2 Chronicles 27 in Panjabi

1 ਯੋਥਾਮ ਪੰਝੀਆਂ ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਸੋਲ਼ਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ । ਉਹ ਦੀ ਮਾਤਾ ਦਾ ਨਾਮ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ

2 ਉਹ ਸੱਭੋ ਕੁਝ ਜੋ ਉਹ ਦੇ ਪਿਉ ਉਜ਼ੀਯਾਹ ਨੇ ਕੀਤਾ ਸੀ ਉਵੇਂ ਹੀ ਉਹ ਨੇ ਵੀ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਪਰ ਉਹ ਯਹੋਵਾਹ ਦੀ ਹੈਕਲ ਵਿੱਚ ਨਾ ਵੜਿਆ ਅਤੇ ਅਜੇ ਤੱਕ ਲੋਕੀ ਵਿਗੜੀ ਚਾਲ ਚੱਲਦੇ ਸਨ

3 ਉਸ ਨੇ ਯਹੋਵਾਹ ਦੇ ਭਵਨ ਦਾ ਉੱਪਰਲਾ ਦਰ ਬਣਾਇਆ ਅਤੇ ਓਫਲ ਦੀ ਕੰਧ ਉੱਤੇ ਉਸ ਨੇ ਬਹੁਤ ਕੁਝ ਬਣਾਇਆ

4 ਉਸ ਨੇ ਯਹੂਦਾਹ ਦੇ ਪਹਾੜ ਵਿੱਚ ਸ਼ਹਿਰ ਬਣਾਏ ਅਤੇ ਜੰਗਲਾਂ ਵਿੱਚ ਕੋਟ ਤੇ ਬੁਰਜ ਬਣਵਾਏ

5 ਉਹ ਅੰਮੋਨੀਆਂ ਦੇ ਰਾਜਾ ਨਾਲ ਵੀ ਲੜਿਆ ਅਤੇ ਉਨ੍ਹਾਂ ਨੂੰ ਜਿੱਤਿਆ ਅਤੇ ਉਸੇ ਸਾਲ ਅੰਮੋਨੀਆਂ ਨੇ ਇੱਕ ਸੌ ਕਿਨਤਾਰ ਚਾਂਦੀ ਅਤੇ ਪੰਝੱਤਰ ਹਜ਼ਾਰ ਮਣ ਕਣਕ ਅਤੇ ਪੰਝੱਤਰ ਹਜ਼ਾਰ ਮਣ ਜੌਂ ਉਹ ਨੂੰ ਦਿੱਤੇ ਅਤੇ ਉੱਨਾ ਹੀ ਅੰਮੋਨੀਆਂ ਨੇ ਦੂਜੇ ਅਤੇ ਤੀਜੇ ਸਾਲ ਵੀ ਉਹ ਨੂੰ ਦਿੱਤਾ

6 ਸੋ ਯੋਥਾਮ ਬਲਵਾਨ ਹੋ ਗਿਆ ਕਿਉਂ ਜੋ ਉਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਰਾਹ ਠੀਕ ਕੀਤੇ ਸਨ

7 ਅਤੇ ਯੋਥਾਮ ਦੇ ਬਾਕੀ ਕੰਮ ਅਤੇ ਉਹ ਦੀਆਂ ਸਾਰੀਆਂ ਲੜਾਈਆਂ ਅਤੇ ਉਹ ਦੇ ਵਰਤਾਓ ਵੇਖੋ, ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ

8 ਉਹ ਪੱਚੀਆਂ ਸਾਲਾਂ ਦਾ ਸੀ ਜਦੋਂ ਰਾਜ ਕਰਨ ਲੱਗਾ ਅਤੇ ਉਹ ਨੇ ਸੋਲ਼ਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ

9 ਅਤੇ ਯੋਥਾਮ ਮਰ ਕੇ ਆਪਣੇ ਪਿਉ-ਦਾਦਿਆਂ ਨਾਲ ਮਿਲ ਗਿਆ, ਉਨ੍ਹਾਂ ਨੇ ਉਹ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਅਤੇ ਉਹ ਦਾ ਪੁੱਤਰ ਆਹਾਜ਼ ਉਹ ਦੇ ਥਾਂ ਰਾਜ ਕਰਨ ਲੱਗਾ ।