1 Samuel 18 in Panjabi

1 ਅਜਿਹਾ ਹੋਇਆ ਜਦ ਉਹ ਨੇ ਸ਼ਾਊਲ ਨਾਲ ਗੱਲ ਕਰ ਲਈ ਤਾਂ ਯੋਨਾਥਾਨ ਦਾ ਜੀਅ ਦਾਊਦ ਦੇ ਨਾਲ ਇਸ ਤਰ੍ਹਾਂ ਮਿਲ ਗਿਆ ਕਿ ਯੋਨਾਥਾਨ ਨੇ ਉਹ ਨੂੰ ਆਪਣਾ ਮਿੱਤਰ ਬਣਾਇਆ ।

2 ਸ਼ਾਊਲ ਨੇ ਉਸ ਦਿਨ ਤੋਂ ਉਹ ਨੂੰ ਆਪਣੇ ਕੋਲ ਰੱਖਿਆ ਅਤੇ ਫੇਰ ਉਹ ਨੂੰ ਉਹ ਦੇ ਪਿਤਾ ਦੇ ਘਰ ਨਾ ਮੁੜਨ ਦਿੱਤਾ ।

3 ਯੋਨਾਥਾਨ ਨੇ ਦਾਊਦ ਨਾਲ ਆਪਸ ਵਿੱਚ ਨੇਮ ਬੰਨ੍ਹਿਆ ਕਿਉਂ ਜੋ ਉਹ ਉਸ ਨੂੰ ਆਪਣੇ ਪ੍ਰਾਣਾਂ ਦੇ ਸਮਾਨ ਪਿਆਰਾ ਜਾਣਦਾ ਸੀ ।

4 ਯੋਨਾਥਾਨ ਨੇ ਆਪਣਾ ਚੋਗਾ ਲਾਹ ਕੇ ਆਪਣੀ ਤਲਵਾਰ, ਧਣੁਖ ਪਟਕੇ ਨਾਲ, ਆਪਣੇ ਕੱਪੜੇ ਵੀ ਦਾਊਦ ਨੂੰ ਦੇ ਦਿੱਤੇ ।

5 ਜਿੱਥੇ ਕਿਤੇ ਸ਼ਾਊਲ ਉਹ ਨੂੰ ਭੇਜਦਾ ਸੀ, ਉੱਥੇ ਦਾਊਦ ਜਾਂਦਾ ਸੀ ਅਤੇ ਸਫ਼ਲ ਹੁੰਦਾ ਸੀ ਅਜਿਹਾ ਜੋ ਸ਼ਾਊਲ ਨੇ ਉਹ ਨੂੰ ਜੋਧਿਆਂ ਉੱਤੇ ਸਰਦਾਰ ਬਣਾਇਆ ਅਤੇ ਉਹ ਸਾਰੇ ਲੋਕਾਂ ਦੇ ਸਾਹਮਣੇ ਅਤੇ ਸ਼ਾਊਲ ਦੇ ਸੇਵਕਾਂ ਦੇ ਸਾਹਮਣੇ ਵੀ ਮੰਨਿਆ ਪਰਮੰਨਿਆ ਹੋਇਆ ਸੀ ।

6 ਉਹ ਇਸਤਰੀਆਂ ਗਾਉਂਦੀਆਂ ਨੱਚਦੀਆਂ ਅਨੰਦ ਨਾਲ ਡੱਫ਼ਾਂ ਅਤੇ ਚਿਕਾਰੇ ਵਜਾਉਂਦੀਆਂ ਹੋਈਆਂ ਸ਼ਾਊਲ ਰਾਜਾ ਦੇ ਮਿਲਣ ਨੂੰ ਨਿੱਕਲੀਆਂ ।

7 ਅਤੇ ਉਨ੍ਹਾਂ ਇਸਤਰੀਆਂ ਨੇ ਵਜਾਉਂਦੇ ਹੋਏ ਵਾਰੋ-ਵਾਰੀ ਗਾ ਕੇ ਆਖਿਆ, ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਲੱਖਾਂ ਨੂੰ !

8 ਤਦ ਸ਼ਾਊਲ ਨੂੰ ਬਹੁਤ ਕ੍ਰੋਧ ਆਇਆ ਅਤੇ ਇਹ ਗੱਲ ਉਸ ਨੂੰ ਬੁਰੀ ਲੱਗੀ ਅਤੇ ਉਹ ਬੋਲਿਆ, ਉਨ੍ਹਾਂ ਨੇ ਦਾਊਦ ਦੇ ਲਈ ਲੱਖਾਂ ਪਰ ਮੇਰੇ ਲਈ ਹਜ਼ਾਰਾਂ ਠਹਿਰਾਏ ! ਬੱਸ, ਹੁਣ ਰਾਜ ਤੋਂ ਬਿਨ੍ਹਾਂ ਹੋਰ ਉਹ ਨੂੰ ਕੀ ਮਿਲਣਾ ਬਾਕੀ ਹੈ ?

9 ਉਸ ਦਿਨ ਤੋਂ ਬਾਅਦ ਦਾਊਦ ਸ਼ਾਊਲ ਦੀ ਅੱਖ ਵਿੱਚ ਰੜਕਣ ਲੱਗਾ ।

10 ਅਗਲੇ ਦਿਨ ਅਜਿਹਾ ਹੋਇਆ ਜੋ ਪਰਮੇਸ਼ੁਰ ਵੱਲੋਂ ਉਹ ਦੁਸ਼ਟ-ਆਤਮਾ ਸ਼ਾਊਲ ਉੱਤੇ ਆਇਆ । ਤਦ ਉਹ ਘਰ ਵਿੱਚ ਅਗੰਮ ਵਾਕ ਕਰਨ ਲੱਗ ਪਿਆ ਅਤੇ ਦਾਊਦ ਨੇ ਉਹ ਦੇ ਸਾਹਮਣੇ ਪਹਿਲਾਂ ਵਾਂਗੂੰ ਹੱਥ ਨਾਲ ਵਜਾਇਆ । ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਇੱਕ ਭਾਲਾ ਸੀ ।

11 ਤਦ ਸ਼ਾਊਲ ਨੇ ਭਾਲਾ ਸੁੱਟ ਕੇ ਆਖਿਆ, ਮੈਂ ਦਾਊਦ ਨੂੰ ਕੰਧ ਨਾਲ ਵਿੰਨ ਦਿਆਂਗਾ ਪਰ ਦਾਊਦ ਉਹ ਦੇ ਸਾਹਮਣਿਓਂ ਦੂਜੀ ਵਾਰੀ ਵੀ ਬਚ ਨਿੱਕਲਿਆ ।

12 ਸ਼ਾਊਲ ਦਾਊਦ ਕੋਲੋਂ ਡਰਦਾ ਸੀ ਕਿਉਂ ਜੋ ਯਹੋਵਾਹ ਉਹ ਦੇ ਨਾਲ ਸੀ ਅਤੇ ਸ਼ਾਊਲ ਕੋਲੋਂ ਵੱਖਰਾ ਹੋ ਗਿਆ ।

13 ਇਸ ਲਈ ਸ਼ਾਊਲ ਨੇ ਉਹ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਉਹ ਨੂੰ ਹਜ਼ਾਰਾਂ ਦਾ ਸਰਦਾਰ ਬਣਾਇਆ ਅਤੇ ਉਹ ਲੋਕਾਂ ਦੇ ਸਾਹਮਣੇ ਆਉਂਦਾ ਜਾਂਦਾ ਸੀ ।

14 ਦਾਊਦ ਆਪਣੇ ਸਾਰੇ ਰਾਹਾਂ ਵਿੱਚ ਸਫ਼ਲ ਹੁੰਦਾ ਸੀ ਅਤੇ ਯਹੋਵਾਹ ਉਹ ਦੇ ਨਾਲ ਸੀ ।

15 ਸੋ ਜਦ ਸ਼ਾਊਲ ਨੇ ਦੇਖਿਆ ਜੋ ਉਹ ਵੱਡੀ ਸਫ਼ਲਤਾ ਨਾਲ ਚਲਦਾ ਹੈ ਤਾਂ ਉਸ ਕੋਲੋਂ ਡਰਨ ਲੱਗ ਪਿਆ ।

16 ਪਰ ਸਾਰਾ ਇਸਰਾਏਲ ਅਤੇ ਯਹੂਦਾਹ ਦਾਊਦ ਨਾਲ ਪਿਆਰ ਕਰਦਾ ਸੀ ਕਿਉਂ ਜੋ ਉਹ ਉਹਨਾਂ ਦੇ ਅੱਗੇ ਆਉਂਦਾ ਜਾਂਦਾ ਹੁੰਦਾ ਸੀ ।

17 ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਵੇਖ ਮੇਰੀ ਵੱਡੀ ਧੀ ਮੇਰਬ ਹੈ । ਮੈਂ ਉਹਦਾ ਵਿਆਹ ਤੇਰੇ ਨਾਲ ਕਰ ਦਿਆਂਗਾ । ਤੂੰ ਸਿਰਫ਼ ਮੇਰੇ ਲਈ ਸੂਰਬੀਰ ਬਣ ਕੇ ਯਹੋਵਾਹ ਦੇ ਲਈ ਲੜਾਈ ਕਰ ਕਿਉਂ ਜੋ ਸ਼ਾਊਲ ਨੇ ਮਨ ਵਿੱਚ ਆਖਿਆ, ਕਿ ਉਹ ਦੇ ਉੱਤੇ ਮੇਰਾ ਹੱਥ ਨਾ ਚੱਲੇ ਸਗੋਂ ਉਹ ਦੇ ਉੱਤੇ ਫ਼ਲਿਸਤੀਆਂ ਦਾ ਹੱਥ ਹੀ ਚੱਲੇ ।

18 ਪਰ ਦਾਊਦ ਨੇ ਸ਼ਾਊਲ ਨੂੰ ਆਖਿਆ, ਮੈਂ ਹਾਂ ਕੌਣ ਅਤੇ ਮੇਰਾ ਜੀਵਨ ਕੀ ਹੈ ਅਤੇ ਇਸਰਾਏਲ ਵਿੱਚ ਮੇਰੇ ਪਿਤਾ ਦਾ ਟੱਬਰ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾਂ ?

19 ਪਰ ਅਜਿਹਾ ਹੋਇਆ ਜਦ ਉਹ ਵੇਲਾ ਆਇਆ ਜੋ ਸ਼ਾਊਲ ਦੀ ਧੀ ਮੇਰਬ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਥੀ ਅਦਰੀਏਲ ਨਾਲ ਵਿਆਹੀ ਗਈ ।

20 ਅਤੇ ਸ਼ਾਊਲ ਦੀ ਧੀ ਮੀਕਲ ਦਾਊਦ ਨਾਲ ਪ੍ਰੇਮ ਕਰਨ ਲੱਗੀ ਸੋ ਉਨ੍ਹਾਂ ਨੇ ਸ਼ਾਊਲ ਨੂੰ ਖ਼ਬਰ ਦਿੱਤੀ ਅਤੇ ਇਸ ਗੱਲ ਕਰਕੇ ਉਹ ਰਾਜ਼ੀ ਹੋਇਆ ।

21 ਤਦ ਸ਼ਾਊਲ ਨੇ ਆਖਿਆ, ਮੈਂ ਉਹ ਨੂੰ ਉਸ ਨਾਲ ਵਿਆਹਵਾਂਗਾ ਜੋ ਉਹ ਦੇ ਲਈ ਫਾਹੀ ਹੋਵੇ ਅਤੇ ਫ਼ਲਿਸਤੀਆਂ ਦਾ ਹੱਥ ਉਹ ਦੇ ਉੱਤੇ ਆਣ ਪਵੇ ਸੋ ਸ਼ਾਊਲ ਨੇ ਦਾਊਦ ਨੂੰ ਆਖਿਆ, ਭਈ ਇਸ ਤਰ੍ਹਾਂ ਤੂੰ ਅੱਜ ਹੀ ਮੇਰਾ ਜਵਾਈ ਬਣ ਜਾਵੇਂਗਾ ।

22 ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ ਕਿ ਦਾਊਦ ਨਾਲ ਹੌਲੀ ਜੇਹੇ ਗੱਲ ਕਰੋ ਅਤੇ ਆਖੋ, ਵੇਖ, ਰਾਜਾ ਤੇਰੇ ਨਾਲ ਰਾਜ਼ੀ ਹੈ ਅਤੇ ਉਸ ਦੇ ਸਾਰੇ ਸੇਵਕ ਤੈਨੂੰ ਪਿਆਰ ਕਰਦੇ ਹਨ । ਹੁਣ ਤੂੰ ਰਾਜਾ ਦਾ ਜਵਾਈ ਬਣ ।

23 ਤਦ ਸ਼ਾਊਲ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਕਹਿ ਸੁਣਾਈਆਂ ਅਤੇ ਦਾਊਦ ਬੋਲਿਆ, ਭਲਾ, ਇਹ ਤੁਹਾਨੂੰ ਕੋਈ ਛੋਟੀ ਜਿਹੀ ਗੱਲ ਦਿੱਸਦੀ ਹੈ ਜੋ ਮੈਂ ਰਾਜਾ ਦਾ ਜਵਾਈ ਬਣਾਂ ਕਿਉਂ ਜੋ ਮੈਂ ਕੰਗਾਲ ਅਤੇ ਤੁੱਛ ਮਨੁੱਖ ਹਾਂ ?

24 ਤਾਂ ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਖ਼ਬਰ ਦਿੱਤੀ ਕਿ ਦਾਊਦ ਇਉਂ ਆਖਦਾ ਹੈ ।

25 ਤਦ ਸ਼ਾਊਲ ਨੇ ਆਖਿਆ, ਤੁਸੀਂ ਦਾਊਦ ਨੂੰ ਆਖੋ ਕਿ ਰਾਜਾ ਕਿਸੇ ਤਰ੍ਹਾਂ ਦੀ ਕੀਮਤ ਨਹੀਂ ਮੰਗਦਾ ਸਗੋਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਇਸ ਲਈ ਜੋ ਰਾਜਾ ਦੇ ਵੈਰੀਆਂ ਤੋਂ ਬਦਲਾ ਲਿਆ ਜਾਵੇ । ਪਰ ਸ਼ਾਊਲ ਇਹ ਚਾਹੁੰਦਾ ਸੀ ਕਿ ਫ਼ਲਿਸਤੀਆਂ ਦੇ ਰਾਹੀਂ ਦਾਊਦ ਨੂੰ ਮਰਵਾ ਦੇਵੇ ।

26 ਜਦ ਉਹ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਆਖੀਆਂ, ਤਾਂ ਦਾਊਦ ਨੂੰ ਇਹ ਗੱਲ ਚੰਗੀ ਲੱਗੀ ਜੋ ਰਾਜਾ ਦਾ ਜਵਾਈ ਬਣਾਂ, ਕੁਝ ਦਿਨ ਰਹਿ ਗਏ ਸਨ ।

27 ਤਦ ਦਾਊਦ ਉੱਠਿਆ ਅਤੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਤੁਰਿਆ ਅਤੇ ਦੋ ਸੌ ਫ਼ਲਿਸਤੀ ਮਾਰੇ ਅਤੇ ਦਾਊਦ ਉਨ੍ਹਾਂ ਦੀਆਂ ਖਲੜੀਆਂ ਲੈ ਆਇਆ ਅਤੇ ਉਨ੍ਹਾਂ ਨੇ ਉਹ ਸਾਰਾ ਲੇਖਾ ਪੂਰਾ ਕਰਕੇ ਰਾਜੇ ਦੇ ਅੱਗੇ ਰੱਖ ਦਿੱਤੀਆਂ ਜੋ ਉਹ ਰਾਜੇ ਦਾ ਜਵਾਈ ਬਣੇ ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਹ ਨੂੰ ਵਿਆਹ ਦਿੱਤੀ ।

28 ਇਹ ਵੇਖ ਕੇ ਸ਼ਾਊਲ ਨੇ ਜਾਣ ਲਿਆ ਜੋ ਯਹੋਵਾਹ ਦਾਊਦ ਦੇ ਸੰਗ ਹੈ ਅਤੇ ਉਸ ਦੀ ਦੀ ਧੀ ਮੀਕਲ, ਦਾਊਦ ਦੇ ਨਾਲ ਪਿਆਰ ਕਰਦੀ ਸੀ ।

29 ਤਦ ਸ਼ਾਊਲ ਦਾਊਦ ਤੋਂ ਹੋਰ ਵੀ ਡਰ ਗਿਆ ਅਤੇ ਸ਼ਾਊਲ ਦਾਊਦ ਦਾ ਸਦਾ ਲਈ ਵੈਰੀ ਬਣ ਗਿਆ ।

30 ਤਦ ਫ਼ਲਿਸਤੀਆਂ ਦੇ ਸਰਦਾਰ ਬਾਹਰ ਨਿੱਕਲ ਆਏ ਅਤੇ ਜਦ ਉਹ ਨਿੱਕਲ ਆਏ ਤਾਂ ਸ਼ਾਊਲ ਦੇ ਸੇਵਕਾਂ ਨਾਲੋਂ ਦਾਊਦ ਨੂੰ ਵੱਧ ਸਫ਼ਲਤਾ ਪ੍ਰਾਪਤ ਹੋਈ ਸੋ ਉਹ ਦਾ ਨਾਮ ਬਹੁਤ ਆਦਰ ਪਾ ਗਿਆ ।