋ ਕੁੱਝ ਪਰਮੇਸ਼ੁਰ ਨੇ ਉਹਨਾਂ ਦੇ ਨਾਲ ਕੀਤਾ ਸੀ ਸੁਣਾ ਦਿੱਤਾ ।
5 ਤਦ ਕਈਆਂ ਨੇ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਵਿਸ਼ਵਾਸ ਕੀਤਾ, ਉੱਠ ਕੇ ਕਿਹਾ ਕਿ ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਬਿਵਸਥਾ ਨੂੰ ਮੰਨਣ ਦਾ ਹੁਕਮ ਦੇਣਾ ਚਾਹੀਦਾ ਹੈ ।
6 ਤਦ ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਕਿ ਉਹ ਇਸ ਗੱਲ ਨੂੰ ਸੋਚਣ ।
7 ਅਤੇ ਜਦੋਂ ਬਹੁਤ ਵਿਵਾਦ ਹੋਇਆ ਤਾਂ ਪਤਰਸ ਨੇ ਉੱਠ ਕੇ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਤੁਸੀਂ ਜਾਣਦੇ ਹੋ ਜੋ ਪਹਿਲੇ ਦਿਨਾਂ ਤੋਂ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ, ਜੋ ਪਰਾਈਆਂ ਕੌਮਾਂ ਮੇਰੀ ਜ਼ੁਬਾਨੀ ਖੁਸ਼ਖਬਰੀ ਦਾ ਬਚਨ ਸੁਣਨ ਅਤੇ ਵਿਸ਼ਵਾਸ ਕਰਨ ।
8 ਅਤੇ ਪਰਮੇਸ਼ੁਰ ਨੇ ਜੋ ਮਨਾਂ ਦਾ ਜਾਚਣ ਵਾਲਾ ਹੈ, ਉਹਨਾਂ ਨੂੰ ਵੀ ਸਾਡੀ ਤਰ੍ਹਾਂ ਪਵਿੱਤਰ ਆਤਮਾ ਦੇ ਕੇ ਉਨ੍ਹਾਂ ਉੱਤੇ ਗਵਾਹੀ ਦਿੱਤੀ ।
9 ਅਤੇ ਵਿਸ਼ਵਾਸ ਨਾਲ ਉਨ੍ਹਾਂ ਦੇ ਮਨ ਸ਼ੁੱਧ ਕਰ ਕੇ ਸਾਡੇ ਅਤੇ ਉਨ੍ਹਾਂ ਦੇ ਵਿੱਚ ਕੁੱਝ ਭੇਦਭਾਵ ਨਾ ਰੱਖਿਆ ।
10 ਹੁਣ ਕਿਉਂ ਤੁਸੀਂ ਪਰਮੇਸ਼ੁਰ ਨੂੰ ਪਰਤਾਉਂਦੇ ਹੋ, ਕਿ ਚੇਲਿਆਂ ਦੀ ਧੌਣ ਤੇ ਜੂਲਾ ਰੱਖੋ ਜਿਸ ਨੂੰ ਨਾ ਸਾਡੇ ਪਿਉ-ਦਾਦੇ, ਨਾ ਅਸੀਂ ਚੁੱਕ ਸਕੇ ?
11 ਪਰ ਸਾਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਉਹ ਵੀ ਮੁਕਤੀ ਪਾ ਗਏ ਅਸੀਂ ਵੀ ਪ੍ਰਭੂ ਯਿਸੂ ਦੀ ਕਿਰਪਾ ਨਾਲ ਮੁਕਤੀ ਪਾਵਾਂਗੇ ।
12 ਤਾਂ ਸਾਰੀ ਸਭਾ ਚੁੱਪ ਰਹੀ ਅਤੇ ਉਹ ਬਰਨਬਾਸ ਅਤੇ ਪੌਲੁਸ ਦੀਆਂ ਇਹ ਗੱਲਾਂ ਸੁਣਨ ਲੱਗੇ ਜੋ ਪਰਮੇਸ਼ੁਰ ਵੱਲੋਂ ਕਿਹੋ ਜਿਹੇ ਨਿਸ਼ਾਨ ਅਤੇ ਅਚਰਜ ਕੰਮ, ਉਹਨਾਂ ਦੇ ਹੱਥੀਂ ਪਰਾਈਆਂ ਕੌਮਾਂ ਵਿੱਚ ਵਿਖਾਏ ਗਏ ।
13 ਅਤੇ ਜਦੋਂ ਉਹ ਚੁੱਪ ਹੋਏ ਤਾਂ ਯਾਕੂਬ ਅੱਗੋਂ ਕਹਿਣ ਲੱਗਾ, ਹੇ ਭਰਾਵੋ, ਮੇਰੀ ਸੁਣੋ ।
14 ਸ਼ਮਊਨ ਨੇ ਦੱਸਿਆ ਹੈ ਕਿ ਕਿਸ ਪਰਕਾਰ ਪਰਮੇਸ਼ੁਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਉਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ
15 ਅਤੇ ਨਬੀਆਂ ਦੇ ਬਚਨ ਇਸ ਨਾਲ ਮਿਲਦੇ ਹਨ ਜਿਵੇਂ ਲਿਖਿਆ ਹੈ, -
16 “ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ, ਅਤੇ ਉਹ ਦੇ ਖੋਲੇ ਨੂੰ ਫਿਰ ਬਣਾ ਕੇ ਖੜ੍ਹਾ ਕਰਾਂਗਾ,
17 ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੇ ਅਖਵਾਉਂਦੇ ਹਨ ਪ੍ਰਭੂ ਨੂੰ ਭਾਲਣ ।”
18 ਇਹ ਉਹ ਹੀ ਪ੍ਰਭੂ ਆਖਦਾ ਹੈ, ਜਿਹੜਾ ਸੰਸਾਰ ਦੀ ਉਤਪਤੀ ਤੋਂ ਹੀ ਇਹ ਗੱਲਾਂ ਪਰਗਟ ਕਰਦਾ ਆਇਆ ਹੈ ।
19 ਮੇਰੀ ਸਲਾਹ ਇਹ ਹੈ ਕਿ ਪਰਾਈਆਂ ਕੌਮਾਂ ਵਿੱਚੋਂ ਜਿਹੜੇ ਪਰਮੇਸ਼ੁਰ ਦੀ ਵੱਲ ਮੁੜਦੇ ਹਨ, ਅਸੀਂ ਉਹਨਾਂ ਨੂੰ ਪਰੇਸ਼ਾਨ ਨਾ ਕਰੀਏ ।
20 ਸਗੋਂ ਉਹਨਾਂ ਨੂੰ ਲਿਖ ਭੇਜੀਏ ਕਿ ਮੂਰਤਾਂ ਦੀਆਂ ਪਲੀਤਗੀਆਂ, ਹਰਾਮਕਾਰੀ ਅਤੇ ਗਲ਼ ਘੁੱਟੇ ਹੋਏ ਦੇ ਮਾਸ ਅਤੇ ਲਹੂ ਤੋਂ ਬਚੇ ਰਹਿਣ ।
21 ਕਿਉਂ ਜੋ ਪਹਿਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪਰਚਾਰਕ ਹੁੰਦੇ ਆਏ ਹਨ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਘਰਾਂ ਵਿੱਚ ਉਹ ਦੀ ਬਿਵਸਥਾ ਪੜ੍ਹੀ ਜਾਂਦੀ ਹੈ ।
22 ਤਦ ਰਸੂਲਾਂ, ਬਜ਼ੁਰਗਾਂ ਅਤੇ ਸਾਰੀ ਕਲੀਸਿਯਾ ਨੂੰ ਇਹ ਚੰਗਾ ਲੱਗਿਆ ਕਿ ਆਪਣੇ ਵਿੱਚੋਂ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਭੇਜੀਏ, ਅਰਥਾਤ ਯਹੂਦਾ ਨੂੰ ਜਿਹੜਾ ਬਰਸਬਾਸ ਅਖਵਾਉਂਦਾ ਅਤੇ ਸੀਲਾਸ ਨੂੰ ਜਿਹੜੇ ਭਰਾਵਾਂ ਵਿੱਚ ਆਗੂ ਸੀ ।
23 ਅਤੇ ਉਨ੍ਹਾਂ ਦੇ ਹੱਥ ਇਹ ਲਿਖ ਭੇਜਿਆ ਕਿ ਉਨ੍ਹਾਂ ਭਰਾਵਾਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹੋ ਕੇ ਅੰਤਾਕਿਯਾ, ਸੀਰਿਯਾ ਅਤੇ ਕਿਲਕਿਯਾ ਵਿੱਚ ਰਹਿੰਦੇ ਹਨ ਰਸੂਲਾਂ, ਬਜ਼ੁਰਗਾਂ ਅਤੇ ਭਰਾਵਾਂ ਦਾ ਪਰਨਾਮ
24 ਜਦੋਂ ਅਸੀਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਡਰਾ ਦਿੱਤਾ, ਪਰ ਅਸੀਂ ਉਹਨਾਂ ਨੂੰ ਕੋਈ ਹੁਕਮ ਨਹੀਂ ਦਿੱਤਾ ।
25 ਤਾਂ ਅਸੀਂ ਇੱਕ ਮਨ ਹੋ ਕੇ ਇਹ ਚੰਗਾ ਸਮਝਿਆ ਜੋ ਕੁੱਝ ਪੁਰਖ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ, ਤੁਹਾਡੇ ਕੋਲ ਭੇਜੀਏ,
26 ਜੋ ਅਜਿਹੇ ਮਨੁੱਖ ਹਨ ਕਿ ਜਿਨ੍ਹਾਂ ਆਪਣੇ ਪ੍ਰਾਣ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਲਈ ਜੋਖਮ ਵਿੱਚ ਪਾ ਦਿੱਤੇ ।
27 ਸੋ ਅਸੀਂ ਯਹੂਦਾਹ ਅਤੇ ਸੀਲਾਸ ਨੂੰ ਭੇਜਿਆ ਹੈ ਜੋ ਆਪਣੇ ਮੂੰਹੋਂ ਇਹ ਗੱਲਾਂ ਤੁਹਾਨੂੰ ਦੱਸਣਗੇ ।
28 ਕਿਉਂਕਿ ਪਵਿੱਤਰ ਆਤਮਾ ਨੇ ਅਤੇ ਅਸੀਂ ਚੰਗਾ ਸਮਝਿਆ ਜੋ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਬਿਨ੍ਹਾਂ ਤੁਹਾਡੇ ਉੱਤੇ ਹੋਰ ਕੁੱਝ ਭਾਰ ਨਾ ਪਾਈਏ
29 ਕਿ ਤੁਸੀਂ ਮੂਰਤੀਆਂ ਦੇ ਚੜ੍ਹਾਵਿਆਂ, ਲਹੂ ਅਤੇ ਗਲ਼ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ । ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋਂ ਤਾਂ ਤੁਹਾਡਾ ਭਲਾ ਹੋਵੇਗਾ । ਤੁਹਾਡਾ ਭਲਾ ਹੋਵੇ ।
30 ਫੇਰ ਉਹ ਵਿਦਿਆ ਹੋ ਕੇ ਅੰਤਾਕਿਯਾ ਪਹੁੰਚੇ ਅਤੇ ਸੰਗਤ ਨੂੰ ਇਕੱਠੀ ਕਰ ਕੇ ਚਿੱਠੀ ਦਿੱਤੀ ।
31 ਉਹ ਪੜ੍ਹ ਕੇ ਇਸ ਤਸੱਲੀ ਦੀਆਂ ਗੱਲਾਂ ਨਾਲ ਬਹੁਤ ਅਨੰਦ ਹੋਏ ।
32 ਯਹੂਦਾ ਅਤੇ ਸੀਲਾਸ ਨੇ ਜੋ ਆਪ ਵੀ ਨਬੀ ਸਨ, ਭਰਾਵਾਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਉਹਨਾਂ ਤਕੜੇ ਕੀਤਾ ।
33 ਅਤੇ ਉਹ ਕੁੱਝ ਦਿਨ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਰਾਵਾਂ ਕੋਲੋਂ ਸੁੱਖ-ਸਾਂਦ ਨਾਲ ਵਿਦਾ ਹੋਏ ।
34 ਪਰ ਸੀਲਾਸ ਨੂੰ ਉੱਥੇ ਰਹਿਣਾ ਚੰਗਾ ਲੱਗਿਆ,
35 ਪਰ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਰਹਿ ਕੇ ਹੋਰ ਬਹੁਤਿਆਂ ਦੇ ਨਾਲ ਪ੍ਰਭੂ ਦਾ ਬਚਨ ਸਿਖਾਉਂਦੇ ਅਤੇ ਉਹ ਦੀ ਖੁਸ਼ਖਬਰੀ ਸੁਣਾਉਂਦੇ ਸਨ ।
36 ਕਈ ਦਿਨਾਂ ਪਿੱਛੋਂ ਪੌਲੁਸ ਨੇ ਬਰਨਬਾਸ ਨੂੰ ਆਖਿਆ ਕਿ ਆਉ ਹਰੇਕ ਨਗਰ ਵਿੱਚ ਜਿੱਥੇ ਅਸੀਂ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ, ਫਿਰ ਜਾ ਕੇ ਭਰਾਵਾਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ ।
37 ਅਤੇ ਬਰਨਬਾਸ ਦੀ ਇਹ ਸਲਾਹ ਹੋਈ ਜੋ ਅਸੀਂ ਯੂਹੰਨਾ ਨੂੰ ਜਿਸ ਨੂੰ ਮਰਕੁਸ ਵੀ ਕਹਿੰਦੇ ਹਨ ਆਪਣੇ ਨਾਲ ਲੈ ਚੱਲੀਏ ।
38 ਪਰ ਪੌਲੁਸ ਨੂੰ ਇਹ ਚੰਗਾ ਨਾ ਲੱਗਿਆ ਕਿ ਉਹ ਨੂੰ ਨਾਲ ਲੈ ਚੱਲੀਏ, ਜਿਹੜਾ ਪਮਫ਼ੁਲਿਯਾ ਤੋਂ ਉਨ੍ਹਾਂ ਕੋਲੋਂ ਅੱਡ ਹੋਇਆ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ ।
39 ਤਦ ਉਨ੍ਹਾਂ ਵਿੱਚ ਅਜਿਹਾ ਵਿਵਾਦ ਹੋਇਆ ਕਿ ਉਹ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕੁਪਰੁਸ ਨੂੰ ਚੱਲਿਆ ਗਿਆ ।
40 ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਜਦੋਂ ਭਰਾਵਾਂ ਦੇ ਕੋਲੋਂ ਪਰਮੇਸ਼ੁਰ ਦੀ ਕਿਰਪਾ ਵਿੱਚ ਸੌਂਪਿਆ ਗਿਆ ਤਾਂ ਉਹ ਤੁਰ ਪਿਆ ।
41 ਅਤੇ ਸੀਰਿਯਾ ਅਤੇ ਕਿਲਕਿਯਾ ਵਿੱਚ ਫ਼ਿਰਦਿਆਂ ਹੋਇਆਂ ਉਸ ਨੇ ਕਲੀਸਿਯਾ ਨੂੰ ਮਜ਼ਬੂਤ ਕੀਤਾ ।