1 Samuel 13 in Panjabi

1 ਸ਼ਾਊਲ ਤੀਹ ਸਾਲ ਦਾ ਸੀ ਜਦ ਉਹ ਰਾਜ ਕਰਨ ਲੱਗਾ, ਅਤੇ ਉਸ ਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ ।

2 ਤਦ ਸ਼ਾਊਲ ਨੇ ਇਸਰਾਏਲ ਦੇ ਤਿੰਨ ਹਜ਼ਾਰ ਮਨੁੱਖਾਂ ਨੂੰ ਆਪਣੇ ਲਈ ਚੁਣ ਲਿਆ, ਦੋ ਹਜ਼ਾਰ ਮਿਕਮਾਸ਼ ਵਿੱਚ, ਬੈਤੇਲ ਦੇ ਪਹਾੜ ਵਿੱਚ ਸ਼ਾਊਲ ਦੇ ਨਾਲ ਰਹੇ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਗਿਬਆਹ ਵਿੱਚ ਯੋਨਾਥਾਨ ਦੇ ਨਾਲ ਰਹੇ । ਉਸ ਨੇ ਬਾਕੀ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਾ ਕੀਤਾ ।

3 ਯੋਨਾਥਾਨ ਨੇ ਫ਼ਲਿਸਤੀਆਂ ਦੀ ਚੌਂਕੀ ਦੇ ਸਿਪਾਹੀਆਂ ਨੂੰ ਜੋ ਗਿਬਆਹ ਵਿੱਚ ਸਨ ਮਾਰਿਆ, ਇਹ ਗੱਲ ਜਦੋਂ ਫ਼ਲਿਸਤੀਆਂ ਨੇ ਸੁਣੀ ਅਤੇ ਸ਼ਾਊਲ ਨੇ ਤੁਰ੍ਹੀ ਦੀ ਆਵਾਜ਼ ਨਾਲ ਸਾਰੇ ਦੇਸ ਵਿੱਚ ਮੁਨਾਦੀ ਸੁਣਾਈ, ਜੋ ਇਬਰਾਨੀ ਸੁਣ ਲੈਣ !

4 ਅਤੇ ਇਹ ਗੱਲ ਸਾਰੇ ਇਸਰਾਏਲ ਨੇ ਸੁਣੀ ਜੋ ਸ਼ਾਊਲ ਨੇ ਫ਼ਲਿਸਤੀਆਂ ਦੀ ਇੱਕ ਚੌਂਕੀ ਦੇ ਸਿਪਾਹੀ ਮਾਰ ਸੁੱਟੇ ਅਤੇ ਜੋ ਫ਼ਲਿਸਤੀਆਂ ਦੀ ਨਜ਼ਰ ਵਿੱਚ ਇਸਰਾਏਲੀ ਵੀ ਘਿਣਾਉਣੇ ਹੋ ਗਏ ਅਤੇ ਸ਼ਾਊਲ ਕੋਲ ਗਿਲਗਾਲ ਵਿੱਚ ਇਕੱਠੇ ਹੋਏ ।

5 ਫ਼ਲਿਸਤੀ ਵੀ ਇਸਰਾਏਲ ਨਾਲ ਲੜ੍ਹਾਈ ਕਰਨ ਲਈ ਇਕੱਠੇ ਹੋਏ । ਉਨ੍ਹਾਂ ਕੋਲ ਤੀਹ ਹਜ਼ਾਰ ਰੱਥ ਅਤੇ ਛੇ ਹਜ਼ਾਰ ਸਵਾਰ ਸਨ ਅਤੇ ਸਮੁੰਦਰ ਦੀ ਰੇਤ ਦੀ ਤਰ੍ਹਾਂ ਬਹੁਤੇ ਲੋਕ ਸਨ । ਸੋ ਉਹਨਾਂ ਚੜ੍ਹਾਈ ਕੀਤੀ ਅਤੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿੱਚ ਡੇਰੇ ਲਾਏ ।

6 ਜਦ ਇਸਰਾਏਲੀਆਂ ਨੇ ਦੇਖਿਆ ਜੋ ਅਸੀਂ ਮੁਸ਼ਕਿਲ ਵਿੱਚ ਹਾਂ ਇਸ ਲਈ ਉਹ ਲੋਕ ਗੁਫਾਵਾਂ, ਝਾੜੀਆਂ, ਚੱਟਾਨਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁੱਕੇ ।

7 ਕਈ ਇਬਰਾਨੀ ਯਰਦਨੋਂ ਪਾਰ ਗਾਦ ਅਤੇ ਗਿਲਆਦ ਦੇ ਦੇਸ ਨੂੰ ਚੱਲੇ ਗਏ, ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ, ਅਤੇ ਉਹ ਸਭ ਲੋਕ ਕੰਬਦੇ ਹੋਏ ਉਹਨਾਂ ਦੇ ਪਿੱਛੇ ਚੱਲ ਪਏ ।

8 ਉਹ ਉੱਥੇ ਸਮੂਏਲ ਦੇ ਠਹਿਰਾਏ ਹੋਏ ਸਮੇਂ ਦੇ ਅਨੁਸਾਰ, ਸੱਤਾਂ ਦਿਨਾਂ ਤੱਕ ਉਡੀਕ ਕਰਦਾ ਰਿਹਾ, ਪਰ ਸਮੂਏਲ ਗਿਲਗਲ ਵਿੱਚ ਨਾ ਆਇਆ ਅਤੇ ਸਾਰੇ ਲੋਕ ਉਹ ਦੇ ਕੋਲੋਂ ਇੱਧਰ-ਉੱਧਰ ਹੋ ਗਏ ।

9 ਤਦ ਸ਼ਾਊਲ ਨੇ ਆਖਿਆ, ਹੋਮ ਦੀ ਬਲੀ ਅਤੇ ਸੁੱਖ-ਸਾਂਦ ਦੀ ਭੇਟ ਮੇਰੇ ਕੋਲ ਲੈ ਆਓ ਅਤੇ ਉਸ ਨੇ ਹੋਮ ਦੀ ਬਲੀ ਚੜ੍ਹਾਈ ।

10 ਅਤੇ ਜਿਸ ਵੇਲੇ ਉਹ ਹੋਮ ਦੀ ਬਲੀ ਚੜ੍ਹਾ ਚੁੱਕਾ ਤਾਂ ਵੇਖੋ, ਸਮੂਏਲ ਵੀ ਪਹੁੰਚ ਗਿਆ ਅਤੇ ਸ਼ਾਊਲ ਉਸ ਨੂੰ ਮਿਲਣ ਲਈ ਉਸ ਦੀ ਸੁੱਖ-ਸਾਂਦ ਪੁੱਛਣ ਨਿੱਕਲਿਆ ।

11 ਸਮੂਏਲ ਨੇ ਪੁੱਛਿਆ, ਤੂੰ ਕੀ ਕੀਤਾ ? ਸ਼ਾਊਲ ਬੋਲਿਆ, ਮੈਂ ਜਦੋਂ ਵੇਖਿਆ ਕਿ ਲੋਕ ਮੇਰੇ ਕੋਲੋਂ ਇੱਧਰ-ਉੱਧਰ ਹੋ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇੱਕਠੇ ਹੋਏ ।

12 ਤਦ ਮੈਂ ਆਖਿਆ ਜੋ ਫ਼ਲਿਸਤੀ ਮੇਰੇ ਉੱਤੇ ਗਿਲਗਾਲ ਵਿੱਚ ਹਮਲਾ ਕਰਨਗੇ ਅਤੇ ਮੈਂ ਹੁਣ ਤੱਕ ਯਹੋਵਾਹ ਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ ਇਸ ਲਈ ਮੈਂ ਨਾ ਚਾਹੁੰਦੇ ਹੋਏ ਵੀ ਹੋਮ ਦੀ ਬਲੀ ਚੜ੍ਹਾਈ ।

13 ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੂੰ ਮੂਰਖਤਾਈ ਕੀਤੀ ਹੈ ਕਿਉਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ ਜੋ ਉਸ ਨੇ ਤੈਨੂੰ ਦਿੱਤੀ ਸੀ, ਨਹੀਂ ਤਾਂ ਯਹੋਵਾਹ ਹੁਣ ਤੋਂ ਸਦੀਪਕ ਕਾਲ ਤੱਕ ਤੇਰਾ ਰਾਜ ਇਸਰਾਏਲ ਵਿੱਚ ਠਹਿਰਾ ਦਿੰਦਾ ।

14 ਹੁਣ ਤੇਰਾ ਰਾਜ ਕਾਇਮ ਨਾ ਰਹੇਗਾ ਕਿਉਂ ਜੋ ਯਹੋਵਾਹ ਨੇ ਇੱਕ ਆਪਣੇ ਮਨ ਦੇ ਅਨੁਸਾਰ ਮਨੁੱਖ ਨੂੰ ਲੱਭ ਲਿਆ ਅਤੇ ਯਹੋਵਾਹ ਨੇ ਆਪਣੇ ਲੋਕਾਂ ਦਾ ਪਰਧਾਨ ਬਣਨ ਲਈ ਉਹ ਨੂੰ ਆਗਿਆ ਕੀਤੀ ਕਿਉਂ ਜੋ ਤੂੰ ਯਹੋਵਾਹ ਦੀ ਆਗਿਆ ਨੂੰ ਨਹੀਂ ਮੰਨਿਆ, ਜੋ ਉਸ ਨੇ ਤੈਨੂੰ ਦਿੱਤੀ ਸੀ ।

15 ਸਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਗਿਆ । ਤਦ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਗਿਣਿਆ ਜੋ ਉਹ ਦੇ ਕੋਲ ਸਨ, ਅਤੇ ਉਹ ਮਨੁੱਖ ਲਗਭਗ ਛੇ ਸੌ ਸਨ ।

16 ਅਤੇ ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਅਤੇ ਉਨ੍ਹਾਂ ਦੇ ਨਾਲ ਦੇ ਲੋਕ ਬਿਨਯਾਮੀਨ ਦੇ ਗਿਬਆਹ ਵਿੱਚ ਰਹੇ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਡੇਰੇ ਲਾਈ ਬੈਠੇ ਸਨ ।

17 ਫ਼ਲਿਸਤੀਆਂ ਦੇ ਦਲ ਤੋਂ ਲੁਟੇਰੇ ਤਿੰਨ ਟੋਲੀਆਂ ਬਣਾ ਕੇ ਨਿੱਕਲੇ । ਇੱਕ ਟੋਲੀ ਸ਼ੂਆਲ ਦੇ ਦੇਸ ਨੂੰ ਓਫਰਾਹ ਦੇ ਰਾਹ ਵੱਲ ਗਈ ।

18 ਦੂਜੀ ਟੋਲੀ ਬੈਤ-ਹੋਰੋਨ ਦੇ ਰਾਹ ਆਈ ਅਤੇ ਤੀਜੀ ਟੋਲੀ ਉਸ ਬੰਨੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਖੱਡ ਦੇ ਉੱਤੇ ਉਜਾੜ ਦੇ ਪਾਸੇ ਸੀ ।

19 ਉਸ ਵੇਲੇ ਇਸਰਾਏਲ ਦੇ ਸਾਰੇ ਦੇਸ ਵਿੱਚ ਇੱਕ ਲੁਹਾਰ ਵੀ ਨਹੀਂ ਮਿਲਦਾ ਸੀ, ਕਿਉਂ ਜੋ ਫ਼ਲਿਸਤੀਆਂ ਨੇ ਆਖਿਆ ਸੀ, ਅਜਿਹਾ ਨਾ ਹੋਵੇ ਜੋ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਣਾਉਣ,

20 ਸਗੋਂ ਸਾਰੇ ਇਸਰਾਏਲੀ ਫ਼ਲਿਸਤੀਆਂ ਦੇ ਕੋਲ ਸੱਭੇ ਆਪੋ ਆਪਣੇ ਹਲ ਫਾਲੇ ਅਤੇ ਆਪਣੀ ਕਹੀ ਅਤੇ ਆਪਣਾ ਕੁਹਾੜਾ ਅਤੇ ਆਪਣੀ ਦਾਤੀ ਤਿੱਖੇ ਕਰਾਉਣ ਲਈ ਜਾਂਦੇ ਸਨ ।

21 ਪਰ ਦਾਤੀਆਂ, ਹੱਲ੍ਹ ਫਾਲਾਂ, ਤ੍ਰਿਸ਼ੂਲ ਅਤੇ ਕੁਹਾੜਿਆਂ ਦੇ ਲਈ ਅਤੇ ਆਰਾਂ ਨੂੰ ਤਿੱਖਿਆਂ ਕਰਨ ਲਈ ਉਨ੍ਹਾਂ ਕੋਲ ਰੇਤੀਆਂ ਸਨ ।

22 ਇਸ ਲਈ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ, ਕਿਸੇ ਦੇ ਹੱਥ ਵਿੱਚ ਇੱਕ ਤਲਵਾਰ ਅਤੇ ਇੱਕ ਬਰਛੀ ਵੀ ਨਹੀਂ ਸੀ, ਪਰ ਉਹ ਸ਼ਾਊਲ ਅਤੇ ਉਹ ਦੇ ਪੁੱਤਰ ਯੋਨਾਥਾਨ ਦੇ ਕੋਲ ਸਨ ।

23 ਤਦ ਫ਼ਲਿਸਤੀਆਂ ਦੀ ਚੋਂਕੀ ਦੇ ਸਿਪਾਹੀ ਮਿਕਮਾਸ਼ ਦੀ ਘਾਟੀ ਤੱਕ ਪਹੁੰਚ ਗਏ ।